ਖੇਤੀਬਾੜੀ ਯੂਨੀਵਰਸਿਟੀ ਦੀ ਉੱਚ ਪੱਧਰੀ ਕਮੇਟੀ ਨੇ ਜ਼ਿਲੇ ਦੇ ਨਰਮੇ ਵਾਲੇ ਬਲਾਕਾਂ ਦਾ ਕੀਤਾ ਦੌਰਾ*

 


ਮਾਨਸਾ, 29 ਜੂਨ : ਗੁਰਜੰਟ ਸਿੰਘ ਬਾਜੇਵਾਲੀਆਓ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਆਈ ਉੱਚ ਪੱਧਰੀ ਕਮੇਟੀ ਵੱਲੋਂ ਡਾ. ਜੀ. ਐਸ. ਬੁੱਟਰ (ਅੱਪਰ ਨਿਰਦੇਸ਼ਕ ਪਸਾਰ ਸਿੱਖਿਆ) ਦੀ ਅਗਵਾਈ ਹੇਠ ਜ਼ਿਲਾ ਮਾਨਸਾ ਦੇ ਨਰਮੇ ਵਾਲੇ ਬਲਾਕਾਂ ਅਧੀਨ ਪੈਂਦੇ ਪਿੰਡਾਂ ਖਿਆਲੀ ਚਹਿਲਾਂ ਵਾਲੀ, ਘੁੱਦੂਵਾਲਾ, ਖਹਿਰਾ ਖੁਰਦ, ਖਹਿਰਾ ਕਲਾਂ, ਕਰੰਡੀ ਅਤੇ ਲਾਲਿਆਂ ਵਾਲੀ ਵਿੱਚ ਨਰਮੇ ਦੀ ਗੁਲਾਬੀ ਸੁੰਡੀ, ਚਿੱਟੀ ਮੱਖੀ, ਭੂਰੀ ਜੂੰ ਅਤੇ ਹਰੇ ਤੇਲੇ ਦੇ ਹਮਲੇ ਵਾਲੇ ਖੇਤਾਂ ਦਾ ਦੌਰਾ ਕੀਤਾ ਗਿਆ।

ਇਸ ਟੀਮ ਵਿੱਚ ਪਿ੍ਰੰਸੀਪਲ ਕੀਟ ਵਿਗਿਆਨੀ ਡਾ. ਵਿਜੈ, ਡਿਪਟੀ ਡਾਇਰੈਕਟਰ (ਟ੍ਰੇਨਿੰਗ) ਕਿ੍ਰਸ਼ੀ ਵਿਗਿਆਨ ਕੇਂਦਰ ਮਾਨਸਾ ਡਾ. ਗੁਰਦੀਪ ਸਿੰਘ, ਸੀਨੀਅਰ ਕੀਟ ਵਿਗਿਆਨੀ ਪੀ.ਐਸ. ਸ਼ੇਰਾ, ਕੀਟ ਵਿਗਿਆਨੀ ਡਾ. ਅਮਨਦੀਪ ਕੌਰ ਅਤੇ ਸਹਾਇਕ ਪ੍ਰੋਫੈਸਰ ਪੌਦ ਸੁਰੱਖਿਆ ਡਾ. ਰਣਵੀਰ ਸਿੰਘ ਸ਼ਾਮਿਲ ਸਨ। ਟੀਮ ਵਲੋਂ ਇਨਾਂ ਪਿੰਡਾਂ ਦੇ ਸਰਵੇਖਣ ਦੌਰਾਨ ਗੁਲਾਬੀ ਸੁੰਡੀ ਦਾ ਹਮਲਾ (1-2%) ਤੱਕ ਵੇਖਿਆ ਗਿਆ ਜੋ ਕਿ ਆਰਥਿਕ ਕਗਾਰ ਤੋਂ ਘੱਟ ਸੀ। ਇਸ ਸਬੰਧੀ ਟੀਮ ਨੇ ਦੱਸਿਆ ਕਿ ਗੁਲਾਬੀ ਸੁੰਡੀ ਦੇ ਹਮਲੇ ਵਾਲੇ ਫ਼ੁੱਲ ਭੰਬੀਰੀ ਦੀ ਸ਼ਕਲ ਲੈ ਲੈਂਦੇ ਹਨ। ਉਨਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਵੀਰ ਨੂੰ ਖੇਤ ਵਿੱਚ ਇਸ ਤਰਾਂ ਦੇ ਫੁੱਲ ਦਿਸਣ, ਤਾਂ ਉਹ ਫ਼ੁੱਲ ਤੋੜਕੇ ਨਸ਼ਟ ਕਰ ਦੇਣੇ ਚਾਹੀਦੇ ਹਨ। ਉਨਾਂ ਦੱਸਿਆ ਕਿ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ 1 ਬਾਲਗ ਪ੍ਰਤੀ ਪੱਤਾ ਤੋਂ 7 ਬਾਲਗ ਪ੍ਰਤੀ ਪੱਤਾ ਤੱਕ ਦੇਖਿਆ ਗਿਆ।

ਟੀਮ ਨੇ ਕਿਸਾਨਾਂ ਨੂੰ ਦੱਸਿਆ ਕਿ ਚਿੱਟੀ ਮੱਖੀ ਤੋਂ ਬਚਾਅ ਲਈ ਨਿਰੰਤਰ ਸਰਵੇਖਣ ਦੀ ਲੋੜ ਹੈ ਅਤੇ ਜਿੰਨਾਂ ਖੇਤਾਂ ਵਿੱਚ ਮੱਖੀ ਦੇ ਬਾਲਗਾਂ ਦੀ ਗਿਣਤੀ 6 ਤੋਂ ਵੱਧ ਹੈ, ਉਹਨਾਂ ਨੂੰ ਯੂਨੀਵਰਸਿਟੀ ਦੀ ਸਿਫਾਰਿਸ਼ ਮੁਤਾਬਿਕ ਸਪਰੇਆਂ ਕਰਨੀਆਂ ਜ਼ਰੂਰੀ ਹਨ। ਯੂਨੀਵਰਸਿਟੀ ਦੀਆਂ ਸਿਫਾਰਿਸ਼ ਸਪਰੇਆਂ ਬਾਰੇ ਚਾਨਣਾ ਪਾਉਂਦੇ ਟੀਮ ਨੇ ਦੱਸਿਆ ਕੇ ਜਿੰਨਾ ਖੇਤਾਂ ਵਿਚ ਹਮਲਾ ਘੱਟ ਹੈ ਓਥੇ ਨਿੰਮ ਵਾਲੇ ਕੀਟ ਨਾਸ਼ਕ ਨਿੰਬਈਸੀਡੀਨ ਜਾਂ ਅਚੂਕ (1ਲੀਟਰ ਪ੍ਰਤੀ ਏਕੜ) ਅਤੇ ਵੱਧ ਹਮਲੇ ਵਾਲ਼ੇ ਖੇਤਾਂ ਵਿਚ 80 ਗ੍ਰਾਮ ਉਲਾਲਾ 50 ਤਾਕਤ ਜਾਂ 200 ਗ੍ਰਾਮ ਪੋਲੋ ਨੂੰ 100-125 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ। ਸਰਵੇਖਣ ਦੌਰਾਨ ਭੂਰੀ ਜੂੰ (4-18 ਬਾਲਗ ਪ੍ਰਤੀ ਪੱਤਾ) ਅਤੇ ਤੇਲੇ ਦਾ ਹਮਲਾ ਘੱਟ ਦੇਖਿਆ ਗਿਆ।

ਯੂਨੀਵਰਸਿਟੀ ਤੋਂ ਆਈ ਉੱਚ ਪੱਧਰੀ ਟੀਮ ਨੇ ਪਿੰਡ ਖਿਆਲੀ ਚਹਿਲਾਂ ਵਾਲੀ ਅਤੇ ਖੈਰਾ ਖੁਰਦ ਵਿਚ 700 ਏਕੜ ਰਕਬੇ ਵਿੱਚ ਸਪਲੈਟ (Specilized Pheromono Lure Application Technology) ਅਤੇ PB-KNOT ਤਕਨੋਲੋਜੀ ਵਾਲੇ ਪ੍ਰਦਰਸ਼ਨੀ/ ਤਜ਼ਰਬਿਆਂ ਵਾਲੇ ਪਲਾਟਾਂ ਦਾ ਵੀ ਦੌਰਾ ਕੀਤਾ ਗਿਆ। ਟੀਮ ਨੇ ਕਿਸਾਨਾਂ ਨੂੰ ਨਿਰੰਤਰ ਸਰਵੇਖਣ ਦੀ ਅਪੀਲ ਕਰਦਿਆਂ ਲਗਾਤਾਰ ਯੂਨੀਵਰਸਿਟੀ, ਕਿ੍ਰਸ਼ੀ ਵਿਗਿਆਨ ਕੇਂਦਰ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੇ ਸੰਪਰਕ ਵਿਚ ਰਹਿਣ ਲਈ ਕਿਹਾ, ਤਾਂ ਜੋ ਮਿਲ ਕੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ।


Post a Comment

0 Comments