ਨਰਸਿੰਗ ਸਟਾਫ ਤੋਂ ਬਗੈਰ ਸਿਹਤ ਸੇਵਾਵਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ: ਡਾ. ਗੁਰਚੇਤਨ ਪ੍ਰਕਾਸ਼ ਐਸ.ਐਮ.ਓ.

 ਇਨਸਾਨੀਅਤ ਦੀ ਸੇਵਾ ਦਾ ਮਿਸ਼ਨ ਹੈ ਨਰਸਿੰਗ : ਹਰਬੰਸ ਮੱਤੀ ਬੀ.ਈ.ਈ.


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਦਾ ਪੱਧਰ ਉੱਚਾ ਚੁੱਕਣ ਲਈ ਸਿਹਤ ਵਿਭਾਗ, ਬੁਢਲਾਡਾ  ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ   ਦੇ ਹੁਕਮਾਂ ਅਨੁਸਾਰ, ਮਾਣਯੋਗ ਸਿਹਤ ਮੰਤਰੀ ਡਾ ਵਿਜੇ ਸਿੰਗਲਾ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਜਸਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰਣਜੀਤ ਰਾਏ ਸਿਵਲ ਸਰਜਨ ਮਾਨਸਾ ਅਤੇ ਡਾ. ਗੁਰਚੇਤਨ ਪ੍ਰਕਾਸ਼ ਐਸ.ਐਮ.ਓ. ਦੀ ਅਗਵਾਈ ਵਿੱਚ ਐਸ.ਡੀ.ਐਚ.ਬੁਢਲਾਡਾ ਵਿਖੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ ਗਿਆ।ਇਸ ਮੌਕੇ ਕੇਕ ਕੱਟਿਆ ਗਿਆ ਅਤੇ ਡਾ. ਗੁਰਚੇਤਨ ਪ੍ਰਕਾਸ਼ ਵੱਲੋ ਐਸ.ਡੀ.ਐਚ. ਬੁਢਲਾਡਾ ਦੇ ਨਰਸਿੰਗ ਸਟਾਫ ਦਾ ਸਨਮਾਨ ਕੀਤਾ ਗਿਆ ।  ਡਾ. ਗੁਰਚੇਤਨ ਪ੍ਰਕਾਸ਼ ਐਸ.ਐਮ.ਓ. ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਕੋਈ ਬਿਮਾਰ ਵਿਅਕਤੀ ਹਸਪਤਾਲ ਚ ਦਾਖਲ ਹੋ ਕੇ ਇਲਾਜ ਕਰਵਾਉਂਦਾ ਹੈ ਤਾਂ ਉਸ ਦੀ ਦੇਖ-ਰੇਖ ਨਰਸਿੰਗ ਸਟਾਫ ਵੱਲੋਂ ਕੀਤੀ ਜਾਂਦੀ ਹੈ। ਡਾਕਟਰ ਵੱਲੋਂ ਸੁਝਾਈਆਂ ਦਵਾਈਆਂ ਤੇ ਇਲਾਜ ਆਦਿ ਦੀ ਜਿੰਮੇਵਾਰੀ ਮੂਲ ਰੂਪ ਵਿਚ ਨਰਸਿੰਗ ਸਟਾਫ ਦੀ ਹੁੰਦੀ ਹੈ। ਪਿਛਲੇ ਸਮੇਂ ਤੋਂ ਜਦੋਂ ਪੂਰਾ ਵਿਸ਼ਵ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ ਤਾਂ ਲੋਕਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਜੋਖਮ ‘ਚ ਪਾਉਣ ਵਾਲੇ ਸਿਹਤ ਕਾਮਿਆਂ ਨੂੰ ਇਕ ਸਲਾਮ ਤਾਂ ਜਰੂਰ ਬਣਦਾ ਹੈ। ਭਾਵੇ ਹਰ ਵਰ੍ਹੇ 12 ਮਈ ਦਾ ਦਿਨ ‘ਨਰਸ ਦਿਵਸ ’ ਵਜੋਂ ਮਨਾਇਆ ਜਾਂਦਾ ਹੈ ਪਰ ਇਸ ਕੌਮਾਂਤਰੀ ਸਿਹਤ ਐਮਰਜੈਂਸੀ ਮੌਕੇ ਇਸ ਦਿਨ ਦੀ ਮਹੱਤਤਾ ਹੋਰ ਵਧੇਰੇ ਹੋ ਜਾਂਦੀ ਹੈ। ਨਰਸਿੰਗ ਸਟਾਫ ਤੋਂ ਬਗੈਰ ਸਿਹਤ ਸੇਵਾਵਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਫਲੋਰੈਂਸ ਨਾਈਟਿੰਗੇਲ ਨੂੰ ਆਧੁਨਿਕ ਨਰਸਿੰਗ ਦੀ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ। ਉਨਾਂ ਨੂੰ ਕ੍ਰੀਮੀਅਨ ਦੇ ਯੁੱਧ ਚ ਜਖਮੀ ਹੋਏ ਫੌਜੀਆਂ ਦੀ ਮੈਡੀਕਲ ਸਹਾਇਤਾ ਕਰਕੇ ‘ਲੇਡੀ ਵਿਦ ਦਿ ਲੈਂਪ’ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਸਹਾਇਕਾਂ ਸਮੇਤ ਜਖਮੀਆਂ ਨੂੰ ਮੈਡੀਕਲ ਸੇਵਾਵਾਂ ਦੇ ਕੇ ਵੱਡੀ ਗਿਣਤੀ ’ਚ ਜਾਨਾਂ ਬਚਾਉਣ ਵਿਚ ਮਦਦ ਕੀਤੀ ਸੀ। ਫਲੋਰੈਂਸ ਨਾਈਟਿਗੇਲ ਦੀ ਜਨਮ ਮਿਤੀ 12 ਮਈ ਨੂੰ ‘ਅੰਤਰਰਾਸ਼ਟਰੀ ਨਰਸ ਦਿਵਸ’ ਦੇ ਰੂਪ ਵਿਚ ਮਨਾਉਣ ਦਾ ਫੈਸਲਾ ਲਿਆ ਗਿਆ। ਭਾਰਤ ਸਰਕਾਰ ਦੇ ਪਰਿਵਾਰ ਤੇ ਕਲਿਆਣ ਮੰਤਰਾਲੇ ਨੇ 1973 ਵਿਚ ਰਾਸ਼ਟਰੀ ਫਲੋਂਰੈਂਸ ਨਾਈਟਿੰਗੇਲ ਪੁਰਸਕਾਰ ਦੀ ਸ਼ੁਰੂਆਤ ਕੀਤੀ ਤੇ ਇਹ 12 ਮਈ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਦਿੱਤੇ ਜਾਂਦੇ ਹਨ। ਇਸ ਮੌਕੇ ਹਰਬੰਸ ਮੱਤੀ ਬੀ.ਈ.ਈ ਨੇ ਕਿਹਾ ਕਿ  ਕੌਮਾਂਤਰੀ ਨਰਸ ਦਿਵਸ ਵਿਸ਼ਵ ਪੱਧਰ ਤੇ ਨਰਸਿੰਗ ਸਟਾਫ ਵੱਲੋਂ ਸਮਾਜ ਨੂੰ ਤੰਦਰੁਸਤ ਰੱਖਣ ’ਚ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ ਬਾਰੇ ਯਾਦ ਦਿਵਾਉਂਦਾ ਹੈ। ਨਰਸਾਂ ਤੇ ਹੋਰ ਸਿਹਤ ਕਰਮਚਾਰੀ ਕੋਵਿਡ-19 ਸਮੇਤ ਵੱਖ-ਵੱਖ ਮਹਾਮਾਰੀਆਂ ਖਿਲਾਫ ਜੰਗ ਚ ਸਭ ਤੋਂ ਮੋਹਰੀ ਭੂਮਿਕਾ ਨਿਭਾ ਰਹੇ ਹਨ। ਉੱਚ ਕੁਆਲਿਟੀ ਇਲਾਜ ਇਲਾਜ ਤੇ ਦੇਖਭਾਲ ਕਰਨਾ, ਡਰ ਅਤੇ ਪ੍ਰਸ਼ਨਾਂ ਦਾ ਹੱਲ ਕਰਨਾ, ਬੱਚਿਆਂ ਦੀ ਸਿਹਤ, ਸੰਚਾਰੀ ਤੇ ਗੈਰ-ਸੰਚਾਰੀ ਰੋਗਾਂ, ਮਾਨਸਿਕ ਸਿਹਤ, ਐਮਰਜੈਂਸੀ ਦੀ ਤਿਆਰੀ ਤੇ ਪ੍ਰਤੀਕਿਰਿਆ, ਮਰੀਜਾਂ ਦੀ ਸੁਰਖਿਆ ਆਦਿ ਵਿਚ ਨਰਸਿੰਗ ਸਟਾਫ ਦੀ ਭੂਮਿਕਾ ਨੂੰ ਦੇਖਦਿਆ ਵਿਸ਼ਵ ਸਿਹਤ ਸੰਸਥਾ ਵੱਲੋਂ ਇਹ ਖਾਸ ਦਿਨ ਨਰਸਿੰਗ ਸਟਾਫ ਨੂੰ ਸਮਰਪਿਤ ਕੀਤਾ ਹੈ। ਸੇਵਾ ਹੀ ਇਨ੍ਹਾਂ ਦੀ ਪਛਾਣ ਹੈ। ਦਰਅਸਲ ਇਹ ਮਰੀਜ ਦੇ ਦੁੱਖ-ਤਕਲੀਫ ਨੂੰ ਸਮਝ ਕੇ ਉਨ੍ਹਾਂ ਨੂੰ ਬਿਮਾਰੀਆਂ ਨਾਲ ਲੜਨ ਦਾ ਮਾਨਸਿਕ ਜਜਬਾ ਵੀ ਪ੍ਰਦਾਨ ਕਰਦੀਆਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਨਰਸਿੰਗ ਸਟਾਫ ਤੋਂ ਬਿਨਾਂ ਹਸਪਤਾਲ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਇਸ ਮੌਕੇ ਡਾ. ਸ਼ਾਲਿਕਾ ਬਾਂਸਲ , ਡਾ. ਸਤਿੰਦਰ ਕੌਰ , ਨਰਸਿੰਗ ਸਿਸਟਰ ਬਲਵਿੰਦਰ ਕੌਰ , ਵੀਰਪਾਲ ਕੌਰ ਅਤੇ ਸਰਕਾਰੀ ਹਸਪਤਾਲ ਬੁਢਲਾਡਾ ਦਾ ਸਾਰਾ ਨਰਸਿੰਗ ਸਟਾਫ ਹਾਜਰ ਸੀ।

Post a Comment

0 Comments