ਪੀੜਤ ਪਰਵਾਰਾਂ ਦੇ ਉਜਾੜੇ ਦਾ ਮੁਆਵਜ਼ਾ ਦਵਾ ਕੇ ਹੀ ਦਮ ਲਵੇਗੀ ਜਥੇਬੰਦੀ:-ਦਿਆਲਪੁਰਾ


ਬੁਢਲਾਡਾ 7 ਜੁਲਾਈ (ਦਵਿੰਦਰ ਸਿੰਘ ਕੋਹਲੀ )
ਰਾਸ਼ਟਰੀ ਮਾਰਗ 148 ਬੀ ਦੇ ਮੁਆਵਜ਼ਾ ਪੀੜਤ ਗਰੀਬ ਪਰਿਵਾਰਾਂ ਦਾ ਧਰਨਾ 22ਵੇਂ ਦਿਨ ਦਾਖਲ ਹੋ ਗਿਆ। ਅੱਜ ਦੇ ਧਰਨੇ ਵਿੱਚ ਪੀੜਤ ਪਰਿਵਾਰਾਂ ਦੇ ਬੱਚਿਆਂ ਅਤੇ ਕਿਸਾਨ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਧਰਨੇ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਇਹ ਗਰੀਬ ਪਰਵਾਰ ਜੋ ਪਿਛਲੇ ਚਾਰ ਸਾਲਾਂ ਤੋਂ ਆਪਣੇ ਉਜਾੜੇ ਭੱਤੇ ਤੇ ਦੀ ਆਸ ਲਾਈ ਬੈਠੇ ਸੀ ਪਰ ਜਦੋਂ ਉਨ੍ਹਾਂ ਨੂੰ ਪ੍ਰਸ਼ਾਸ਼ਨ ਅਤੇ ਰਾਜਨੀਤੀਕ ਵਿਅਕਤੀਆਂ ਦੇ ਲਾਰਿਆਂ ਤੋਂ ਸਿਵਾ ਕੁਝ ਨਾ ਮਿਲਿਆ ਆਖਿਰ ਉਨ੍ਹਾਂ ਨੇ ਆਪਣੇ ਉਜਾੜੇ ਭੱਤੇ ਦਾ ਮੁਆਵਜ਼ਾ ਲੈਣ ਲਈ ਮੋਰਚਾ ਲਾ ਦਿੱਤਾ। ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ 22 ਦਿਨ ਬੀਤਣ ਦੇ ਬਾਵਜ਼ੂਦ ਇਹਨਾਂ ਦੱਬੇ ਕੁਚਲੇ ਲੋਕਾਂ ਦਾ ਮੁਆਵਜ਼ਾ ਦੇਣ ਲਈ ਕੋਈ ਹੱਲ ਨਹੀਂ ਕੱਡਿਆ। ਪਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਉਹਨਾਂ ਦੇ ਹੱਕ ਲਈ ਚਟਾਨ ਵਾਂਗ ਉਨ੍ਹਾਂ ਨਾਲ ਖੜੀ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪ੍ਰਸ਼ਾਸਨ ਇਹ ਦੇਖਣਾ ਚਾਹੁੰਦਾ ਹੈ ਕਿ ਇਹ ਲੋਕ ਦੋ ਚਾਰ ਦਿਨ ਧਰਨਾ ਲਗਾ ਕੇ ਚਲੇ ਜਾਣਗੇ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅੱਜ ਤਕ ਗਰੀਬਾਂ ਦੇ ਹੱਕਾਂ ਲਈ ਲੜਦੀ ਆ ਰਹੀ ਹੈ ਅਤੇ ਹੁਣ ਵੀ ਇਨ੍ਹਾਂ ਗਰੀਬ ਪਰਵਾਰਾਂ ਦੇ ਮੁਆਵਜ਼ੇ ਦਾ ਹੱਲ ਕਰਵਾ ਕੇ ਹੀ ਦਮ ਲਵੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਭਾਵੇਂ ਆਪਣੇ ਘਰੇਲੂ ਕੰਮਾਂ ਵਿਚਰਣ ਪਰ ਆਮ ਲੋਕਾਂ ਤੇ ਹੋ ਰਹੇ ਅੱਤਿਆਚਾਰ ਅਤੇ ਬੇਇਨਸਾਫੀ ਵੱਲ ਵੀ ਧਿਆਨ ਦੇਣ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਦਾ ਇੱਕਾ ਦੁੱਕਾ ਦਿਨਾਂ ਵਿੱਚ ਹੱਲ ਨਾ ਹੋਇਆ ਤਾਂ ਇਹ ਸੰਘਰਸ਼ ਵਿਸ਼ਾਲ ਰੂਪ ਧਾਰਨ ਕਰੇਗਾ ਜਿਸ ਦੀ ਸਰਕਾਰ ਅਤੇ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਵੇਗਾ।

Post a Comment

0 Comments