ਮੁਆਵਜ਼ਾ ਨਹੀ ਮਿਲਦਾ ਤਾਂ ਓਨਾ ਚਿਰ ਰਾਸ਼ਟਰੀ ਮਾਰਗ ਦਾ ਕੰਮ ਰਹੇਗਾ ਠੱਪ

 ਬੁਢਲਾਡਾ 12 ਜੁਲਾਈ( ਦਵਿੰਦਰ ਸਿੰਘ ਕੋਹਲੀ) ਪ੍ਰਸ਼ਾਸ਼ਨ ਅਤੇ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੀ ਮੁੱਦਿਆਂ ਦਾ ਹੱਲ ਕਰਦੀ ਹੈ ਜਦੋਂ ਕਿ ਗਰੀਬ ਲੋਕਾਂ ਦੇ ਮਸਲਿਆਂ ਨੂੰ ਹਮੇਸਾਂ ਕੁਚਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਸਟਰੀ ਮਾਰਗ ਦੇ ਮੁਆਵਜ਼ਾ ਪੀੜਤ ਪਰਿਵਾਰਾਂ ਦੇ 27ਵੇਂ ਦਿਨ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਇਹ ਗਰੀਬ ਪਰਿਵਾਰ ਆਪਣੇ ਮੁਆਵਜ਼ੇ  ਲਈ ਆਪਣੇ ਪਰਵਾਰ ਸਮੇਤ ਪਿਛਲੇ 27 ਦਿਨਾਂ ਤੋਂ ਰਾਸ਼ਟਰੀ ਮਾਰਗ ਹੇਠ ਧਰਨਾ ਲਾਕੇ ਬੈਠੇ ਹਨ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਰਾਜਨੀਤਿਕ ਵਿਅਕਤੀ ਨੇ ਪਿਛਲੇ ਚਾਰ ਸਾਲਾਂ ਤੋਂ ਦੁੱਖ ਹੰਢਾ ਰਹੇ ਇਨ੍ਹਾਂ ਪਰਿਵਾਰਾਂ ਦੀ ਸਾਰ ਤੱਕ ਨਹੀ ਕਿਉਂਕਿ ਸਰਕਾਰ, ਪ੍ਰਸ਼ਾਸ਼ਨਿਕ ਅਧਿਕਾਰੀ ਤੇ ਰਾਜਨੀਤਿਕ ਵਿਅਕਤੀ ਵੱਡੇ ਘਰਾਣਿਆਂ ਦੀ ਹੀ ਗੱਲ ਕਰਦੇ ਹਨ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਵਿਚ ਹਮੇਸ਼ਾ ਰੁੱਝੇ ਰਹਿੰਦੇ ਹਨ ਜਦੋਂ ਕਿ ਗਰੀਬ ਲੋਕਾਂ ਦੇ ਹੱਕਾਂ ਨੂੰ ਹਮੇਸ਼ਾ ਕੁਚਲਿਆ ਜਾਂਦਾ ਹੈ। ਉਹਨਾਂ ਕਿਹਾ ਕਿ ਭਾਵੇਂ ਕੁਝ ਵੀ ਹੋਵੇ ਜਿੰਨਾ ਚਿਰ ਤੱਕ ਇਹਨਾਂ ਲੋਕਾਂ ਦਾ ਉਜਾੜਾ ਭੱਤਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਧਰਨੇ ਵਿੱਚ ਸ਼ਰੀਕ ਹੁੰਦੇ ਹੋਏ ਇਨ੍ਹਾਂ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਉਨ੍ਹਾਂ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਧਿਕਾਰੀਆਂ ਦੀ ਇਹ ਵੱਡੀ ਭੁੱਲ ਹੋਵੇਗੀ ਕਿ ਇਹ ਲੋਕ ਬਿਨਾ ਮੁਆਵਜ਼ਾ ਲਏ ਆਪਣਾ ਧਰਨਾ ਸਮਾਪਤ ਕਰ ਦੇਣਗੇ। ਉਹਨਾਂ ਕਿਹਾ ਕਿ ਜਦੋਂ ਤੱਕ ਮੁਆਵਜ਼ਾ ਨਹੀਂ ਮਿਲਦਾ ਰਾਸ਼ਟਰੀ ਮਾਰਗ ਦਾ ਕੰਮ ਓਨਾ ਚਿਰ  ਨਹੀਂ ਚੱਲਣ ਦੇਣਗੇ ਭਾਵੇਂ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ।

Post a Comment

0 Comments