ਸ਼ਾਹਕੋਟ ਵਿਖੇ ਸਰਕਾਰੀ ਦਫਤਰਾਂ ‘ਚ ਚਲਾਇਆ ਡੇਂਗੂ ਜਾਗਰੂਕਤਾ ਅਭਿਆਨ


ਸ਼ਾਹਕੋਟ 26 ਜੂਨ (ਲਖਵੀਰ ਵਾਲੀਆ) :-
ਡੇਂਗੂ ਦੇ ਮੱਛਰ ਨੇ ਬਰਸਾਤ ਤੋਂ ਬਾਅਦ ਪਾਣੀ ਭਰਨ ਅਤੇ ਤਾਪਮਾਨ ਵਿੱਚ ਗਿਰਾਵਟ ਦਾ ਫਾਇਦਾ ਚੁੱਕਿਆ ਹੈ। ਥਾਂ-ਥਾਂ ਮੱਛਰਾਂ ਨੇ ਆਪਣੇ ਆਂਡੇ ਦੇ ਦਿੱਤੇ ਹਨ, ਜਿਸ ਤੋਂ ਲਾਰਵੇ ਬਣਨੇ ਸ਼ੁਰੂ ਹੋ ਗਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਨੇ ਡਰਾਈ-ਡੇ ਫਰਾਈਡੇ ਮੁਹਿੰਮ ਦੇ ਹਿੱਸੇ ਵਜੋਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਡੇਂਗੂ ਜਾਗਰੂਕਤਾ ਅਤੇ ਜਾਂਚ ਮੁਹਿੰਮਾਂ ਚਲਾਈਆਂ। ਇਸ ਦੌਰਾਨ ਸ਼ਾਹਕੋਟ ਦੇ ਸਰਕਾਰੀ ਦਫਤਰਾਂ ਸਮੇਤ ਘਰਾਂ ਆਦਿ ਦੀ ਚੈਕਿੰਗ ਕੀਤੀ ਗਈ। ਟੀਮਾਂ ਨੂੰ ਦੋ ਥਾਵਾਂ ’ਤੇ ਪਾਣੀ ਵਿੱਚ ਡੇਂਗੂ ਦਾ ਲਾਰਵਾ ਮਿਲਿਆ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਖੁਦ ਸਫਾਈ ਰੱਖਣ ਦਾ ਸੁਨੇਹਾ ਵੀ ਦਿੱਤਾ ਗਿਆ। ਸੀਨੀਅਰ ਮੈਡੀਕਲ ਅਫਸਰ ਡਾ. ਵਿਜੈ ਕੁਮਾਰ ਨੇ ਦੱਸਿਆ ਕਿ ਡਰਾਈ-ਡੇ ਫਰਾਈਡੇ ਮੁਹਿੰਮ ਤਹਿਤ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਟੀਮਾਂ ਬਣਾ ਕੇ ਨਗਰ ਪੰਚਾਇਤ ਦਫ਼ਤਰ, ਐਸਡੀਐਮ ਦਫ਼ਤਰ, ਸਰਕਾਰੀ ਕਾਲਜ, ਸੀਡੀਪੀਓ ਦਫ਼ਤਰ ਅਤੇ ਇਲਾਕੇ ਦੀਆਂ ਹੋਰ ਥਾਵਾਂ ’ਤੇ ਭੇਜੀਆਂ ਗਈਆਂ। ਇਸ ਦੌਰਾਨ ਬੱਸ ਸਟੈਂਡ ਨੇੜੇ ਬੇਕਾਰ ਪਏ ਟਾਇਰਾਂ ਅਤੇ ਇੱਕ ਥਾਂ 'ਤੇ ਜਮ੍ਹਾਂ ਹੋਏ ਬਰਸਾਤੀ ਪਾਣੀ ਵਿੱਚ ਡੇਂਗੂ ਦਾ ਲਾਰਵਾ ਮਿਲਿਆ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ। ਇਹ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ। ਪਰ ਇਸ ਦੇ ਨਾਲ ਹੀ ਲੋਕਾਂ ਨੂੰ ਖੁਦ ਵੀ ਇਸ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਜਿੱਥੇ ਕਿਤੇ ਵੀ ਪਾਣੀ ਭਰਦਾ ਹੈ, ਤੁਰੰਤ ਉਸ ਪਾਣੀ ਦਾ ਨਿਕਾਸ ਕਰਨਾ ਚਾਹੀਦਾ ਹੈ ਜਾਂ ਉਸ ਵਿੱਚ ਕਾਲਾ ਤੇਲ ਪਾ ਦੇਣਾ ਚਾਹੀਦਾ ਹੈ।

ਬਲਾਕ ਮਾਸ ਮੀਡੀਆ ਅਫਸਰ ਚੰਦਨ ਮਿਸ਼ਰਾ ਨੇ ਦੱਸਿਆ ਕਿ ਬਰਸਾਤ ‘ਚ ਘਰਾਂ ਦੀਆਂ ਛੱਤਾਂ ਅਤੇ ਆਲੇ-ਦੁਆਲੇ ਰੱਖੇ ਸਮਾਨ, ਬੇਕਾਰ ਪਈਆਂ ਚੀਜਾਂ, ਘਰਾਂ ਦੇ ਅੰਦਰ ਰੱਖੇ ਕੂਲਰਾਂ ਅਤੇ ਫ੍ਰਿਜ ਦੀ ਟ੍ਰੇਆਂ ਆਦਿ ਵਿੱਚ ਜਮਾ ਪਾਣੀ ਵਿੱਚ ਡੇਂਗੂ ਮੱਛਰ ਆਪਣੇ ਆਂਡੇ ਦਿੰਦਾ ਹੈ। ਆਂਡੇ ਤੋਂ ਲਾਰਵਾ ਅਤੇ ਮੱਛਰ ਬਣਦਾ ਹੈ। ਇਸ ਪੂਰੀ ਪ੍ਰਕਿਰਿਆ ਵਿੱਚ ਇੱਕ ਹਫ਼ਤੇ ਦਾ ਸਮਾਂ ਲੱਗਦਾ ਹੈ। ਇਸ ਲਈ ਲੋਕ ਇਹ ਧਿਆਨ ਰੱਖਣ ਕਿ ਕਿਸੇ ਵੀ ਸਰੋਤ ਵਿੱਚ ਇੱਕ ਹਫ਼ਤੇ ਤੱਕ ਪਾਣੀ ਜਮਾ ਨਾ ਰਹੇ। ਗਮਲਿਆਂ, ਪੰਛੀਆਂ ਨੂੰ ਪਾਣੀ ਪਿਲਾਉਣ ਲਈ ਰੱਖੇ ਕਟੋਰਿਆਂ ਆਦਿ ਦਾ ਪਾਣੀ ਵੀ ਬਦਲਦੇ ਰਹੋ, ਤਾਂ ਜੋ ਲਾਰਵਾ ਬਣਨ ਦਾ ਸਮਾਂ ਨਾ ਮਿਲੇ। ਜਾਗਰੂਕਤਾ ਮੁਹਿੰਮ ਟੀਮ ਵਿੱਚ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਸੁਖਪਾਲ ਸਿੰਘ, ਜਸਬੀਰ ਸਿੰਘ, ਲਖਬੀਰ ਸਿੰਘ, ਹੈਲਥ ਵਰਕਰ ਵਿਸ਼ਾਲ ਲਾਲ, ਰਵਿੰਦਰਨਾਥ ਗੁਪਤਾ, ਅੰਮ੍ਰਿਤਪਾਲ, ਕੁਲਦੀਪ ਸਿੰਘ, ਵਰਿੰਦਰ ਕੁਮਾਰ, ਅੰਮ੍ਰਿਤਪਾਲ ਸਿੰਘ, ਬਲਕਾਰ ਸਿੰਘ, ਇਕਬਾਲ ਸਿੰਘ, ਗਣੇਸ਼ ਕੁਮਾਰ, ਭੁਪਿੰਦਰ ਸਿੰਘ ਆਦਿ ਸ਼ਾਮਲ ਸਨ।

Post a Comment

0 Comments