ਲਿਬਰੇਸ਼ਨ ਆਗੂ ਕਾਮਰੇਡ ਜੀਤਾ ਕੌਰ ਨੂੰ ਬਰਸੀ ਮੌਕੇ ਸ਼ਰਧਾਂਜਲੀਆਂ


ਮੋਦੀ ਸਰਕਾਰ ਦੇ  ਹਮਲਿਆਂ ਖਿਲਾਫ ਦੇਸ਼ਵਿਆਪੀ ਫਾਸੀਵਾਦੀ ਮੋਰਚਾ ਉਸਾਰਨ ਦੀ ਜ਼ਰੂਰਤ - ਲਿਬਰੇਸ਼ਨ 

ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ, 23 ਜੂਨ .ਅੱਜ ਇਥੇ ਬਾਬਾ ਬੂਝਾ ਸਿੰਘ ਭਵਨ ਵਿਖੇ ਉੱਘੀ ਇਨਕਲਾਬੀ ਔਰਤ ਆਗੂ ਕਾਮਰੇਡ ਜੀਤਾ ਕੌਰ ਨੂੰ ਉਨਾਂ ਦੀ 15ਵੀਂ ਬਰਸੀ ਮੌਕੇ ਉਨਾਂ ਨੂੰ ਯਾਦ ਕੀਤਾ ਗਿਆ। 

   


ਇਸ ਮੌਕੇ ਜੁੜੇ ਸੀਪੀਆਈ (ਐਮ ਐਲ) ਲਿਬਰੇਸ਼ਨ, ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਅਤੇ ਹੋਰ ਜਨਤਕ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁੰਨਾਂ ਨੇ ਕਾਮਰੇਡ ਜੀਤਾ ਕੌਰ ਦੇ ਮਿਸਾਲੀ ਇਨਕਲਾਬੀ ਜੀਵਨ ਬਾਰੇ ਚਰਚਾ ਕੀਤੀ ਅਤੇ ਉਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਏਪਵਾ ਆਗੂ ਜਸਬੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ, ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਪਰਸ਼ੋਤਮ ਸ਼ਰਮਾ , ਸੁਖਦਰਸ਼ਨ ਸਿੰਘ ਨੱਤ ਅਤੇ ਸੂਬਾ ਸਕੱਤਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਕਾਮਰੇਡ ਜੀਤਾ ਕੌਰ ਵਲੋਂ ਜੀਵਨ ਦੇ ਅੰਤਮ ਪਲ ਤੱਕ ਇਨਕਲਾਬੀ ਲਹਿਰ ਦੀ ਮਜ਼ਬੂਤੀ ਲਈ ਸਿਧਾਂਤਕ ਤੇ ਅਮਲੀ ਸਰਗਰਮੀ ਵਿਚ ਜੁੱਟੇ ਰਹਿਣ ਤੋਂ ਸਾਨੂੰ ਵੱਡੀ ਪ੍ਰੇਰਨਾ ਮਿਲਦੀ ਹੈ।

       ਕਮਿਉਨਿਸਟ ਆਗੂਆਂ ਨੇ ਅਪਣੇ ਸੰਬੋਧਨ ਵਿਚ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਤੋਂ ਬਾਦ ਅਗਨੀ ਪੱਥ ਸਕੀਮ ਦੀ ਆੜ ਵਿਚ ਹੁਣ ਫੌਜ 'ਚ ਭਰਤੀ ਹੋਣ ਦੇ ਇੱਛਕ ਜਵਾਨਾਂ ਦੇ ਭਵਿੱਖ ਦੇ ਨਾਲ ਨਾਲ ਦੇਸ਼ ਅਤੇ ਸਮਾਜ ਦੀ ਸੁਰਖਿਆ ਉਤੇ ਵੀ ਮਾਰੂ ਹੱਲਾ ਬੋਲਿਆ ਹੈ। ਮੋਦੀ ਯੋਗੀ ਸਰਕਾਰ ਘੱਟਗਿਣਤੀਆਂ ਉਤੇ ਵੀ ਮਨਮਾਨੇ ਤੇ ਗੈਰ ਸੰਵਿਧਾਨਕ ਢੰਗ ਨਾਲ ਬੁਲਡੋਜਰ ਹਮਲੇ ਕਰ ਰਹੀ ਹੈ। ਨਤੀਜਾ ਦੇਸ਼ ਹੁਣ ਉਸ ਹਾਲਤ ਵਿਚ ਪਹੁੰਚ ਗਿਆ ਹੈ, ਜਿਥੇ ਸੰਘ-ਬੀਜੇਪੀ ਵਲੋਂ ਲਗਾਤਾਰ ਕੀਤੇ ਜਾ ਰਹੇ ਅਜਿਹੇ ਹਮਲਿਆਂ ਦੇ ਖਿਲਾਫ ਤਮਾਮ ਫਾਸੀਵਾਦ ਵਿਰੋਧੀ ਸਮਾਜਿਕ ਤੇ ਸਿਆਸੀ ਤਾਕਤਾਂ ਨੂੰ  ਕਿਸਾਨ ਮੋਰਚੇ ਦੀ ਤਰਜ਼ 'ਤੇ ਘੱਟੋ ਘੱਟ ਸਹਿਮਤੀ ਦੇ ਆਧਾਰ 'ਤੇ ਦੇਸ਼ ਪੱਧਰ ਦਾ ਇਕ ਸਾਂਝਾ ਫਰੰਟ ਉਸਾਰ ਕੇ ਸੁਤੰਤਰਤਾ ਸੰਗਰਾਮ ਵਾਂਗ ਇਕ ਵਿਸ਼ਾਲ ਸ਼ਾਂਤੀਪੂਰਨ ਅੰਦੋਲਨ ਆਰੰਭ ਕਰਨ ਬਾਰੇ ਗੰਭੀਰਤਾ ਨਾਲ ਪਹਿਲਕਦਮੀ ਲੈਣੀ ਚਾਹੀਦੀ ਹੈ।


Post a Comment

0 Comments