ਲਿਬਰੇਸ਼ਨ ਵਲੋਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਛੇੜਛਾੜ ਦੀ ਸਖਤ ਨਿੰਦਾ

ਲਿਬਰੇਸ਼ਨ ਵਲੋਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਛੇੜਛਾੜ ਦੀ ਸਖਤ ਨਿੰਦਾ

ਸੁਰਜੀਤ ਗੱਗ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ ਅਤੇ ਮਾਫ਼ੀ ਮੰਗੇ

ਮਾਨਸਾ, 26 ਜੁਲਾਈ ਗੁਰਜੰਟ ਸਿੰਘ ਬਾਜੇਵਾਲੀਆ 

 ਸਿਆਸੀ ਆਧਾਰ 'ਤੇ ਸ਼ਰਨ ਲੈਣ ਕੇ ਕਨੈਡਾ ਬੈਠੇ ਸੁਰਜੀਤ ਗੱਗ ਨਾਮਕ ਵਿਅਕਤੀ ਵਲੋਂ ਗੁਰੂ ਨਾਨਕ ਦੇਵ ਜੀ ਦੀ ਟੋਪੀ ਵਾਲੀ ਤਸਵੀਰ ਸੋਸ਼ਲ ਮੀਡੀਆ ਉਤੇ ਪਾਉਣ ਦੀ ਸਖਤ ਨਿੰਦਾ ਕਰਦੇ ਹੋਏ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਕਿਹਾ ਹੈ ਕਿ ਇਹ ਇਕ ਅਜਿਹੀ ਗਿਣੀ ਮਿਥੀ ਭੜਕਾਊ ਹਰਕਤ ਹੈ। ਅਜਿਹਾ ਕਰਕੇ ਇਹ ਜ਼ਾਹਲੀ ਕਾਮਰੇਡ ਬੰਦਾ, ਸਿੱਖ ਭਾਈਚਾਰੇ ਤੇ ਕਮਿਉਨਿਸਟ ਲਹਿਰ ਦਰਮਿਆਨ ਖਾਹ ਮੁਖਾਹ ਦਾ ਵਿਵਾਦ ਛੇੜ ਕੇ ਸੰਘ-ਬੀਜੇਪੀ ਦੇ ਖਤਰਨਾਕ ਫਾਸੀ  ਮਨਸੂਬਿਆਂ ਦੀ ਪੂਰਤੀ ਕਰ ਰਿਹਾ ਹੈ।

ਲਿਬਰੇਸ਼ਨ ਪਾਰਟੀ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਾਤ ਪਾਤ, ਉਚ ਨੀਚ, ਬ੍ਰਾਹਮਣੀ ਭਰਮਾਂ ਅਤੇ ਕਰਮਕਾਂਡਾਂ ਦੇ ਦੀ ਦਲਦਲ ਵਿਚ ਫਸੇ ਸਾਡੇ ਸਮਾਜ ਨੂੰ ਗਿਆਨ ਦੇ ਲੜ ਲੱਗਣ, ਕਿਰਤ ਕਰਨ ਅਤੇ ਵੰਡ ਛੱਕਣ ਦੇ ਨਵੇਂ ਮਾਰਗ ਉਤੇ ਪਾਉਣ ਲਈ ਉਮਰ ਭਰ ਚਾਨਣ ਵੰਡਣ ਵਾਲੇ ਮਾਨਵਤਾ ਦੇ ਮਹਾਨ ਰੂਹਾਨੀ ਰਹਿਬਰ ਗੁਰੂ ਨਾਨਕ ਜੀ ਦਾ ਦੁਨੀਆਂ ਭਰ ਦੀ ਜਾਗਰਤ ਲੋਕਾਈ ਵੱਡਾ ਸਤਿਕਾਰ ਕਰਦੀ ਹੈ। ਉਨਾਂ ਦੀ ਕਲਪਿਤ ਤਸਵੀਰ ਨਾਲ ਵੀ ਅਜਿਹੀ ਹੋਛੀ ਛੇੜਛਾੜ ਸਾਡੇ ਸਭਨਾਂ ਲਈ ਬੇਹੱਦ ਦੁੱਖਦਾਈ ਹੈ। ਇਸ ਦੇ ਲਈ ਗੱਗ ਨੂੰ ਇਹ ਤਸਵੀਰ ਡੀਲੀਟ ਕਰਕੇ ਸਮੁੱਚੇ ਭਾਈਚਾਰੇ ਤੋਂ ਤੁਰੰਤ ਮਾਫੀ ਮੰਗ ਲੈਣੀ ਚਾਹੀਦੀ ਹੈ।

    ਬਿਆਨ ਵਿਚ ਕਿਹਾ ਗਿਆ ਹੈ ਕਿ ਦੇਸ਼ ਦੀ ਇਨਕਲਾਬੀ ਜਮਹੂਰੀ ਲਹਿਰ ਅਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਕੋਸ਼ਿਸ਼ ਹੈ ਕਿ ਮੋਦੀ ਸਰਕਾਰ ਵਲੋਂ ਦੇਸ਼ ਦੇ ਸੰਵਿਧਾਨ, ਫੈਡਰਲ ਢਾਂਚੇ, ਧਾਰਮਿਕ ਤੇ ਕੌਮੀ ਘੱਟਗਿਣਤੀਆਂ, ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਆਦਿਵਾਸੀਆਂ ਅਤੇ ਪ੍ਰਗਤੀਸ਼ੀਲ ਜਮਹੂਰੀ ਸ਼ਕਤੀਆਂ ਉਤੇ ਲਗਾਤਾਰ ਵਧਦੇ ਫਿਰਕੂ ਤੇ ਕਾਰਪੋਰੇਟ ਰਸਤੇ ਹਮਲਿਆਂ ਦੇ ਟਾਕਰੇ ਲਈ ਦੇਸ਼ ਤੇ ਸੂਬੇ ਵਿਚ ਤਮਾਮ ਪੀੜਤ ਤਬਕਿਆਂ ਤੇ ਵਰਗਾਂ ਦਾ ਇਕ ਵਿਸ਼ਾਲ ਸਾਂਝਾ ਮੁਹਾਜ਼ ਉਸਾਰਿਆ ਜਾਵੇ। ਪਰ ਇੰਨਾਂ ਯਤਨਾਂ ਨੂੰ ਨਾਕਾਮ ਕਰਨ ਲਈ ਸਿਮਰਨਜੀਤ ਸਿੰਘ ਮਾਨ ਅਤੇ ਗੱਗ ਵਰਗੇ ਵਿਅਕਤੀ ਗਿਣੇ ਮਿਥੇ ਢੰਗ ਨਾਲ ਅਜਿਹੀ ਬਿਆਨਬਾਜ਼ੀ ਜਾਂ ਹਰਕਤਾਂ ਕਰਦੇ ਹਨ, ਜਿੰਨਾਂ ਨਾਲ ਮੋਦੀ ਸਰਕਾਰ ਤੇ ਬੀਜੇਪੀ ਖਿਲਾਫ ਇਕਜੁਟ ਹੋਣ ਦੀ ਬਜਾਏ ਜਨਤਾ ਬੇਲੋੜੇ ਆਪਸੀ ਵਿਵਾਦਾਂ ਵਿਚ ਉਲਝੀ ਰਹੇ। ਇਸ ਲਈ ਐਸੇ ਲੋਕਾਂ ਨੂੰ ਪਛਾਣਨਾ ਅਤੇ ਜਨਤਾ ਸਾਹਮਣੇ ਨੰਗਾ ਕਰਨਾ ਬਹੁਤ ਜ਼ਰੂਰੀ ਹੈ।

Post a Comment

0 Comments