ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਬੱਸ ਅਤੇ ਟਰੱਕ ਵਿਚਕਾਰ ਵਾਪਰੇ ਸੜਕ ਹਾਦਸੇ ਵਿੱਚ ਬੱਸ ਡਰਾਈਵਰ ਦੀ ਮੌਤ ਅਤੇ 5 ਜ਼ਖ਼ਮੀ


ਮਹਿਲ ਕਲਾਂ  (ਪ੍ਰਦੀਪ ਸਿੰਘ ਲੋਹਗੜ੍ਹ )
ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਪਿੰਡ ਨਿਹਾਲੂਵਾਲ ਦੱਧਾਹੂਰ ਵਿਚਕਾਰ ਡਰੇਨ ਦੇ ਪੁਲ ਦੇ ਨਜ਼ਦੀਕ ਅੱਜ ਸਵੇਰੇ 6 ਵਜੇ ਦੇ ਕਰੀਬ ਸਲੀਪਰ ਬੱਸ ਅਤੇ ਟਰੱਕ ਦੀ ਆਹਮੋ ਸਾਹਮਣੀ ਭਿਆਨਕ ਟੱਕਰ 'ਚ ਬੱਸ ਚਾਲਕ ਦੀ ਮੌਤ ਅਤੇ 5 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਨਿੱਜੀ ਕੰਪਨੀ ਦੀ ਬੱਸ 35 ਦੇ ਕਰੀਬ ਸਵਾਰੀਆਂ ਨੂੰ ਲੈ ਕੇ ਜੈਪੁਰ ਤੋਂ ਲੁਧਿਆਣਾ ਜਾ ਰਹੀ ਸੀ, ਕਿ 6 ਵਜੇ ਡਰੇਨ ਦੇ ਪੁਲ਼ ਨਜ਼ਦੀਕ ਪੁੱਜਣ 'ਤੇ ਉਹ ਮੂਹਰੋਂ ਆ ਰਹੇ ਇਕ ਟਰੱਕ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਅਤੇ ਟਰੱਕ ਦਾ ਮੂਹਰਲਾ ਪਾਸਾ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਗਿਆ। ਇਸ ਘਟਨਾ 'ਚ ਬੱਸ ਚਾਲਕ ਗੋਕਲ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਸਨੋਰੜਾ ਸੀਕਰ (ਰਾਜਸਥਾਨ) ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਟਰੱਕ ਚਾਲਕ ਦੀ ਹਾਲਤ ਗੰਭੀਰ ਬਣੀ ਹੋਈ। ਡਾਕਟਰਾਂ ਵਲੋਂ ਉਸ ਨੂੰ ਇਲਾਜ ਲਈ ਪੀ.ਜੀ.ਆਈ. ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬੱਸ 'ਚ ਸਵਾਰ 4 ਸਵਾਰੀਆਂ ਦੇ ਸੱਟਾਂ ਲੱਗੀਆਂ ਹਨ। ਨੌਜਵਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਖੇਤਾਂ 'ਚ ਕੰਮ ਕਰ ਸਨ, ਉਨ੍ਹਾਂ ਨੇ ਆਪਣੀ ਜੀ.ਸੀ.ਬੀ. ਮਸ਼ੀਨ ਅਤੇ ਹੋਰ ਰਾਹਗੀਰਾਂ ਦੀ ਮਦਦ ਨਾਲ ਬੱਸ ਅਤੇ ਟਰੱਕ ਨੂੰ ਅਲੱਗ ਕੀਤਾ ਅਤੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਇਲਾਜ ਲਈ ਭੇਜਿਆ। ਮਹਿਲ ਕਲਾਂ ਪੁਲਿਸ ਦੇ ਸਬ-ਇੰਸਪੈਕਟਰ ਸੱਤਪਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਸਥਿਤੀ ਦਾ ਜ਼ਾਇਜਾ ਲਿਆ। ਇਸ ਸੜਕ ਹਾਦਸੇ ਵਿਚ ਜ਼ਖ਼ਮੀਆਂ ਪਹਿਚਾਣ ਨਹੀਂ ਹੋ ਸਕੀ।

ਬੱਸ ਚੋਂ ਮਿਲੀਆਂ ਦੋ ਨੰਬਰ ਪਲੇਟਾਂ: ਹਾਦਸਾਗ੍ਰਸਤ ਬੱਸ ਦਾ ਨੰਬਰ ਰਾਜਸਥਾਨ ਨਾਲ ਸਬੰਧਤ ਹੈ, ਜਦਿਕ ਉਸ ਚੋਂ ਅਰੁਨਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਨੰਬਰਾਂ ਵਾਲੀਆਂ ਦੋਂ ਵੱਖ-ਵੱਖ ਨੰਬਰ ਪਲੇਟਾਂ ਮਿਲੀਆਂ ਹਨ। ਲੋਕਾਂ ਦਾ ਕਹਿਣਾ ਸੀ ਕਿ ਪ੍ਰਾਈਵੇਟ ਬੱਸ ਮਾਲਕਾ ਵਲੋਂ ਬੱਸ ਦੀਆਂ ਨੰਬਰ ਪਲੇਟਾਂ ਬਦਲ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਬੱਸ ਮਾਲਕਾਂ ਨੇ ਇਹ ਦੋ ਵੱਖੋ-ਵੱਖ ਨੰਬਰਾਂ ਦੀਆਂ ਨੰਬਰ ਪਲੇਟਾਂ ਕਿਉਂ ਰੱਖੀਆਂ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।

Post a Comment

0 Comments