ਡਾ.ਐਸ.ਪੀ.ਸਿੰਘ ਓਬਰਾਏ ਦਾ ਇੱਕ ਹੋਰ ਵੱਡਾ ਪਰਉਪਕਾਰ ਬਜ਼ੁਰਗ ਮਾਪਿਆਂ ਦੇ ਇਕਲੌਤੇ ਪੁੱਤ ਗੁਰਪ੍ਰੀਤ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ,ਬੀਤੀ 5 ਜੁਲਾਈ ਨੂੰ ਦੁਬਈ ਵਿੱਚ ਹੋਈ ਸੀ ਮੌਤ।

 


ਫਿਰੋਜਪੁਰ, 7 ਜੁਲਾਈ ( ਹਰਜਿੰਦਰ ਸਿੰਘ ਕਤਨਾ) -  ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਫਿਰੋਜ਼ਪੁਰ  ਨਾਲ ਸਬੰਧਿਤ 35 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਫਿਰੋਜਪੁਰ ਪੁੱਜਾ।

       ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਇਸਤਰੀ ਵਿੰਗ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਸੁਧਾਰਨ ਲਈ ਕਰੀਬ ਸਵਾ ਸਾਲ ਪਹਿਲਾਂ ਹੀ ਦੁਬਈ ਗਿਆ ਸੀ ਕਿ ਬਦਕਿਸਮਤੀ ਨਾਲ ਬੀਤੀ 5 ਜੁਲਾਈ ਨੂੰ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਉਸਦੀ ਮੌਤ ਹੋ ਗਈ ਸੀ। ਇਸ ਘਟਨਾ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਨਾਲ ਸੰਪਰਕ ਕਰ ਕੇ ਦੱਸਿਆ ਕਿ ਮਿ੍ਤਕ ਗੁਰਪ੍ਰੀਤ ਸਿੰਘ ਜੋ ਕਿ ਆਪਣੇ ਬਜ਼ੁਰਗ ਮਾਪਿਆਂ ਦਾ ਇਕਲੌਤਾ ਸਹਾਰਾ ਸੀ,ਉਸਦਾ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਉਨ੍ਹਾਂ  ਦੀ ਮਦਦ ਕੀਤੀ ਜਾਵੇ, ਜਿਸ ਉਪਰੰਤ ਉਨ੍ਹਾਂ ਭਾਰਤੀ ਦੂਤਾਵਾਸ ਦੇ ਵੱਡੇ ਸਹਿਯੋਗ ਅਤੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ 'ਚ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਗੁਰਪ੍ਰੀਤ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ। ਉਨ੍ਹਾਂ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦਿਆਂ ਦੱਸਿਆ ਕਿ ਗੁਰਪ੍ਰੀਤ ਦਾ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਆਇਆ ਖਰਚ ਉਸਦੀ ਦੁਬਈ ਰਹਿੰਦੀ ਭੈਣ,ਦੋਸਤਾਂ ਤੇ ਹੋਰ ਹਮਦਰਦਾਂ ਨੇ ਸਾਂਝੇ ਰੂਪ 'ਚ ਕੀਤਾ ਹੈ। 

  ਪੀਡ਼ਤ ਪਰਿਵਾਰ ਕੋਲ ਅੰਤਿਮ ਸੰਸਕਾਰ ਮੌਕੇ 'ਤੇ ਦੁੱਖ ਸਾਂਝਾ ਕਰਨ ਪਹੁੰਚੇ ਟਰੱਸਟ ਦੀ ਫਿਰੋਜਪੁਰ ਟੀਮ ਦੇ ਇਸਤਰੀ ਵਿੰਗ ਦੇ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ,ਦਵਿੰਦਰ ਸਿੰਘ ਛਾਬੜਾ , ਬਲਵਿੰਦਰ ਪਾਲ ਸ਼ਰਮਾ ਅਤੇ ਕੰਵਲਜੀਤ ਸਿੰਘ ਨੇ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 305 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।

       ਇਸ ਦੌਰਾਨ ਮ੍ਰਿਤਕ  ਗੁਰਪ੍ਰੀਤ ਦੀ ਭੈਣ ਮਨਜੀਤ ਕੌਰ,ਜੀਜਾ ਵਿਕਰਮਜੀਤ ਸਿੰਘ, ਚਾਚਾ ਓਮ ਪ੍ਰਕਾਸ਼ ਅਤੇ ਬਲਵਿੰਦਰ ਸਿੰਘ ਨੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਗੁਰਪ੍ਰੀਤ ਦੇ ਬਜ਼ੁਰਗ ਮਾਪਿਆਂ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ। 

  ਕੈਪਸ਼ਨ 2 :  ਮ੍ਰਿਤਕ ਗੁਰਪ੍ਰੀਤ ਸਿੰਘ ਦੀ ਫਾਈਲ ਫੋਟੋ।

Post a Comment

0 Comments