ਝੋਨੇ ਦੀ ਪਰਾਲੀ ਦਾ ਸੁਚੱਜੇ ਢੰਗ ਨਾਲ ਪ੍ਰਬੰਧਨ ਕਰ ਰਿਹੈ ਕਿਸਾਨ ਦੀਦਾਰਝੋਨੇ ਦੀ ਪਰਾਲੀ ਦਾ ਸੁਚੱਜੇ ਢੰਗ ਨਾਲ ਪ੍ਰਬੰਧਨ ਕਰ ਰਿਹੈ ਕਿਸਾਨ ਦੀਦਾਰ ਸਿੰਘ ਸਿੰਘ

 *6.5 ਏਕੜ ਜ਼ਮੀਨ ’ਤੇ ਝੋਨੇ ਦੀ ਸਿੱਧੀ ਬਿਜਾਈ ਕਰਕੇ ਕੀਤੀ ਮਿਸਾਲ ਪੇਸ਼

*ਪਿਛਲੇ 5 ਸਾਲ ਤੋਂ ਨਹੀਂ ਲਗਾਈ ਪਰਾਲੀ ਨੂੰ ਅੱਗ 
 

 ਗੁਰਜੰਟ ਸਿੰਘ ਬਾਜੇਵਾਲੀਆ
ਮਾਨਸਾ, 4 ਮਈ:ਅ/ਸਮੇ ਵਿੱਚ ਨੌਜਵਾਨਾਂ ਨੇ ਜਿੱਥੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ, ਉੱਥੇ ਹੀ ਖੇਤੀ ਦੇ ਖੇਤਰ ਵਿੱਚ ਵੀ ਨਵੇਂ ਢੰਗਾਂ ਅਤੇ ਨਵੀਂ ਤਕਨੀਕ ਨਾਲ ਖੇਤੀ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਹੋ ਜਿਹੀ ਇੱਕ ਉਦਾਹਰਣ ਜ਼ਿਲਾ ਮਾਨਸਾ ਦੇ ਪਿੰਡ ਭੈਣੀ ਬਾਘਾ ਦੇ ਪੜੇ ਲਿਖੇ ਨੌਜਵਾਨ ਦੀਦਾਰ ਸਿੰਘ ਵਿਚ ਵੇਖਣ ਨੂੰ ਮਿਲੀ ਹੈ।
ਕਿਸਾਨ ਦੀਦਾਰ ਸਿੰਘ ਨੇ ਆਪਣੀ ਜੱਦੀ 6.5 ਏਕੜ ਜ਼ਮੀਨ ’ਤੇ ਝੋਨੇ ਦੀ ਸਿੱਧੀ ਬਿਜਾਈ ਕਰਕੇ ਪਿੰਡ ਲਈ ਇੱਕ ਮਿਸਾਲ ਪੇਸ਼ ਕੀਤੀ ਹੈ। ਕਿਸਾਨ ਨੇ ਦੱਸਿਆ ਕਿ ਇਸ ਤਰਾਂ ਕਰਕੇ ਉਸ ਨੇ ਪਹਿਲਾਂ ਹੀ ਟਰੈਕਟਰ ਨਾਲ ਕੱਦੂ ਅਤੇ ਲੇਬਰ ਦਾ ਖਰਚਾ ਲਗਭਗ 28,000/- ਰੁਪਏ ਦੀ ਬੱਚਤ ਕਰ ਲਈ ਹੈ। ਉਸ ਨੇ ਦੱਸਿਆ ਕਿ ਉਹ ਲਗਭੱਗ ਪੰਜ ਸਾਲਾਂ ਤੋਂ ਲਗਾਤਾਰ ਹੁਣ ਤੱਕ ਪਰਾਲੀ ਨੂੰ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਹੈ ਅਤੇ ਪਰਾਲ ਦੀਆਂ ਗੰਢਾਂ ਬਣਾ ਕੇ ਆਪਣੇ ਨੇੜਲੇ ਪਿੰਡ ਖੋਖਰ ਖੁਰਦ ਵਿਖੇ ਪਰਾਲ ਨਾਲ ਚੱਲਣ ਵਾਲੇ ਤਾਪ ਘਰ ਵਿੱਚ ਭੇਜ ਰਿਹਾ ਹੈ। ਇਸ ਤੋਂ ਬਾਅਦ ਜੋ ਪਰਾਲ ਖੇਤ ਵਿੱਚ ਬਚ ਜਾਂਦਾ ਹੈ ਉਸਨੂੰ ਲੇਬਰ ਦੀ ਮਦਦ ਨਾਲ ਖੇਤ ਵਿੱਚੋ ਬਾਹਰ ਕੱਢ ਕੇ ਫੇਰ ਖੇਤ ਨੂੰ ਤਿਆਰ ਕਰਕੇ ਜ਼ੀਰੋ ਟਿਲ ਡਰਿਲ ਦੀ ਮਦਦ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ।
ਕਿਸਾਨ ਨੇ ਦੱਸਿਆ ਕਿ ਉਹ ਇਸ ਤੋਂ ਇਲਾਵਾ ਫਸਲ ’ਤੇ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਵੀ ਲੋੜ ਅੁਨਸਾਰ ਕਰਦਾ ਹੈ ਜਿਸ ਨਾਲ ਫਸਲ ’ਤੇ ਹੋਣ ਵਾਲਾ ਖਰਚਾ ਵੀ ਘੱਟ ਜਾਂਦਾ ਹੈ। ਸਮੇਂ ਸਮੇਂ ਤੇ ਖੇਤੀਬਾੜੀ ਵਿਭਾਗ ਦੀ ਸਲਾਹ ਵੀ ਲੈਂਦਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਪਿਛਲੇ ਸਾਲ ਪਰਾਲ ਨੂੰ ਬਿਨਾ ਅੱਗ ਲਗਾਏ ਬੀਜੀ ਕਣਕ ਤੋਂ ਲੱਗਭਗ 22 ਕੁਇੰਟਲ ਝਾੜ ਪ੍ਰਾਪਤ ਕੀਤਾ ਅਤੇ ਆਪਣੀ ਜ਼ਮੀਨ ਦੀ ਉਪਜਾਊ ਸਕਤੀ ਵੀ ਵਧਾਈ ਹੈ।
ਉਸ ਨੇ ਦੱਸਿਆ ਕਿ ਪਰਾਲੀ ਦਾ ਸੁਚੱਜੇ ਢੰਗ ਨਾਲ ਪ੍ਰਬੰਧ ਕਰਨ ਨਾਲ ਜਿੱਥੇ ਵਾਤਾਵਰਨ ਦੀ ਸੰਭਾਲ ਹੁੰਦੀ ਹੈ, ਉੱਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ। ਸਿਹਤ ਦੀ ਤੰਦਰੁਸਤੀ ਦਾ ਖਿਆਲ ਰੱਖਦਿਆਂ ਕਿਸਾਨ ਵੱਲੋਂ ਆਪਣੇ ਖੇਤ ਵਿੱਚ ਸਬਜੀਆਂ ਦੀ ਵੀ ਕਾਸ਼ਤ ਕੀਤੀ ਜਾਂਦੀ ਹੈ ਤਾਂ ਜੋ ਬਿਨਾ ਖਾਦ ਅਤੇ ਸਪਰੇਅ ਤੋਂ ਸਬਜੀਆਂ ਮਿਲ ਸਕਣ ਅਤੇ ਘਰ ਦਾ ਖਰਚਾ ਵੀ ਘੱਟ ਕੀਤਾ ਜਾ ਸਕੇ। ਇਸ ਤੋਂ ਇਲਾਵਾ ਦੀਦਾਰ ਸਿੰਘ ਲਿਖਣ ਦਾ ਸ਼ੌਂਕ ਵੀ ਰੱਖਦਾ ਹੈ ਅਤੇ ਉਸ ਨੇ ਪਰਾਲੀ ਨੂੰ ਸਾੜਨ ਦੇ ਜ਼ਮੀਨ ਅਤੇ ਲੋਕਾਂ ਦੀ ਸਿਹਤ ਨੂੰ ਨੁਕਸਾਨ ਸਬੰਧੀ ਵੀ ਕਾਫੀ ਕੁਝ ਲਿਖਿਆ ਹੈ, ਜਿਸ ਨੂੰ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਲੱਗ ਰਹੇ ਜ਼ਿਲਾ ਪੱਧਰੀ ਕੈਂਪਾਂ ਵਿੱਚ ਕਿਸਾਨਾਂ ਦੇ ਸਾਹਮਣੇ ਪੇਸ਼ ਕਰਕੇ ਕਿਸਾਨਾਂ ਨੂੰ ਪਰਾਲ ਨੂੰ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ।

Post a Comment

0 Comments