ਮਰਹੂਮ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ‘ਐੱਸ. ਵਾਈ. ਐੱਲ.’ ਰਿਲੀਜ਼ ਹੁੰਦਿਆਂ ਹੀ ਤੋੜੇ ਰਿਕਾਰਡ


ਚੰਡੀਗੜ੍ਹ –ਪੰਜਾਬ ਇੰਡੀਆ ਨਿਊਜ਼ ਬਿਊਰੋ

  ਸਿੱਧੂ ਮੂਸੇ ਵਾਲਾ ਦਾ ਚਿਰਾਂ ਤੋਂ ਉਡੀਕਿਆ ਜਾਣ ਵਾਲਾ ਗੀਤ ‘ਐੱਸ. ਵਾਈ. ਐੱਲ.’ ਰਿਲੀਜ਼ ਹੋ ਗਿਆ ਹੈ। ਗੀਤ ਨੇ ਰਿਲੀਜ਼ ਹੁੰਦਿਆਂ ਹੀ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ ਹਨ। ਜਿਥੇ ਗੀਤ ਨੇ ਮਹਿਜ਼ ਕੁਝ ਮਿੰਟਾਂ ‘ਚ ਹੀ 1 ਮਿਲੀਅਨ (10 ਲੱਖ) ਵਿਊਜ਼ ਪਾਰ ਕਰ ਲਏ, ਉਥੇ ਗੀਤ ਨੇ ਹੁਣ 16 ਘੰਟਿਆਂ ਅੰਦਰ 13 ਮਿਲੀਅਨ (1 ਕਰੋੜ 30 ਲੱਖ) ਵਿਊਜ਼ ਪਾਰ ਕਰ ਲਏ ਹਨ।ਇਹੀ ਨਹੀਂ, ਗੀਤ ਯੂਟਿਊਬ ‘ਤੇ ਨੰਬਰ 1 ‘ਤੇ ਟਰੈਂਡ ਕਰ ਰਿਹਾ ਹੈ।

ਦੱਸ ਦੇਈਏ ਕਿ ਗੀਤ ‘ਚ ਜਿਥੇ ਸਿੱਧੂ ਮੂਸੇ ਵਾਲਾ ਨੇ ਐੱਸ. ਵਾਈ. ਐੱਲ. ਯਾਨੀ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮੁੱਦਾ ਚੁੱਕਿਆ ਹੈ, ਉਥੇ ਹੋਰ ਬਹੁਤ ਸਾਰੀਆਂ ਗੱਲਾਂ ਦਾ ਗੀਤ ‘ਚ ਜ਼ਿਕਰ ਹੋਇਆ ਹੈ। ਗੀਤ ‘ਚ ਸਿੱਧੂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਹੈ। ਗੀਤ ‘ਚ ਪੁਰਾਣੇ ਪੰਜਾਬ ਦੀ ਗੱਲ ਹੋਈ ਹੈ, ਜਿਸ ‘ਚ ਚੰਡੀਗੜ੍ਹ, ਹਰਿਆਣਾ ਤੇ ਹਿਮਾਚਲ ਪੰਜਾਬ ਦਾ ਹਿੱਸਾ ਰਹੇ ਹਨ। ਨਾਲ ਹੀ ਪੱਗਾਂ ਤੇ ਟੋਪੀਆਂ ਦਾ ਜ਼ਿਕਰ ਕਰਦਿਆਂ ਗੀਤ ‘ਚ ਸਿੱਧੂ ਨੇ ਕਿਤੇ ਨਾ ਕਿਤੇ ਰਾਜਨੇਤਾਵਾਂ ਨੂੰ ਘੇਰਿਆ ਹੈ।

ਗੀਤ ‘ਚ ਸਾਨੂੰ ਦੀਪ ਸਿੱਧੂ ਦੀ ਆਡੀਓ ਵੀ ਸੁਣਨ ਨੂੰ ਮਿਲ ਰਹੀ ਹੈ, ਜਿਸ ‘ਚ ਉਹ ਬੱਬੂ ਮਾਨ ਦੇ ਬਿਆਨ ਦਾ ਜ਼ਿਕਰ ਕਰ ਰਿਹਾ ਹੈ। ਇਸ ‘ਚ ਬੱਬੂ ਮਾਨ ਨੇ ਕਿਹਾ ਸੀ ਕਿ ਜਦੋਂ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਨਿਸ਼ਾਨ ਸਾਹਿਬ ਝੂਲਿਆ ਤਾਂ ਉਸ ਦਾ ਰੋਣਾ ਨਿਕਲ ਗਿਆ, ਉਹ ਆਪਣੇ ਮਾਪਿਆਂ ਦੀ ਮੌਤ ‘ਤੇ ਇੰਨਾ ਨਹੀਂ ਰੋਏ, ਜਿੰਨਾ ਉਸ ਦਿਨ ਨਿਸ਼ਾਨ ਸਾਹਿਬ ਝੂਲਣ ‘ਤੇ ਰੋਏ। ਸਿੱਧੂ ਨੇ ਗੀਤ ‘ਚ ਬੱਬੂ ਮਾਨ ਨੂੰ ਅੜਬ ਪੰਜਾਬੀ ਕਹਿ ਕੇ ਉਸ ਦੇ ਬਿਆਨ ਦਾ ਜ਼ਿਕਰ ਕੀਤਾ ਹੈ।

ਗੀਤ ‘ਚ ਬਲਵਿੰਦਰ ਸਿੰਘ ਜਟਾਣਾ ਦਾ ਵੀ ਜ਼ਿਕਰ ਹੋਇਆ ਹੈ। ਬਲਵਿੰਦਰ ਸੰਘ ਜਟਾਣਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਐੱਸ. ਵਾਈ. ਐੱਲ. ਦੇ ਮੁੱਖ ਇੰਜੀਨੀਅਰ ਤੇ ਨਿਗਰਾਨ ਇੰਜੀਨੀਅਰ ਨੂੰ ਗੋਲੀ ਮਾਰੀ ਸੀ, ਇਹ ਗੱਲ 1990 ਦੀ ਹੈ। ਗੀਤ ਦੇ ਅਖੀਰ ‘ਚ #SavePunjabWaters ਤੇ #FreeSikhPrisoners ਹੈਸ਼ਟੈਗ ਵੀ ਵਰਤੇ ਗਏ ਹਨ।


Post a Comment

0 Comments