ਮੂੰਗੀ ਦੀ ਖਰੀਦ ਨਾ ਹੋਣ ਕਾਰਨ ਮਾਰਕਫੈੱਡ ਦਫਤਰ ਅੱਗੇ ਕਿਸਾਨਾਂ ਨੇ ਕੀਤੀ ਨਾਹਰੇਬਾਜ਼ੀ

 ਮਾਰਕਫੈੱਡ ਦੇ ਕੁੱਝ ਇੰਸਪੈਕਟਰਾਂ,ਅਧਿਕਾਰੀਆਂ ਵਲੋਂ ਬੇਵਜ੍ਹਾ ਖੱਜਲ ਖ਼ੁਆਰ ਕੀਤੇ ਜਾਣ ਨੂੰ ਲੈ ਕੇ ਭਖਿਆ ਮਾਮਲਾ 


ਬਰਨਾਲਾ,1,ਜੁਲਾਈ /ਕਰਨਪ੍ਰੀਤ ਧੰਦਰਾਲ /
-ਪੰਜਾਬ ਸਰਕਾਰ ਨੇ ਸੂਬੇ 'ਚ ਮੂੰਗੀ ਦੀ ਫ਼ਸਲ ਘੱਟੋ-ਘੱਟ ਸਮਰਥਨ ਮੁੱਲ 'ਤੇ ਕਿਸਾਨਾਂ ਪਾਸੋਂ ਸਿੱਧੇ ਤੌਰ 'ਤੇ ਖਰੀਦਣ ਸਬੰਧੀ ਐਲਾਨ ਕੀਤਾ ਸੀ, ਪਰ ਕਿਸਾਨਾਂ ਦੀ ਮੂੰਗੀ ਦੀ ਫ਼ਸਲ ਮੰਡੀਆਂ 'ਚ ਰੁਲ ਰਹੀ ਹੈ। ਬਰਨਾਲਾ ਦੀ ਦਾਣਾ ਮੰਡੀ 'ਚ ਪਿਛਲੇ ਕਈ ਦਿਨਾਂ ਤੋਂ ਮੂੰਗੀ ਦੀ ਫ਼ਸਲ ਦੀ ਖਰੀਦ ਦੀ ਉਡੀਕ ਕਰ ਰਹੇ ਕਿਸਾਨਾਂ ਨੇਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਸਾਨ ਜਥੇਬੰਦੀਆਂ ਦੀ ਮਦਦ ਨਾਲ ਮਾਰਕਫੈੱਡ ਦਫ਼ਤਰ ਅੱਗੇ ਧਰਨਾ ਲਗਾ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਨਾਜ ਮੰਡੀ ਬਰਨਾਲਾ ਵਿਖੇ ਮੂੰਗੀ ਦੀ ਖ਼ਰੀਦ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ, ਲੀਗਲ ਸੈੱਲ ਚੇਅਰਪਰਸਨ ਪੰਜਾਬ ਐਡਵੋਕੇਟ ਮਨਵੀਰ ਕੌਰ ਰਾਹੀ, ਬਲਾਕ ਪ੍ਰਧਾਨ ਮਹਿਲ ਕਲਾਂ ਸ਼ਿੰਗਾਰਾ ਸਿੰਘ ਤੇ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਰਣਜੀਤ ਸਿੰਘ ਨੇ ਕਿਹਾ ਕਿ ਕਿਸਾਨ ਮੂੰਗੀ ਦੀ ਬੋਲੀ ਨਾ ਲੱਗਣ ਕਾਰਨ ਪਿਛਲੇ 10-15 ਦਿਨਾਂ ਤੋਂ ਖੱਜਲ ਖ਼ੁਆਰ ਹੋ ਰਹੇ ਹਨ ਜਿਸ ਵੱਲ ਸਰਕਾਰ ਅਤੇ ਸਬੰਧਤ ਏਜੰਸੀ ਦੇ ਅਧਿਕਾਰੀਆਂ ਦਾ ਕੋਈ ਧਿਆਨ ਨਹੀਂ ਹੈ |

                                   ਇਸ ਮੌਕੇ ਉਨ੍ਹਾਂ ਸੂਬਾ ਸਰਕਾਰ ਅਤੇ ਮਾਰਕਫੈੱਡ ਦੇ ਕੁੱਝ ਇੰਸਪੈਕਟਰ ਅਧਿਕਾਰੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਮੂੰਗੀ ਤੇ ਐੱਮ.ਐੱਸ.ਪੀ. ਰੇਟ ਸਬੰਧੀ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰੰਤੂ ਕਈ ਦਿਨਾਂ ਤੋਂ ਬੈਠੇ ਕਿਸਾਨਾਂ ਨੂੰ ਮਾਰਕਫੈੱਡ ਦੇ ਇੰਸਪੈਕਟਰਾਂ ਅਧਿਕਾਰੀਆਂ ਵਲੋਂ ਬੇਵਜ੍ਹਾ ਖੱਜਲ ਖ਼ੁਆਰ ਕੀਤਾ ਜਾ ਰਿਹਾ ਹੈ | ਕਿਸਾਨਾਂ ਦੀ ਮੁਸ਼ਕਲ ਨੂੰ ਲੈ ਕੇ ਕੋਈ ਵੀ ਸਰਕਾਰ ਦਾ ਆਗੂ ਉਨ੍ਹਾਂ ਦੀ ਸਾਰ ਲੈਣ ਨੂੰ ਤਿਆਰ ਨਹੀਂ ਹੈ ਅਤੇ ਨਾ ਹੀ ਮੰਡੀ ਅੰਦਰ ਪਹੁੰਚ ਕੇ ਕਿਸਾਨਾਂ ਦੀ ਫ਼ਸਲ ਮੂੰਗੀ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ | ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਬੰਧਤ ਅਧਿਕਾਰੀਆਂ ਵਲੋਂ ਮੂੰਗੀ ਦੀ ਬੋਲੀ ਨਾ ਲਗਾਈ ਗਈ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ | ਇਸ ਮੌਕੇ ਬਲਾਕ ਪ੍ਰਧਾਨ ਬਰਨਾਲਾ ਬਹਾਦਰ ਸਿੰਘ, ਬਲਾਕ ਪ੍ਰਧਾਨ ਸ਼ਹਿਣਾ ਬੂਟਾ ਸਿੰਘ ਰਹਿਲ, ਭਾਕਿਯੂ ਏਕਤਾ ਉਗਰਾਹਾਂ ਦੇ ਮੀਤ ਪ੍ਰਧਾਨ ਰੇਸ਼ਮ ਸਿੰਘ, ਹਰਪਾਲ ਸਿੰਘ ਜਨਰਲ ਸਕੱਤਰ, ਨਿਸ਼ਾਨ ਸਿੰਘ, ਰਣਜੀਤ ਸਿੰਘ, ਹਰਜੀਤ ਸਿੰਘ, ਬਲਜੀਤ ਸਿੰਘ, ਦਵਿੰਦਰ ਸਿੰਘ ਠੀਕਰੀਵਾਲਾ, ਬੂਟਾ ਸਿੰਘ ਸ਼ਹਿਣਾ ਆਦਿ ਹਾਜ਼ਰ ਸਨ |

Post a Comment

0 Comments