ਸਹੁਰਿਆਂ ਤੋਂ ਤੰਗ ਵਿਆਹੁਤਾ ਨੇ ਖ਼ੁਦ ਨੂੰ ਅੱਗ ਲਾ ਕੀਤੀ ਖ਼ੁਦਕੁਸ਼ੀ

 


ਮਹਿਲ ਕਲਾਂ, 24 ਜੂਨ (ਪ੍ਰਦੀਪ  ਸਿੰਘ  ਲੋਹਗੜ੍ਹ )
-ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਰੜ 'ਚ ਸਹੁਰਿਆਂ ਤੋਂ ਤੰਗ ਇਕ ਨੌਜਵਾਨ ਵਿਆਹੁਤਾ ਵਲੋਂ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕਾ ਅਮਨਦੀਪ ਕੌਰ (32) ਪੁੱਤਰੀ ਦਰਸ਼ਨ ਸਿੰਘ ਵਾਸੀ ਗੰਗੋਹਰ (ਬਰਨਾਲਾ) ਦਾ ਵਿਆਹ 6 ਸਾਲ ਪਹਿਲਾਂ ਪਿੰਡ ਕੁਰੜ ਦੇ ਰਣਦੀਪ ਸਿੰਘ ਪੁੱਤਰ ਮੱਲ ਸਿੰਘ ਨਾਲ ਹੋਇਆ ਸੀ | ਵਿਆਹ ਤੋਂ ਕੁਝ ਸਮਾਂ ਬਾਅਦ ਹੀ ਸਹੁਰੇ ਪਰਿਵਾਰ ਨੇ ਅਮਨਦੀਪ ਕੌਰ ਨਾਲ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗੀ | ਅਜਿਹੇ ਹਾਲਾਤ ਕਾਰਨ ਲੜਕੀ ਜ਼ਿਆਦਾ ਸਮਾਂ ਆਪਣੇ ਪੇਕੇ ਪਿੰਡ ਹੀ ਰਹਿੰਦੀ ਰਹੀ, ਜਦੋਂ ਵੀ ਉਹ ਆਪਣੇ ਸਹੁਰੇ ਘਰ ਜਾਂਦੀ ਤਾਂ ਫਿਰ ਤੋਂ ਕਲੇਸ਼ ਸ਼ੁਰੂ ਹੋ ਜਾਂਦਾ | 5 ਸਾਲ ਪਹਿਲਾਂ ਅਮਨਦੀਪ ਕੌਰ ਨੇ ਇਕ ਬੇਟੇ ਨੂੰ ਜਨਮ ਦਿੱਤਾ, ਪਰ ਸਹੁਰੇ ਪਰਿਵਾਰ ਦਾ ਉਸ ਪ੍ਰਤੀ ਰਵੱਈਆ ਨਾ ਬਦਲਿਆ | ਘਟਨਾ ਤੋਂ 20 ਦਿਨ ਪਹਿਲਾਂ ਅਮਨਦੀਪ ਕੌਰ ਨੂੰ ਮਾਤਾ-ਪਿਤਾ ਸਹੁਰੇ ਘਰ ਛੱਡ ਕੇ ਆਏ ਸਨ, ਪਰ ਹਾਲਾਤ ਤੋਂ ਤੰਗ ਆ ਕੇ ਉਸ ਨੇ 20 ਜੂਨ ਨੂੰ ਖ਼ੁਦ ਨੂੰ ਅੱਗ ਲਗਾ ਲਈ, ਇਸ ਕਾਰਨ ਉਸ ਦਾ ਸਰੀਰ 95 ਫ਼ੀਸਦੀ ਤੱਕ ਸੜ ਗਿਆ | ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਗੰਭੀਰ ਜ਼ਖਮੀ ਹਾਲਤ 'ਚ ਇਲਾਜ ਲਈ ਲੁਧਿਆਣਾ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ | ਠੁੱਲੀਵਾਲ ਪੁਲਿਸ ਨੇ ਇਸ ਮਾਮਲੇ 'ਚ ਮਿ੍ਤਕਾ ਦੇ ਪਿਤਾ ਦਰਸ਼ਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਿ੍ਤਕਾ ਦੇ ਪਤੀ ਰਣਦੀਪ ਸਿੰਘ, ਸਹੁਰਾ ਮੱਲ ਸਿੰਘ, ਸੱਸ ਸੁਰਜੀਤ ਕੌਰ, ਜੇਠ ਪਵਿੱਤਰ ਸਿੰਘ, ਜੇਠ ਕਰਮਜੀਤ ਸਿੰਘ ਸਾਰੇ ਵਾਸੀ ਕੁਰੜ (ਬਰਨਾਲਾ) ਅਤੇ ਲੜਕੇ ਦੀ ਭੂਆ ਬਲਵਿੰਦਰ ਕੌਰ ਪਤਨੀ ਜਰਨੈਲ ਸਿੰਘ ਵਾਸੀ ਕੌਲਸ਼ੇੜੀ (ਸੰਗਰੂਰ) ਖ਼ਿਲਾਫ਼ ਪਰਚਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਮੁੱਖ ਅਫ਼ਸਰ ਹਰਸਿਮਰਨ ਸਿੰਘ, ਐੱਸ.ਆਈ. ਸੰਦੀਪ ਕੌਰ ਨੇ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਮਿ੍ਤਕਾ ਦੇ ਅੰਤਿਮ ਸਸਕਾਰ ਮੌਕੇ ਪਹੁੰਚੇ ਭਾਕਿਯੂ ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਅਮਰਜੀਤ ਸਿੰਘ ਕੁੱਕੂ, ਸਰਪੰਚ ਸੁਖਵਿੰਦਰ ਸਿੰਘ ਗੰਗੋਹਰ, ਮਾ: ਅਮਰਜੀਤ ਸਿੰਘ ਮਹਿਲ ਖੁਰਦ, ਸਰਬਜੀਤ ਸਿੰਘ ਗੰਗੋਹਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਵਲੋਂ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ |

Post a Comment

0 Comments