ਸਿਹਤ ਵਿਭਾਗ ਚਲਾ ਰਿਹਾ ਥੈਲਾਸੀਮੀਆ ਜਾਗਰੂਕਤਾ ਹਫ਼ਤਾ

 ਸ਼ਾ


ਹਕੋਟ 10 ਮਈ (ਲਖਵੀਰ ਵਾਲੀਆ)
:- ਸਿਹਤ ਵਿਭਾਗ ਵਲੋਂ ਅਜ਼ਾਦੀ ਦੇ 75ਵੇਂ ਅਮ੍ਰਿਤ ਮਹੋਤਸਵ ਤਹਿਤ ਵਿਸ਼ਵ ਥੈਲਾਸੀਮੀਆ ਹਫਤਾ ਮਨਾਇਆ ਜਾ ਰਿਹਾ ਹੈ। ਇਸ ਜਾਗਰੂਕਤਾ ਹਫ਼ਤੇ ਦਰਮਿਆਨ ਵਿਭਾਗ ਵਲੋਂ ਲੋਕਾਂ ਨੂੰ ਥੈਲਾਸੀਮੀਆ ਬੀਮਾਰੀ, ਇਸਦੇ ਲੱਛਣਾ ਅਤੇ ਥੈਲਾਸੀਮੀਆ ਪੀੜਤ ਦੇ ਲਈ ਸਰਕਾਰੀ ਸੰਸਥਾਵਾਂ ਵਿੱਚ ਉਪਲਬਧ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। 14 ਮਈ ਤੱਕ ਚੱਲਣ ਵਾਲੇ ਇਸ ਅਭਿਆਨ ਤਹਿਤ ਬਲਾਕ ਦੇ ਸਾਰੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਅਤੇ ਪਿੰਡ ਪੱਧਰ ‘ਤੇ ਛੋਟੇ-ਛੋਟੇ ਸਮੂਹਾਂ ਵਿੱਚ ਲੋਕਾਂ ਨੂੰ ਇਹ ਸਾਰੀਆਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਹਨ।

ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਥੈਲਾਸੀਮੀਆ ਬੀਮਾਰੀ ਬਾਰੇ ਦੱਸਿਆ ਕਿ ਇਹ ਇੱਕ ਜਮਾਂਦਰੂ ਰੋਗ ਹੈ, ਜਿਸ ਵਿੱਚ ਬੱਚੇ ਦੇ ਸਰੀਰ ਦੀ ਖੂਨ ਦੇ ਲਾਲ ਸੈੱਲ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ ਜਾਂ ਬਹੁਤ ਘੱਟ ਹੁੰਦੀ ਹੈ। ਨਤੀਜੇ ਵਜੋਂ ਮਰੀਜ਼ ਨੂੰ ਉਮਰ ਭਰ ਨਿਯਮਿਤ ਅੰਤਰਾਲ ‘ਤੇ ਲੋੜ ਅਨੁਸਾਰ ਖੂਨ ਚੜਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਵਲੋਂ ਥੈਲਾਸੀਮੀਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹਫ਼ਤਾ ਮਨਾਇਆ ਜਾਂਦਾ ਹੈ। ਇਸ ਸਾਲ ਇਸ ਹਫ਼ਤੇ ਦੀ ਥੀਮ ਹੈ "ਜਾਗਰੂਕ ਰਹੋ, ਸਾਂਝਾ ਕਰੋ, ਸੰਭਾਲ ਕਰੋ"। ਭਾਵ ਕਿ ਹਰੇਕ ਵਿਅਕਤੀ ਇਸ ਬੀਮਾਰੀ ਦੇ ਬਾਰੇ ‘ਚ ਜਾਗਰੂਕ ਰਹੇ। ਸਾਂਝਾ ਕਰੋ ਤੋਂ ਭਾਵ ਹੈ ਕਿ ਥੈਲਾਸੀਮੀਆ ਬਾਰੇ ਲੋਕ ਆਪਸ ‘ਚ ਗੱਲ ਕਰਨ, ਜਾਣਕਾਰੀਆਂ ਸਾਂਝੀਆਂ ਕਰਨ।

ਡਾ. ਦੁੱਗਲ ਨੇ ਕਿਹਾ ਕਿ ਕਿਉਂਕਿ ਥੈਲਾਸੀਮੀਆ ਇਹ ਇੱਕ ਜੈਨੇਟਿਕ ਰੋਗ ਹੈ, ਇਸ ਲਈ ਗਰਭਵਤੀ ਔਰਤਾਂ ਨੂੰ ਗਰਭਧਾਰਨ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਹੀ ਇਸਦੇ ਲਈ ਜਾਂਚ ਕਰਵਾਉਣੀ ਚਾਹੀਦੀ ਹੈ। ਵਿਆਹਯੋਗ ਅਤੇ ਵਿਆਹੇ ਜੋੜਿਆਂ ਨੂੰ ਵੀ ਥੈਲਾਸੀਮੀਆ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਤਾਂ ਜੋ ਉਹਨਾਂ ਦਾ ਬੱਚਾ ਇਹ ਲਾਇਲਾਜ ਬੀਮਾਰੀ ਲੈ ਕੇ ਇਸ ਦੁਨੀਆ ‘ਚ ਨਾ ਆਵੇ। ਨਾਲ ਹੀ ਜੋ ਬੱਚਾ ਜਾਂ ਬਾਲਗ ਵਿਅਕਤੀ ਥੈਲਾਸੀਮਿਆ ਨਾਲ ਪੀੜਤ ਹਨ, ਉਹਨਾਂ ਦੀ ਪੂਰੀ ਦੇਖਭਾਲ ਕੀਤੀ ਜਾਵੇ। ਉਹਨਾਂ ਕਿਹਾ ਕਿ ਸਰੀਰਕ ਵਿਕਾਸ ‘ਚ ਦੇਰੀ, ਸਰੀਰ ‘ਤੇ ਪੀਲਾਪਣ ਆਉਣਾ, ਚਿਹਰੇ ਦੀ ਬਣਾਵਟ ਵਿੱਚ ਬਦਲਾਅ, ਜਿਆਦਾ ਕਮਜੋਰੀ ਅਤੇ ਥਕਾਵਟ ਮਹਿਸੂਸ ਹੋਣਾ, ਜਿਗਰ ਤੇ ਤਿੱਲੀ ਦਾ ਵੱਧਣਾ ਥੈਲਾਸੀਮੀਆ ਦੇ ਮੁੱਖ ਲੱਛਣ ਹਨ। ਉਨ੍ਹਾਂ ਵਲੋਂ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ ਤਾਂ ਜੋ ਮਾਨਵਤਾ ਦੀ ਸੇਵਾ ਕਰਦਿਆਂ ਥੈਲਾਸੀਮੀਆ ਰੋਗ ਤੋਂ ਪ੍ਰਭਾਵਿਤ ਮਰੀਜ਼ਾਂ ਲਈ ਖੂਨ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ

Post a Comment

0 Comments