ਧਰਨਾਕਾਰੀਆਂ ਨੇ ਭਿੰਣਕ ਲੱਗਦਿਆਂ ਹੀ ਫਲਾਈਓਵਰ ਦਾ ਕੰਮ ਰੁਕਵਾਇਆ

 


ਪ੍ਰਸ਼ਾਸਨ ਵਾਰ-ਵਾਰ ਆਪਣੇ ਵਾਅਦਿਆਂ ਤੋਂ ਰਿਹਾ ਮੁਕਰ

 ਬੁਢਲਾਡਾ 30 ਜੂਨ (ਦਵਿੰਦਰ ਸਿੰਘ ਕੋਹਲੀ) ਅੱਜ ਜਦੋਂ ਕੰਪਨੀ ਵੱਲੋਂ ਕੌਮੀ ਮਾਰਗ ਦਾ ਕੰਮ ਮੁੜ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿਛਲੇ 12 ਦਿਨਾਂ ਤੋਂ ਲਗਾਤਾਰ ਧਰਨਾ ਦੇ ਰਹੇ ਮੁਆਵਜ਼ਾ ਪੀੜਤਾਂ ਨੂੰ ਜਦੋਂ ਇਸ ਦੀ ਭਿਣਕ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਉਥੇ ਜਾ ਕੇ ਫਲਾਈਓਵਰ ਦਾ ਕੰਮ ਬੰਦ ਕਰਵਾ ਦਿੱਤਾ।  ਧਰਨਾਕਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਉਨ੍ਹਾਂ ਨਾਲ ਕੀਤੇ ਵਾਅਦਿਆਂ ਤੋਂ ਵਾਰ-ਵਾਰ ਮੁੱਕਰ ਰਿਹਾ ਹੈ ਕਿਉਂਕਿ ਧਰਨੇ ਦੇ ਪਹਿਲੇ ਦਿਨ ਪ੍ਰਸ਼ਾਸਨ ਨੇ ਵਾਅਦਾ ਕੀਤਾ ਸੀ ਕਿ ਜੇਕਰ ਪਿੰਡ ਮਾਛੀਕੇ ਜ਼ਿਲ੍ਹਾ ਮੋਗਾ ਵਿੱਚ ਕੌਮੀ ਸੜਕ ਲਈ ਵਕਫ਼ ਬੋਰਡ ਦੀ ਜ਼ਮੀਨ ਵਿੱਚ ਆਏ ਮਕਾਨਾਂ ਦੇ ਕਬਜਾਧਾਰੀਆਂ ਨੂੰ ਮੁਆਵਜ਼ੇ ਦੇ ਘਰ ਪਏ ਮਿਲੇ ਹਨ ਤਾਂ ਤੁਹਾਨੂੰ ਵੀ ਮਲਬੇ ਅਤੇ ਉਜਾੜਾ ਭੱਤੇ ਦਾ ਸੌ ਫ਼ੀਸਦੀ ਮੁਆਵਜ਼ਾ ਮਿਲੇਗਾ, ਪਰ ਇਹ ਸਪਸ਼ਟ ਹੋ ਜਾਣ ਤੋਂ ਬਾਅਦ ਵੀ ਪ੍ਰਸ਼ਾਸਨ ਹੁਣ ਆਨਾਕਾਨੀ ਕਰ ਰਿਹਾ ਹੈ ।  ਉਸ ਤੋਂ ਬਾਅਦ ਉਨ੍ਹਾਂ ਵਾਅਦਾ ਕੀਤਾ ਸੀ ਕਿ ਜਦੋਂ ਤੱਕ ਤੁਹਾਡੇ ਮੁਆਵਜ਼ੇ ਦਾ ਕੋਈ ਹੱਲ ਨਹੀਂ ਹੁੰਦਾ, ਉਦੋਂ ਤੱਕ ਫਲਾਈਓਵਰ ਦਾ ਕੰਮ ਬੰਦ ਰਹੇਗਾ।  ਪਰ ਅੱਜ ਉਨ੍ਹਾਂ ਆਪਣਾ ਵਾਅਦਾ ਤੋੜਦਿਆਂ ਇਸ ਦਾ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਅਤੇ ਸਾਡੀ ਸਹਿਯੋਗੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਵਰਕਰਾਂ ਨੇ ਤੁਰੰਤ ਇਕੱਠੇ ਹੋ ਕੇ ਕੰਮ ਬੰਦ ਕਰਵਾ ਦਿੱਤਾ।  ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਸਖ਼ਤ ਕਦਮ ਚੁੱਕਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਭਰ ਦੇ ਕਿਸਾਨ ਇਸ ਧਰਨੇ ਵਿੱਚ ਸ਼ਮੂਲੀਅਤ ਕਰਨਗੇ ਕਿਉਂਕਿ ਅਸੀਂ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਲਬੇ ਅਤੇ ਉਜਾੜਾ ਭੱਤਾ ਦਿਵਾਉਣ ਲਈ  ਉਨ੍ਹਾਂ ਨਾਲ ਡੱਟ ਕੇ ਖੜ੍ਹੇ ਹਾਂ।

Post a Comment

0 Comments