ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹੀਦ ਭਗਤ ਸਿੰਘ ਯਾਦਗਾਰੀ ਗੇਟ ਕੋਲ ਲੱਗੇ ਕੂੜੇ ਦੇ ਢੇਰ ਜੋ ਕਿ ਮੁਹੱਲੇ ਵਿਚ ਦਾਖਲ ਹੋਣ ਲਈ ਪਹਿਲਾ ਰਸਤਾ ਹੈ


 ਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ 

ਭਾਵੇਂ ਸੂਬੇ ਵਿਚ ਸਰਕਾਰ ਬਦਲ ਜਾਵੇ ਭਾਵੇਂ ਜਿਲੇ ਦੇ ਸਾਰੇ ਪ੍ਰਸ਼ਾਸ਼ਨਿਕ ਅਧਿਕਾਰੀ ਬਦਲ ਦਿੱਤੇ ਜਾਣ ਪਰ ਮਾਨਸਾ ਸ਼ਹਿਰ ਦੀ ਸਫਾਈ ਦੀ ਸਮੱਸਿਆ ਪ੍ਰਤੀ ਕੋਈ ਵੀ ਗੰਭੀਰ ਨਹੀਂ ਹੁੰਦਾ । ਸ਼ਹਿਰ ਦੇ ਨਾਲੇ, ਨਾਲੀਆਂ ਅਤੇ ਗਲੀਆਂ ਦੀ ਸਫਾਈ ਦਾ ਹਾਲ ਬੁਰਾ ਹੀ ਰਹਿੰਦਾ ਹੈ। ਉਪਰੋਂ ਥੋੜੀ ਜਿਹੀ ਬਾਰਸ਼ ਹੀ ਚੋਣਾਂ ਵਿਚ ਸ਼ਹਿਰ ਦੇ ਵਿਕਾਸ  ਦੇ ਨਾਅਰੇ ਲਾਕੇ ਚੋਣਾਂ ਜਿੱਤਣ ਵਾਲੇ ਲੀਡਰਾਂ ਦੀ ਪੋਲ ਖੋਲ ਦਿੰਦੀ ਹੈ।


ਸ਼ਹੀਦ ਭਗਤ ਸਿੰਘ ਨਗਰ ਸੁਧਾਰ ਸਭਾ ਦੇ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਸ਼ਹਿਰ ਦੇ ਨਾਲੇ ਅਤੇ ਗਲੀਆਂ ਨਾਲੀਆਂ ਦੀ ਸਫਾਈ ਸੰਬੰਧੀ ਉਹ ਕਈ ਵਾਰ ਜਿਲੇ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਸਮੇਤ ਸੰਬੰਧਿਤ ਅਧਿਕਾਰੀਆਂ ਨੂੰ ਮਿਲ ਚੁਕੇ ਹਨ ਪਰ ਸਮੱਸਿਆ ਦੇ ਹੱਲ ਦੀ ਕਾਰਵਾਈ ਕਰਨ ਦੀ ਕੋਈ ਅਧਿਕਾਰੀ ਕੋਸ਼ਿਸ਼ ਨਹੀਂ ਕਰਦਾ। ਉਹਨਾਂ ਕਿਹਾ ਕਿ ਵਾਰਡ ਨੰਬਰ 27 ਵਿਚ ਪਹਿਲਾਂ ਤਾਂ ਕੋਈ ਸੀਵਰੇਜ਼, ਗਲੀਆਂ ਨਾਲੀਆਂ ਦੀ ਸਫਾਈ ਲਈ ਆਉਂਦਾ ਹੀ ਨਹੀਂ । ਜੇ ਕੋਈ ਆ ਵੀ ਜਾਵੇ ਤਾਂ ਕੂੜੇ ਦੇ ਢੇਰ ਗਲੀਆਂ ਵਿਚ ਹੀ ਲਗਾ ਦਿੱਤੇ ਜਾਂਦੇ ਹਨ ਅਤੇ ਗਲੀਆਂ ਹਰ ਮੋੜ ਨੂੰ ਹੀ ਕੂੜਾ ਡੰਪ ਬਣਾਇਆ ਹੋਇਆ ਹੈ ਜਿਸ ਨਾਲ ਮੁਹੱਲੇ ਵਿਚ ਥਾਂ ਥਾਂ ਗੰਦਗੀ ਦੇ ਢੇਰ ਲੱਗਣ ਕਾਰਨ ਬਦਬੂ ਫੈਲੀ ਹੋਈ ਹੈ ਅਤੇ ਮੁਹੱਲੇ ਅੰਦਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਗਲੀਆਂ ਵਿਚ ਕੂੜੇ ਦੇ ਡੰਪ ਬਣਨ ਨਾਲ ਸਕੂਲ ਜਾਣ ਵਾਲੇ ਬੱਚਿਆਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਕੂਲ ਵੈਨਾਂ ਨੂੰ ਵੀ ਬੱਚੇ ਚੜਾਉਣ 'ਚ ਮੁਸ਼ਕਿਲ ਆਉਂਦੀ ਹੈ।

ਐਡਵੋਕੇਟ ਬੱਲੀ ਨੇ ਕਿਹਾ ਕਿ ਸ਼ਹਿਰ ਦੇ ਸੀਵਰੇਜ਼ ਦੀ ਸਫਾਈ ਨਾ ਹੋਣ ਕਾਰਨ ਬਾਰਸ਼ਾਂ ਦੇ ਦਿਨਾਂ ਵਿਚ ਸੀਵਰੇਜ਼ ਦਾ ਪਾਣੀ ਬਾਰਸ਼ ਦੇ ਪਾਣੀ ਵਿਚ ਮਿਲ ਜਾਂਦਾ ਹੈ। ਉਹਨਾਂ ਕਿਹਾ ਕਿ ਸਰਸਾ ਰੋਡ ਤੇ ਬਣੇ ਪੁਲ ਦੇ ਦੋਨੋ ਸਾਈਡਾਂ ਤੇ ਬਣੇ ਨਾਲੇ ਦੀ ਸਫਾਈ ਕਰਨ ਦੀ ਵਾਰ ਵਾਰ ਮੰਗ ਕੀਤੀ ਜਾਂਦੀ ਹੈ ਪਰ ਉਸ ਨਾਲੇ ਦੀ ਕੋਈ ਸਫਾਈ ਨਹੀਂ ਕੀਤੀ ਗਈ ਜਿਸ ਕਾਰਨ ਮੀਂਹ ਪੈਣ ਮੌਕੇ ਤਿੰਨਕੋਣੀ ਤੇ ਹੜਾਂ ਵਰਗੀ ਸਥਿਤੀ ਬਣ ਜਾਂਦੀ ਹੈ, ਜਿਸ ਨਾਲ ਪੁਲ ਉਪਰ ਅਤੇ ਤਿੰਨਕੋਣੀ ਕੋਲ ਵਾਹਨਾਂ ਦੀਆਂ ਲੰਬੀਆਂ ਲਾਇਨਾਂ ਲੱਗ ਜਾਂਦੀਆਂ ਹਨ, ਜਿਸ ਕਾਰਨ ਰਾਹਗੀਰਾਂ ਨੂੰ ਬਹੁਤ ਮੁਸ਼ਕਿਲਾਂ ਨਾਲ ਜੂਝਣਾ  ਪੈਂਦਾ ਹੈ। ਤਿੰਨਕੋਣੀ ਤੇ ਭਾਰੀ ਮੀਂਹ ਦੇ ਪਾਣੀ ਦੇ ਹੜ ਦਾ ਰੂਪ ਧਾਰਨ ਕਰਨ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੀ ਕੰਧ ਵੀ ਢਹਿ ਚੁੱਕੀ ਹੈ। ਉਹਨਾਂ ਮੰਗ ਕੀਤੀ ਕਿ ਸ਼ਹਿਰ ਦੇ ਸੀਵਰੇਜ਼, ਨਾਲੇ, ਨਾਲੀਆਂ ਅਤੇ ਗਲੀਆਂ ਦੀ ਸਫਾਈ ਕੀਤੀ ਕੀਤੀ ਜਾਵੇ।

Post a Comment

0 Comments