ਸ਼ਹਿਰ ਦੇ ਸੀਵਰੇਜ਼ ਪ੍ਰਬੰਧ ਅਤੇ ਨਗਰ ਕੌਂਸਲ ਦਫ਼ਤਰ 'ਚ ਭ੍ਰਿਸ਼ਟਾਚਾਰ ਕਾਰਨ ਸ਼ਹਿਰਵਾਸੀਆਂ 'ਚ ਭਾਰੀ ਰੋਹ - ਨਗਰ ਸੁਧਾਰ ਸਭਾ ਨੇ ਦਿੱਤੀ ਸੰਘਰਸ਼ ਦੀ ਚੇਤਾਵਨੀ

 ਨਗਰ ਸੁਧਾਰ ਸਭਾ ਦੀ ਮੀਟਿੰਗ ਨੇ ਅਹੁਦੇਦਾਰ ਕਮੇਟੀ ਕੀਤੀ ਭੰਗ - ਨਵੀਂ ਚੋਣ ਹੋਵੇਗੀ ਜਲਦ


ਬੁਢਲਾਡਾ - (ਦਵਿੰਦਰ ਸਿੰਘ ਕੋਹਲੀ)
- ਸ਼ਹਿਰ ਲੲੀ ਸੰਘਰਸ਼ਸੀਲ ਸੰਸਥਾ ਨਗਰ ਸੁਧਾਰ ਸਭਾ ਬੁਢਲਾਡਾ ਨੇ ਸ਼ਹਿਰ ਵਿੱਚ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਸੀਵਰੇਜ਼ ਪ੍ਰਬੰਧ ਦੇ ਮਾੜੇ ਹਾਲ , ਪੀਣ ਦੇ ਪਾਣੀ ਦੀ ਸਪਲਾਈ ਅਤੇ ਨਗਰ ਕੌਂਸਲ ਦਫ਼ਤਰ ਦੀ ਮਾੜੀ ਅਤੇ ਭ੍ਰਿਸ਼ਟ ਕਾਰਜਸ਼ੈਲੀ ਦਾ ਸਖਤ ਨੋਟਿਸ ਲਿਆ ਹੈ ਅਤੇ ਕਿਹਾ ਕਿ ਸ਼ਹਿਰਵਾਸੀ ਐਨ.ਓ.ਸੀ. , ਨਕਸ਼ੇ ਆਦਿ ਲਈ ਖੱਜਲ ਖੁਆਰ ਹੋ ਰਹੇ ਹਨ। ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇੰਨਾਂ ਮੁੱਦਿਆਂ 'ਤੇ ਨਗਰ ਸੁਧਾਰ ਸਭਾ ਜਲਦੀ ਕੋਈ ਸਖ਼ਤ ਕਦਮ ਚੁੱਕੇਗੀ।

    ਇਹ ਚੇਤਾਵਨੀ ਅੱਜ ਇੱਥੇ ਹੋਈ ਨਗਰ ਸੁਧਾਰ ਸਭਾ ਦੀ ਮੀਟਿੰਗ ਵਿੱਚ ਸਥਾਨਕ ਸਰਕਾਰਾਂ ਵਿਭਾਗ , ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਦਿੱਤੀ ਗਈ।

   ਮੀਟਿੰਗ ਦੀ ਪ੍ਰਧਾਨਗੀ ਪ੍ਰੇਮ ਸਿੰਘ ਦੋਦੜਾ ਨੇ ਕੀਤੀ।

  ਮੀਟਿੰਗ ਦੇ ਫੈਸਲੇ ਸੰਸਥਾ ਦੇ ਸੀਨੀਅਰ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਦੇ ਪ੍ਰੈਸ ਨੂੰ ਰਿਲੀਜ਼ ਕਰਦਿਆਂ ਕਿਹਾ ਕਿ ਮੀਟਿੰਗ ਵਿੱਚ ਨੋਟ ਕੀਤਾ ਗਿਆ ਕਿ ਨਗਰ ਕੌਂਸਲ ਦਫ਼ਤਰ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪਹਿਲਾਂ ਨਾਲੋਂ ਵੀ ਇਜ਼ਾਫਾ ਹੋਇਆ ਹੈ , ਜੋ ਇੱਕ ਚਿੰਤਾਜਨਕ ਪਹਿਲੂ ਹੈ।

    ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ  ਨਿੱਤ ਦਿਨ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਚੋਰਾਂ-ਲੁਟੇਰਿਆਂ ਦੇ ਹੌਸਲੇ ਬੁਲੰਦ ਹੋਏ ਹੋਏ ਹਨ। ਸੰਸਥਾ ਨੇ ਮੰਗ ਕੀਤੀ ਕਿ ਸਥਾਨਕ ਪੁਲਿਸ ਸਟੇਸ਼ਨ (ਸਿਟੀ) ਦੇ ਮੁਖੀ ਵੱਲੋਂ ਸ਼ਹਿਰ ਨੂੰ ਘੱਟੋ-ਘੱਟ ਪੰਜ ਭਾਗਾਂ ਵਿੱਚ ਵੰਡਕੇ ਰਾਤ ਸਮੇਂ ਪੁਲਿਸ ਦੀ ਗਸ਼ਤ ਤੇਜ਼ ਕੀਤੀ ਜਾਵੇ ਅਤੇ ਉਕਤ ਪੰਜ ਪੋਸਟਾ ਉੱਪਰ ਪੁਲਿਸ ਮੁਲਾਜਮਾਂ ਨੂੰ ਸਮੇਤ ਮੋਟਰਸਾਇਕਲਾਂ ਦੇ ਤਾਇਨਾਤ ਕੀਤਾ ਜਾਵੇ। ਇੰਨਾਂ ਪੁਲਿਸ ਪੋਸਟਾ ਨੂੰ ਘੱਟੋ-ਘੱਟ ਰਾਤ ਦੇ ਸਮੇਂ ਤੱਕ ਕਾਇਮ ਰੱਖਿਆ ਜਾਵੇ।

   ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਨਗਰ ਕੌਂਸਲ ਬੁਢਲਾਡਾ ਵੱਲੋਂ ਲਗਭੱਗ 93 ਦੁਕਾਨਾਂ ਦੇ ਕਿਰਾਏ ਨਾ ਭਰਾਏ ਜਾਣ 'ਤੇ ਚਰਚਾ ਕੀਤੀ ਅਤੇ ਮੰਗ ਕੀਤੀ ਕਿ ਸਬੰਧਿਤ ਇੰਨਾਂ ਦੁਕਾਨਦਾਰਾਂ ਤੋਂ ਬਣਦੇ ਕਿਰਾਏ ਭਰਾਏ ਜਾਣ। 

        ਐਡਵੋਕੇਟ ਦਲਿਓ ਨੇ ਅੱਗੇ ਦੱਸਿਆ ਕਿ ਪਿਛਲੇ 20-22 ਸਾਲਾਂ ਦੇ ਅਰਸੇ ਦੌਰਾਨ ਨਗਰ ਕੌਂਸਲ ਬੁਢਲਾਡਾ ਨੂੰ ਆਈਆਂ ਗ੍ਰਾਂਟਾ ਵਿੱਚ ਕਰੋੜਾਂ ਰੁਪਏ ਦੀਆਂ ਕਥਿਤ ਘਪਲੇਬਾਜ਼ੀ ਹੋਈ ਹੈ।ਇਸ ਸਬੰਧੀ ਨਗਰ ਸੁਧਾਰ ਸਭਾ ਪਿਛਲੇ ਕਈ ਸਾਲਾਂ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੀ ਹੈ। ਮੌਜੂਦਾ ਪੰਜਾਬ ਸਰਕਾਰ ਨੂੰ ਇਸ ਸਬੰਧੀ ਫੌਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਰੇਲਵੇ ਰੋਡ ਦੇ ਨਿਰਮਾਣ , ਜਿੰਮ ਘੁਟਾਲੇ ਸਮੇਤ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕਥਿਤ ਘੁਟਾਲੇ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ। ਮੀਟਿੰਗ ਵਿੱਚ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਸਬੰਧੀ ਚਰਚਾ ਕੀਤੀ ਗਈ। ਸੰਸਥਾ ਦੇ ਆਗੂ ਨੇ ਕਿਹਾ ਕਿ ਨਹਿਰੀ ਪਾਣੀ ਦੀ ਬੰਦੀ ਸਮੇਂ ਪਾਣੀ ਦੀ ਘਾਟ ਸਬੰਧੀ ਸ਼ਹਿਰ ਦੇ ਜਲ ਘਰ ਵਿੱਚ ਘੱਟੋ-ਘੱਟ ਇੱਕ ਟਿਊਬਵੈੱਲ ਬੋਰ , ਜੋ ਕਿ ਛੇ ਸੌ ਫੁੱਟ ਡੂੰਘਾ ਹੋਵੇ। ਕੀਤਾ ਜਾਵੇ। ਇਸ ਤੋਂ ਬਿਨਾਂ ਇਹ ਵੀ ਮੰਗ ਕੀਤੀ ਕਿ ਡੇਂਗੂ ਮੱਛਰ -ਮੱਖੀਆਂ ਤੋਂ ਬਚਾਉ ਲੲੀ ਫੌਗਿੰਗ ਮਸ਼ੀਨ ਰਾਹੀਂ ਸਾਰੇ ਸ਼ਹਿਰ ਵਿੱਚ ਦਵਾਈ ਦਾ ਛਿੜਕਾਅ ਕੀਤਾ ਜਾਵੇ ਅਤੇ ਸਾਰੇ ਵਾਰਡਾਂ ਵਿੱਚ ਬਕਾਇਦਾ ਸਾਫ਼-ਸਫ਼ਾਈ ਬਿਨਾਂ ਭੇਦ-ਭਾਵ ਦੇ ਕੀਤੀ ਜਾਵੇ।

  ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਅਹਿਮ ਜਥੇਬੰਦਕ ਫੈਸਲਾ ਲੈਂਦਿਆ ਨਗਰ ਸੁਧਾਰ ਸਭਾ ਬੁਢਲਾਡਾ ਦੀ ਅਹੁਦੇਦਾਰ ਕਮੇਟੀ ਨੂੰ ਭੰਗ ਕੀਤਾ ਗਿਆ ਅਤੇ ਮੀਟਿੰਗ ਵਿੱਚ ਸੰਸਥਾ ਦੇ ਸੰਵਿਧਾਨ ਅਤੇ ਵਿਧਾਨ ਸਬੰਧੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।ਜਿਸ ਵਿੱਚ ਸਰਵ ਸ੍ਰੀ ਪ੍ਰੇਮ ਸਿੰਘ ਦੋਦੜਾ , ਸਤਪਾਲ ਸਿੰਘ ਕਟੌਦੀਆ , ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਮਾ.ਰਘੁਨਾਥ ਸਿੰਗਲਾ ਅਤੇ ਵਿਸ਼ਾਲ ਰਿਸ਼ੀ ਸ਼ਾਮਲ ਹਨ।

  ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਜਾਖਲ ਰੋਡ ਦੇ ਲੋਕਾਂ ਜਿੰਨਾਂ ਦੀ ਜਮੀਨ 148 ਬੀ ਨੈਸ਼ਨਲ ਹਾਈਵੇ ਵਿੱਚ ਆਈ ਹੈ , ਇੰਨਾਂ ਵਿੱਚੋਂ ਅਨੇਕਾਂ ਲੋਕਾਂ ਦੀ ਜਮੀਨ ਅਤੇ ਮਲਬੇ ਦੇ ਪੈਸੇ ਹਾਲਾਂ ਤੱਕ ਉਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਪਾਏ ਗਏ। ਜੇਕਰ ਇੰਨਾਂ ਲੋਕਾਂ ਨੂੰ ਬਣਦੀ ਰਾਸ਼ੀ ਦੀ ਅਦਾਇਗੀ ਨਾ ਕੀਤੀ ਤਾਂ ਨਗਰ ਸੁਧਾਰ ਸਭਾ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਵੇਗੀ।

Post a Comment

0 Comments