ਹੁਣ ਪੰਚਾਇਤੀ ਜ਼ਮੀਨਾਂ ’ਤੇ ਹੋਵੇਗੀ ਝੋਨੇ ਦੀ ਸਿੱਧੀ ਬਿਜਾਈ: ਚੰਦਰ ਗੈਂਦ

ਡਿਵੀਜ਼ਨਲ ਕਮਿਸ਼ਨਰ ਨੇ ਕੈਂਪਾਂ ਰਾਹੀਂ ਕਿਸਾਨਾਂ ਨੰੂ ਜਾਗਰੂਕ ਕਰਨ ਦਾ ਬੀੜਾ ਉਠਾਇਆ 

ਰੂਕਲਾਂ ਵਿਖੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਗਰੂਕਤਾ ਕੈਂਪ ਦਾ ਕਿਸਾਨਾਂ ਨੇ ਲਿਆ ਲਾਹਾ


ਬਰਨਾਲਾ), 6 ਮਈ/ਕਰਨਪ੍ਰੀਤ ਧੰਦਰਾਲ
/- ਮੁੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ   ਹੁਣ ਸੂਬੇ ਦੀਆਂ ਪੰਚਾਇਤੀ ਜ਼ਮੀਨਾਂ ’ਤੇ ਝੋਨੇ ਦੀ ਸਿੱਧੀ ਬਿਜਾਈ ਜਾਂ ਵੱਟਾਂ ’ਤੇ ਝੋਨਾ ਲਾਉਣ ਦੀ ਤਕਨੀਕ ਨਾਲ ਖੇਤੀ ਕੀਤੀ ਜਾਵੇਗੀ। ਜੇਕਰ ਪੰਚਾਇਤੀ ਜ਼ਮੀਨ ’ਤੇ ਝੋਨਾ ਲੱਗੇਗਾ ਤਾਂ ਸਿਰਫ ਨਤੀਨਤਮ ਤਕਨੀਕ ਨਾਲ ਹੀ ਲੱਗੇਗਾ। ਇਹ ਪ੍ਰਗਟਾਵਾ ਡਿਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਪਿੰਡ ਰੂੜੇਕੇ ਕਲਾਂ ਦੀ ਸਹਿਕਾਰੀ ਸੁਸਾਇਟੀ ਵਿਖੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਕਿਸਾਨ ਸਿਖਲਾਈ ਕੈਂਪ ਦੇ ਉਦਘਾਟਨ ਮਗਰੋਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰੀਸ਼ ਨਈਅਰ ਵੀ ਮੌਜੂਦ ਸਨ।

          ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਚੰਦਰ ਗੈਂਦ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦਾ ਫ਼ੈਸਲਾ ਕੀਤਾ ਹੈ, ਉਥੇ ਇਤਿਹਾਸਕ ਫ਼ੈਸਲਾ ਲੈਂਦੇ ਹੋਏ ਮੁੂੰਗੀ ’ਤੇ ਐਮਐਸਪੀ ਦੇਣ ਦਾ ਐਲਾਨ ਕੀਤਾ ਹੈ। ਉਨਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਵੱਲ ਮੋੜਿਆ ਜਾਵੇ, ਇਸ ਨਾਲ ਜਿੱਥੇ ਕਿਸਾਨਾਂ ਦੀ ਆਮਦਨ ’ਚ ਵਾਧਾ ਹੋਵੇਗੀ, ਉਥੇ ਡੂੰਘੇ ਹੋ ਰਹੇ ਪਾਣੀ ਦੀ ਵੀ ਬੱਚਤ ਹੋਵੇਗੀ। ਉਨਾਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਤੇ ਵੱਟਾਂ ’ਤੇ ਝੋਨਾ ਲਾਉਣ ਵਾਲੀਆਂ ਤਕਨੀਕਾਂ ਅਪਣਾ ਕੇ ਵਾਤਾਵਰਣ ਬਚਾਉਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਇਸ ਉਦੇਸ਼ ਨਾਲ ਉਹ ਸਾਰੇ ਜ਼ਿਲਿਆਂ ਵਿਚ ਜਾ ਕੇ ਕਿਸਾਨ ਮੇਲਿਆਂ ਤੇ ਕੈਂਪਾਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ।
  ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰੀਸ਼ ਨਈਅਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਦੇ ਸਹਿਯੋਗ ਲਈ ਲਗਾਤਾਰ ਯਤਨਸ਼ੀਲ ਹੈ ਤੇ ਕਿਸਾਨ ਵੀ ਅਜਿਹੇ ਕੈਂਪਾਂ ਦਾ ਪੂਰਾ ਲਾਹਾ ਲੈਣ। ਇਸ ਮੌਕੇ ਪੀਏਯੂ ਦੇ ਸਾਬਕਾ ਵਿਗਿਆਨੀ ਦਲੇਰ ਸਿੰਘ ਨੇ ਕਿਸਾਨਾਂ ਨੂੰ ਵੱਟਾਂ ’ਤੇ ਝੋਨਾ ਲਾਉਣ ਦੀ ਤਕਨੀਕ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਸੇਵਾਮੁਕਤ ਸੰਯੁਕਤ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਡਾ. ਬਲਦੇਵ ਸਿੰਘ ਨੇ ਕਿਸਾਨਾਂ ਨੂੰ ਖਾਦਾਂ ਦੀ ਢੁਕਵੀਂ ਵਰਤੋਂ ਬਾਰੇ ਜਾਣਕਾਰੀ ਦਿੱਤੀ।
   ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਸ੍ਰੀ ਬਲਬੀਰ ਚੰਦ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲੇ ’ਚ ਲਗਭਗ 22096 ਹੈਕਟੇਅਰ ’ਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਤੇ ਇਸ ਸਾਲ ਲਗਭਗ 25000 ਹੈਕਟੇਅਰ ’ਚ ਸਿੱਧੀ ਬਿਜਾਈ ਦੀ ਸੰਭਾਵਨਾ ਹੈ। ਉਨਾਂ ਦੱਸਿਆ ਕਿ ਜ਼ਿਲੇ ’ਚ 67 ਮਸ਼ੀਨਾਂ ਸਿੱਧੀ ਬਿਜਾਈ ਲਈ ਉਪਲੱਬਧ ਹਨ। ਇਸ ਮੌਕੇ ਅਗਾਂਹਵਧੂ ਕਿਸਾਨ ਬਹਾਦਰ ਸਿੰਘ ਵਾਸੀ ਪੱਖੋਂ ਕਲਾਂ ਨੇ ਦੱਸਿਆ ਕਿ ਉਹ 4 ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ ਤੇ ਝਾੜ ਵੀ ਮੁਕਾਬਲਤਨ ਵੱਧ ਨਿਕਲਦਾ ਹੈ। ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਅਗਾਂਹਵਧੂ ਕਿਸਾਨਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ, ਐਸਡੀਐਮ ਤਪਾ ਸਿਮਰਪ੍ਰੀਤ ਕੌਰ, ਸਹਾਂਿੲਕ ਰਜਿਸਟਰਾਰ ਰੁਪਿੰਦਰ ਸਿੰਘ ਸਿੱਧੂ, ਹਰਜੀਤ ਸਿੰਘ ਭੰਦੋਲ, ਡਾ. ਅਮਨਦੀਪ ਕੌਰ, ਪੀਏਯੂ ਮਾਹਿਰ ਤੇ ਕਿਸਾਨ ਹਾਜ਼ਰ ਸਨ।               


Post a Comment

0 Comments