ਕਾਂਗਰਸ ਨੇ ਗੁਟਕਾ ਸਾਹਿਬ ਦੀਆਂ ਝੂਠੀਆਂ ਸਹੁੰਆਂ ਖਾ ਕੇ ਅਤੇ ਆਮ ਆਦਮੀ ਪਾਰਟੀ ਨੇ ਝੂਠੀਆਂ ਗਰੰਟੀਆਂ ਦੇ ਲੋਕਾਂ ਨੂੰ ਠੱਗਿਆ-ਸੁਖਬੀਰ ਸਿੰਘ ਬਾਦਲ

 


-ਕਿਹਾ 'ਆਪ ਨੇ 50-50 ਕਰੋੜ 'ਚ ਸਰਮਾਏਦਾਰਾਂ ਨੂੰ ਵੇਚੀਆਂ ਰਾਜ ਸਭਾ ਦੀਆਂ ਸੀਟਾਂ

   ਮਹਿਲ ਕਲਾਂ   21ਜੂਨ ( ਪ੍ਰਦੀਪ  ਸਿੰਘ ਲੋਹਗਡ਼੍ਹ )  -ਬਾਦਲ ਵਲੋਂ ਬੀਬੀ ਕਮਲਦੀਪ ਕੌਰ ਰਾਜੋਆਣਾ ਦੇ ਹੱਕ 'ਚ ਚੋਣ ਪ੍ਰਚਾਰਲੰਮੇਂ ਸਮੇਂ ਤੋਂ ਜੇਲਾਂ ਦੀਆਂ ਕਾਲ ਕੋਠੜੀਆਂ 'ਚ ਸੜ ਰਹੇ ਬੰਦੀ ਸਿੰਘਾਂ ਨੇ ਸਿੱਖ ਕੌਮ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਇਸ ਲਈ ਸਾਡਾ ਸਾਰਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਇਕਜੁੱਟ ਹੋ ਕੇ ਬੰਦੀ ਸਿੰਘਾਂ ਦੀ ਨੁਮਾਇੰਦਗੀ ਕਰ ਰਹੇ ਬੀਬੀ ਕਮਲਦੀਪ ਕੌਰ ਰਾਜੋਆਣਾ ਦਾ ਸਾਥ ਦੇਈਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਨੇ ਪਿੰਡ ਕੁਤਬਾ (ਬਰਨਾਲਾ) ਵਿਖੇ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾ ਕਿਹਾ ਕਿ ਜਦੋਂ ਰਾਜੋਆਣਾ ਨੂੰ ਫਾਂਸੀ ਦੇਣ ਦਾ ਫੈਸਲਾ ਕੀਤਾ ਗਿਆ ਸੀ ਉਸ ਸਮੇਂ ਜੇਕਰ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਨਾ ਹੁੰਦੀ ਤਾਂ ਭਾਈ ਰਾਜੋਆਣਾ ਨੂੰ ਕਦੋਂ ਦੀ ਫ਼ਾਂਸੀ ਦੇ ਦਿੱਤੀ ਗਈ ਹੁੰਦੀ। ਉਨ੍ਹਾ ਕਿਹਾ ਅਰਵਿੰਦ ਕੇਜਰੀਵਾਲ ਕਦੇ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦਾ, ਉਸ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਲੀ ਫ਼ਾਇਲ 'ਤੇ ਦਸਤਖ਼ਤ ਨਹੀਂ ਕੀਤੇ ਜਾ ਰਹੇ। ਪੰਜਾਬੀਆਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਹੀ ਹਮੇਸ਼ਾਂ ਪੰਜਾਬ ਅਤੇ ਪੰਥ ਦੀ ਲੜਾਈ ਲੜੀ ਹੈ। ਸ: ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਵਲੋਂ ਵੱਖ-ਵੱਖ ਸਮਿਆਂ 'ਤੇ ਮੁੱਖ ਮੰਤਰੀ ਹੁੰਦਿਆਂ ਹੋਇਆ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ ਹੈ ਕਿਹਾ ਸ਼੍ਰੋਮਣੀ ਅਕਾਲੀ ਦਲ ਕੰਮ ਕਰਨ 'ਚ ਯਕੀਨ ਰੱਖਦਾ ਹੈ, ਜਦਕਿ ਕਾਂਗਰਸ ਨੇ ਗੁਟਕਾ ਸਾਹਿਬ ਦੀਆਂ ਝੂਠੀਆਂ ਸਹੁੰਆਂ ਖਾ ਕੇ ਅਤੇ ਆਮ ਆਦਮੀ ਪਾਰਟੀ ਨੇ ਝੂਠੀਆਂ ਗਰੰਟੀਆਂ ਦੇ ਲੋਕਾਂ ਨੂੰ ਠੱਗਿਆ ਹੈ। ਕੇਜਰੀਵਾਲ ਵਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਇਕ ਵੀ ਗਰੰਟੀ ਪੂਰੀ ਨਹੀਂ ਹੋਵੇਗੀ, ਇਸ ਲਈ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਕੋਈ ਆਸ ਨਾ ਰੱਖਣ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੇ ਪੀ.ਏ. ਵਜੋਂ ਕੰਮ ਕਰ ਰਿਹਾ ਹੈ। ਲੋਕਾਂ ਵਲੋਂ ਦਿੱਤੇ ਜਿਸ ਹਰੇ ਪੈੱਨ ਦੀ ਗੱਲ ਉਹ ਕਰਦਾ ਹੈ, ਉਹੀ ਹਰਾ ਪੈੱਨ ਉਹ ਲੋਕ ਵਿਰੋਧੀ ਫ਼ੈਸਲੇ ਲੈਣ ਲਈ ਵਰਤ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਧੂਰੀ ਦੇ ਲੋਕ ਵੀ ਭਗਵੰਤ ਮਾਨ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ, ਕਿਉਂਕਿ ਜਿੱਤਣ ਤੋਂ ਬਾਅਦ ਉਸ ਨੇ ਲੋਕਾਂ ਦੀ ਬਾਤ ਨਹੀਂ ਪੁੱਛੀ। ਸਿੱਧੂ ਮੂਸੇਵਾਲੇ ਸਮੇਤ ਹੋਰਾਂ ਆਗੂਆਂ ਦੀ ਸੁਰਖਿਆ ਘਟਾ ਕੇ ਜਨਤਕ ਕਰਨ ਦੀ ਤਿੱਖੀ ਅਲੋਚਨਾ ਕਰਦਿਆਂ ਸ: ਬਾਦਲ ਨੇ ਕਿਹਾ ਕਿ ਜੇਕਰ ਭਗਵੰਤ ਮਾਨ 'ਚ ਹਿੰਮਤ ਹੈ ਤਾਂ ਉਹ ਪੰਜਾਬ ਸਰਕਾਰ ਵਲੋਂ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਨੂੰ ਦਿੱਤੀ ਸੁਰੱਖਿਆ ਵਾਪਸ ਲਵੇ। 'ਆਪ' ਵਲੋਂ ਰਾਜ ਸਭਾ 'ਚ ਭੇਜੇ ਮੈਂਬਰਾਂ ਚੋਂ ਇਕ ਵੀ ਆਮ ਆਦਮੀ ਨਹੀਂ ਬਲਕਿ ਇਸ ਪਾਰਟੀ ਵਲੋਂ 50-50 ਕਰੋੜ 'ਚ ਰਾਜ ਸਭਾ ਦੀਆਂ ਸੀਟਾਂ ਸਰਮਾਏਦਾਰ ਲੋਕਾਂ ਨੂੰ ਵੇਚੀਆਂ ਗਈਆਂ ਹਨ। ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਸਾਬਕਾ ਮੰਤਰੀ ਵਿਰਸਾ ਸਿੰਘ ਵਲਟੋਹਾ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਕਰਨੈਲ ਸਿੰਘ ਪੀਰ ਮੁਹੰਮਦ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ 23 ਜੂਨ ਨੂੰ ਇਕੱਲੀ ਇਕੱਲੀ ਵੋਟ ਤੱਕੜੀ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਜਿਤਾਇਆ ਜਾਵੇ। ਇਸ ਸਮੇਂ ਕੌਮੀ ਜਥੇਬੰਦਕ ਸਕੱਤਰ ਰਿੰਕ ਕੁਤਬਾ ਬਾਹਮਣੀਆਂ, ਜਥੇ: ਗੁਰਮੇਲ ਸਿੰਘ ਛੀਨੀਵਾਲ, ਸੁਖਵਿੰਦਰ ਸਿੰਘ ਨਿਹਾਲੂਵਾਲ, ਗੁਰਦੀਪ ਸਿੰਘ ਟਿਵਾਣਾ, ਸੁਖਵਿੰਦਰ ਸਿੰਘ ਸੁੱਖਾ, ਭਰਪਿੰਦਰ ਸਿੰਘ ਕੁਤਬਾ,ਹਰਬੰਸ ਸਿੰਘ ਲੋਹਗੜ੍ਹ ਸਾਬਕਾ ਸਰਪੰਚ   ਚੇਤ ਸਿੰਘ  ਲੋਹਗੜ੍ਹ     ਮੁਕੰਦ ਸਿੰਘ ਕੁਤਬਾ, ਬਲਵੰਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ।

Post a Comment

0 Comments