*ਗੋਲਡ ਮੈਡਲਿਸਟ ਕਵੀਸ਼ਰ ਪੰਡਿਤ ਸੋਮਨਾਥ ਰੋਡੇ ਵਾਲਿਆਂ ਦਾ ਹੋਇਆ ਵਿਸ਼ੇਸ਼ ਸਨਮਾਨ*

 


ਮੋਗਾ/ ਨੱਥੂਵਾਲਾ ਗਰਬੀ 29 ਜੂਨ [ਸਾਧੂ ਰਾਮ ਲੰਗੇਆਣਾ] :=ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੀਤੇ ਦਿਨ ਨਾਮਧਾਰੀ ਸਿੱਖ ਸੰਗਤ ਵੱਲੋਂ ਸ੍ਰੀ ਠਾਕੁਰ ਦਲੀਪ ਸਿੰਘ ਦੀ ਰਹਿਨੁਮਾਈ ਹੇਠ ਭੱਟ ਕੀਰਤਿ ਜੀ ਤੇ ਭੱਟ ਨਲ ਜੀ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸੰਮੇਲਨ ਵਿੱਚ ਪੂਰੇ ਦੇਸ਼ ਵਿਚੋਂ ਪਹੁੰਚੇ ਵਿਦਵਾਨਾਂ ਵੱਲੋਂ 'ਸੋ ਬ੍ਰਹਮਣੁ ਭਲਾ ਆਖੀਐ' ਤੁਕ 'ਤੇ ਨਿੱਠ ਕੇ ਗੋਸ਼ਟੀ ਕੀਤੀ ਗਈ। ਸਮਾਗਮ ਵਿੱਚ ਮਾਲਵੇ ਦੇ ਮਾਣ ਮੱਤੇ ਗੋਲਡ ਮੈਡਲਿਸਟ ਕਵੀਸ਼ਰ ਪੰਡਿਤ ਸੋਮਨਾਥ ਰੋਡੇ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਮਾਗਮ ਵਿੱਚ ਬੋਲਦਿਆਂ ਪੰਡਿਤ ਸੋਮਨਾਥ ਰੋਡੇ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੇਲੇ ਜੰਗ ਦੌਰਾਨ ਲਾਹੌਰ ਦੇ ਸੂਬੇਦਾਰ ਮੁਰਤਜ਼ਾ ਖਾਨ ਨੂੰ ਮਾਰਨ ਵਾਲੇ ਮਹਾਨ ਯੋਧੇ ਭੱਟ ਕੀਰਤਿ ਜੀ ਦੀ ਕਲਮ ਦੇ ਨਾਲ-ਨਾਲ ਉਨ੍ਹਾਂ ਵੱਲੋਂ ਵਾਹੀ ਤੇਗ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਸਿੱਖ ਸਮਾਜ ਦਾ ਮੁੱਢਲਾ ਫਰਜ਼ ਹੈ ਕਿ ਅਜਿਹੇ ਮਹਾਨ ਯੋਧਿਆਂ ਨੂੰ ਇਤਿਹਾਸ ਵਿੱਚ ਯੋਗ ਸਥਾਨ ਦਿੱਤਾ ਜਾਵੇ; ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਵਿਰਸੇ ਤੋਂ ਜਾਣੂੰ ਹੋ ਸਕੇ। ਉਨ੍ਹਾਂ ਕਿਹਾ ਕਿ ਅੱਜ ਸਾਡੀ ਨੌਜਵਾਨ ਪੀੜ੍ਹੀ ਆਪਣੇ ਪੁਰਖਿਆਂ ਤੋਂ ਸੇਧ ਲੈਣ ਦੀ ਬਜਾਏ ਨਵੇਂ ਉੱਠੇ ਗਾਇਕਾਂ/ਗੀਤਕਾਰਾਂ ਵੱਲ ਝੁਕ ਰਹੀ ਹੈ ਜਦਕਿ ਸਾਡੇ ਕੋਲ ਮਿਆਰੀ ਸਾਹਿਤ ਦਾ ਅਮੁੱਕ ਖਜਾਨਾ ਪਿਆ ਹੈ। ਸਾਨੂੰ ਕਦੇ ਵੀ ਭੱਟ ਕੀਰਤਿ ਤੇ ਭੱਟ ਨਲ ਵਰਗੇ ਕਲਮ ਦੇ ਧਨੀਆਂ ਤੇ ਯੋਧਿਆਂ ਨੂੰ ਮਨੋ ਨਹੀਂ ਭੁਲਾਉਣਾ ਚਾਹੀਦਾ। ਇਸ ਮੌਕੇ ਪੰਡਿਤ ਸੋਮਨਾਥ ਰੋਡਿਆਂ ਵਾਲਿਆਂ ਦੇ ਸਮੁੱਚੇ ਕਵੀਸ਼ਰੀ ਜੱਥੇ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ।ਫੋਟੋ ਕੈਪਸਨ,,, ਗੋਲਡ ਮੈਡਲਿਸਟ ਕਵੀਸ਼ਰ ਪੰਡਤ ਸੋਮ ਨਾਥ ਰੋਡਿਆਂ ਵਾਲਿਆਂ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ੇਸ਼ ਸਨਮਾਨ ਕਰਦੇ ਹੋਏ ਸਮੂਹ ਪ੍ਰਬੰਧਕ ਨੁਮਾਇੰਦੇ

Post a Comment

0 Comments