ਸਾਂਝਾ ਅਧਿਆਪਕ ਮੋਰਚਾ ਨੇ ਰੁਕੀਆਂ ਤਨਖਾਹਾਂ ਬਹਾਲ ਕਰਵਾਉਣ ਲਈ ਕੀਤਾ ਰੋਸ ਪ੍ਰਦਰਸ਼ਨ

ਜ਼ਿਲ੍ਹਾ ਬਰਨਾਲਾ ਦੇ ਸੈਂਕੜੇ ਅਧਿਆਪਕ ਦੋ ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸੇ  


ਬਰਨਾਲਾ13 ਮਈ ( ਕਰਨਪ੍ਰੀਤ ਧੰਦਰਾਲ   ) ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸ ਰਹੇ ਅਧਿਆਪਕਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਹੈ ਤੇ ਰੋਹ ਵਿੱਚ ਆਏ ਅਧਿਆਪਕਾਂ ਨੇ ਅੱਜ ਜਿਲ੍ਹਾ ਸਿੱਖਿਆ ਅਫਸਰ ਦੀ ਢਿੱਲੀ ਕਾਰਗੁਜ਼ਾਰੀ ਅਤੇ ਪੰਜਾਬ ਸਰਕਾਰ ਦੀ ਅਧਿਆਪਕਾਂ ਪ੍ਰਤੀ ਬੇਰੁਖੀ ਖਿਲਾਫ ਸਾਂਝਾ ਅਧਿਆਪਕ ਮੋਰਚਾ ਦੇ ਝੰਡੇ ਹੇਠ ਜਿਲ੍ਹਾ ਸਿੱਖਿਆ ਦਫਤਰ ਵਿੱਚ ਜੋਰਦਾਰ ਨਾਅਰੇਬਾਜੀ ਕੀਤੀ। ਇੱਥੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਅਧਿਆਪਕਾਂ ਨੇ ਡੀ ਸੀ ਕੰਪਲੈਕਸ ਤੋਂ ਸਿੱਖਿਆ ਮੰਤਰੀ ਦੀ ਆਰਜ਼ੀ ਰਿਹਾਇਸ਼ ਰੈਸਟ ਹਾਊਸ ਤੱਕ ਮਾਰਚ ਕਰਦੇ ਹੋਏ ਸਿੱਖਿਆ ਮੰਤਰੀ ਦੇ ਪੀ. ਏ. ਰੋਹਿਤ ਕੁਮਾਰ ਨੂੰ ਮੰਗ ਪੱਤਰ ਵੀ ਦਿੱਤਾ। 

ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਾਂਝਾ ਅਧਿਆਪਕ ਮੋਰਚਾ ਦੇ ਆਗੂ ਹਰਿੰਦਰ ਮੱਲ੍ਹੀਆਂ, ਗੁਰਮੀਤ ਸੁਖਪੁਰ, ਪ੍ਰਮਿੰਦਰ ਸਿੰਘ, ਨਰਿੰਦਰ ਕੁਮਾਰ ਸਹਿਣਾ, ਬਲਦੇਵ ਸਿੰਘ ਧੌਲਾ ਨੇ ਕਿਹਾ ਕਿ ਬਹੁਤ ਸਾਰੇ ਸਕੂਲਾਂ ਦੀਆਂ ਡੀ ਡੀ ਪਾਵਰ ਮਹਿਕਮੇ ਦੀ ਨਲਾਇਕੀ ਕਾਰਨ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਜਿਸ ਕਾਰਨ ਪੂਰੇ ਪੰਜਾਬ ਦੇ ਹਜ਼ਾਰਾਂ ਅਧਿਆਪਕ ਨੂੰ ਫਾਕੇ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜ਼ਿਲ੍ਹੇ ਦੇ ਬਹੁਤ ਸਾਰੇ ਵਾਧੂ ਚਾਰਜ ਵਾਲੇ ਸਕੂਲ ਮੁਖੀ ਫਾਰਗ ਹੋ ਗਏ ਹਨ ।ਇਸ ਲਈ ਇਨ੍ਹਾਂ ਸਕੂਲਾਂ ਵਿਚ ਮਾਰਚ ਅਤੇ ਅਪ੍ਰੈਲ ਮਹੀਨੇ ਦੀ ਤਨਖਾਹ ਅਧਿਆਪਕਾਂ ਨੂੰ ਨਹੀਂ ਮਿਲੀ ਹੈ। ਆਗੂਆਂ ਨੇ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਇਨ੍ਹਾਂ ਸਕੂਲਾਂ ਦਾ ਚਾਰਜ ਤੁਰੰਤ ਨੇੜਲੇ ਪ੍ਰਿੰਸੀਪਲ, ਮੁੱਖ ਅਧਿਆਪਕਾਂ ਨੂੰ ਦੇ ਕੇ ਤਨਖਾਹਾਂ ਕਢਵਾਈਆਂ ਜਾਣ। 

ਆਗੂਆਂ ਨੇ ਕਿਹਾ ਕਿ ਜੇਕਰ ਅਗਲੇ ਦਿਨਾਂ ਤੱਕ  ਡੀ ਡੀ ਪਾਵਰਾਂ  ਨਹੀਂ ਦਿੱਤੀਆਂ ਗਈਆਂ ਤਾਂ  ਸਾਂਝਾ ਅਧਿਆਪਕ ਮੋਰਚਾ ਵੱਡੇ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗਾ ਅਤੇ ਜਲਦੀ ਹੀ ਇਸ ਸਬੰਧੀ ਵੱਧਵੀਂ ਮੀਟਿੰਗ ਕਰ ਕੇ ਤਿੱਖੇ ਸੰਘਰਸ ਵੱਲ ਨੂੰ ਵਧਿਆ ਜਾਵੇਗਾ। 

                                                ਇਸ ਸਮੇਂ ਹੋਰਨਾਂ ਤੋਂ ਇਲਾਵਾ ਰਾਜੀਵ ਕੁਮਾਰ, ਕੁਸ਼ਲ ਸਿੰਘੀ, ਅਮਰੀਕ ਸਿੰਘ ਭੱਦਲਵੱਡ, ਕੇਵਲ ਸਿੰਘ, ਬਲਜਿੰਦਰ ਪ੍ਰਭੂ, ਏਕਮਪ੍ਰੀਤ ਸਿੰਘ ਭੋਤਨਾ, ਸੁਖਬੀਰ ਸਿੰਘ ਸੰਘੇੜਾ, ਸਤੀਸ਼ ਕੁਮਾਰ ਸਹਿਜੜਾ, ਅੰਮ੍ਰਿਤ ਪਾਲ, ਦੇਵਿੰਦਰ ਤਲਵੰਡੀ, ਮਲਕੀਤ ਸਿੰਘ ਪੱਤੀ, ਰਮਨਦੀਪ ਸਿੰਗਲਾ ਆਦਿ ਹਾਜ਼ਰ ਸਨ।

Post a Comment

0 Comments