ਸੰਵਿਧਾਨ ਅਤੇ ਲੋਕਤੰਤਰ ਖਤਰੇ ’ਚ , ਨਿਰਾਸ਼ ਲੋਕ ਸੰਘਰਸ਼ ਲਈ ਸੜਕਾਂ ਤੇ ਉੱਤਰਨ ਲਈ ਮਜਬੂਰ - ਅਰਸ਼ੀ

 ਸੰਵਿਧਾਨ ਅਤੇ ਲੋਕਤੰਤਰ ਖਤਰੇ ’ਚ , ਨਿਰਾਸ਼ ਲੋਕ ਸੰਘਰਸ਼ ਲਈ ਸੜਕਾਂ ਤੇ ਉੱਤਰਨ ਲਈ ਮਜਬੂਰ - ਅਰਸ਼ੀ 

31 ਜੁਲਾਈ ਕਿਸਾਨਾਂ ਦਾ ਰੇਲ ਰੋਕੋ ਅਤੇ 1 ਅਗਸਤ ਮਜਦੂਰਾਂ ਦੇ ਰੋਸ ਦਿਵਸ ਦੀ ਪਾਰਟੀ ਵੱਲੋਂ ਜੋਰਦਾਰ ਹਮਾਇਤ


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 29 ਜੁਲਾਈ ਮੋਦੀ ਸਰਕਾਰ ਵੱਲੋਂ ਲਏ ਜਾ ਰਹੇ ਲੋਕ ਵਿਰੋਧੀ ਫੈਸਲਿਆਂ ਕਾਰਨ ਹਰ ਵਰਗ ਦੇ ਲੋਕਾਂ ਵਿੱਚ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਤਿੰਨ ਖੇਤੀ ਵਿਰੋਧੀ ਕਾਨੂੰਨ, ਮਜਦੂਰ ਵਿਰੋਧੀ ਕਿਰਤ ਕਾਨੂੰਨ ਆਦਿ ਰਾਜਾਂ ਦੇ ਅਧਿਕਾਰਾਂ ਤੇ ਹਮਲੇ ਦੇ ਕਾਰਨ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਖਤਰੇ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਨਿਰਾਸ਼ ਲੋਕ ਸੰਘਰਸ਼ ਲਈ ਸੜਕਾਂ ਤੇ ਉਤਰਨ ਲਈ ਮਜਬੂਰ ਹਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ. ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਜਿਲ੍ਹਾ ਕਾਰਜਕਾਰਨੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮੇਂ ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਅਤੇ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੀਆਂ ਨੀਤੀਆਂ ਤੇ ਚਲਦਿਆਂ ਸੂਬੇ ਦੀ ਆਮ ਪਾਰਟੀ ਵੀ ਉਸੇ ਰਾਹ ਤੁਰੀ ਹੈ ਅਤੇ ਬਦਲਾਅ ਦੇ ਝੂਠੇ ਨਾਅਰੇ ਹੇਠ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਬੇਰੁਜਗਾਰੀ, ਨਸ਼ਾ, ਭ੍ਰਿਸ਼ਟਾਚਾਰ ਅਤੇ ਗੈਂਗਸਟਰ ਪਹਿਲਾਂ ਨਾਲੋਂ ਵੀ ਤੇਜੀ ਨਾਲ ਵਧ ਰਹੇ ਹਨ। ਸਰਕਾਰ ਲੋਕ ਫੈਸਲੇ ਲੈਣ ਵਿੱਚ ਅਸਫਲ ਜਾਪ ਰਹੀ ਹੈ। ਮੀਟਿੰਗ ਦੌਰਾਨ ਜਿਲ੍ਹਾ ਪਾਰਟੀ ਜਥੇਬੰਦਕ ਕਾਨਫਰੰਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਜਿਸ ਦੀ ਤਿਆਰੀ ਵਜੋਂ ਮਾਨਸਾ, ਬੁਢਲਾਡਾ, ਸਰਦੂਲਗੜ੍ਹ ਅਤੇ ਸ਼ਹਿਰੀ ਸਕੱਤਰਾਂ ਵੱਲੋਂ ਤਿਆਰੀ ਸਬੰਧੀ ਰਿਪੋਰਟਿੰਗ ਕੀਤੀ ਗਈ। ਜਿਸ ਵਿੱਚ ਮਾਨਸਾ 4 ਅਗਸਤ ਅਤੇ ਬੁਢਲਾਡਾ 6 ਅਗਸਤ ਨੂੰ ਹੋ ਰਹੀਆਂ ਤਹਿਸੀਲ ਕਾਨਫਰੰਸਾਂ ਦੀ ਤਿਆਰੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਮੀਟਿੰਗ ਮੌਕੇ 31 ਜੁਲਾਈ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅਤੇ ਖੇਤ ਮਜਦੂਰਾਂ ਦਾ 1 ਅਗਸਤ ਮਜਦੂਰ ਵਿਰੋਧ ਦਿਵਸ ਦੀ ਪਾਰਟੀ ਵੱਲੋਂ ਸਫਲਤਾ ਲਈ ਜੋਰਦਾਰ ਹਮਾਇਤ ਕੀਤੀ ਗਈ। ਇਸ ਸਮੇਂ ਜਿਲ੍ਹਾ ਕਾਰਜਕਾਰਨੀ ਕਮੇਟੀ ਵੱਲੋਂ ਚਿੱਟਾ ਮੱਛਰ, ਗੁਲਾਬੀ ਸੁੰਡੀ ਦੇ ਹਮਲੇ ਸਮੇਤ ਬਾਰਸ਼ਾਂ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਲਈ ਵਿਸ਼ੇਸ਼ ਗਿਰਦਾਵਰੀ ਕਰਵਾ ਕੇ  ਯੋਗ ਮੁਆਵਜਾ ਦੇਣ, ਖੇਤ ਮਜਦੂਰਾਂ ਲਈ ਨਰਮਾ ਚੁਗਾਈ ਦਾ ਮੁਆਵਜਾ ਜਾਰੀ ਕਰਨਾ ਅਤੇ ਫੂਡ ਸਪਲਾਈ ਮਹਿਕਮੇ ਵੱਲੋਂ 12% ਕਟੌਤੀ ਦੇ ਨਾਂ ਹੇਠ ਰਾਸ਼ਨ ਤੋਂ ਵਾਂਝੇ ਲਾਭਪਾਤਰੀਆਂ ਨੂੰ ਤੁਰੰਤ ਕਣਕ ਦੇਣ ਸਬੰਧੀ ਮਤਾ ਪਾਸ ਕਰਕੇ ਸਰਕਾਰ ਤੋਂ ਮੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਸਾਥੀ ਨਿਹਾਲ ਸਿੰਘ ਨੇ ਕੀਤੀ। ਇਸ ਸਮੇਂ ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਪ੍ਰੋਗਰਾਮਾਂ ਦੀ ਸਫਲਤਾ ਲਈ ਵੱਡੀ ਗਿਣਤੀ ਵਿੱਚ ਸਾਥੀਆਂ ਨੂੰ ਪੁੱਜਣ ਦੀ ਅਪੀਲ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੀਤਾ ਰਾਮ ਗੋਬਿੰਦਪੁਰਾ, ਦਲਜੀਤ ਮਾਨਸ਼ਾਹੀਆ, ਵੇਦ ਪ੍ਰਕਾਸ਼ ਸਕੱਤਰ ਬੁਢਲਾਡਾ, ਰੂਪ ਢਿੱਲੋਂ ਸਕੱਤਰ ਮਾਨਸਾ, ਜਗਰਾਜ ਹੀਰਕੇ ਸਕੱਤਰ ਸਰਦੂਲਗੜ੍ਹ, ਰਤਨ ਭੋਲਾ ਸ਼ਹਿਰੀ ਸਕੱਤਰ ਮਾਨਸਾ, ਕਾਕਾ ਸਿੰਘ, ਮਨਜੀਤ ਕੌਰ ਗਾਮੀਵਾਲਾ, ਮਲਕੀਤ ਮੰਦਰਾਂ ਆਦਿ ਆਗੂਆਂ ਨੇ ਸੰਬੋਧਨ ਕੀਤਾ।

Post a Comment

0 Comments