ਮੌਸਮੀ ਬਿਮਾਰੀਆਂ ਤੋਂ ਜਾਣੂ ਕਰਵਾਉਣ ਲਈ ਗਾਂਧੀ ਸੀਨੀਅਰ ਸੈਕੰਡਰੀ ਵਿਖੇ ਕਰਵਾਇਆ ਜਾਗਰੂਕਤਾ ਸੈਮੀਨਾਰ

 


ਮਾਨਸਾ, 19 ਜੁਲਾਈ : ਗੁਰਜੰਟ ਸਿੰਘ ਬਾਜੇਵਾਲੀਆ 

ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਨ.ਵੀ.ਬੀ.ਡੀ.ਸੀ.ਪੀ. (ਨੈਸ਼ਨਲ ਵੈਕਟਰ ਬੋਰਨ ਡਿਸੀਜ਼ ਕੰਟਰੋਲ ਪ੍ਰੋਗਰਾਮ) ਦੀ ਟੀਮ ਵੱਲੋਂ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ ਵਿਦਿਆਰਥੀਆਂ ਨੂੰ ਮੌਸਮੀ ਬਿਮਾਰੀਆਂ ਤੋਂ ਜਾਣੂ ਕਰਵਾਉਣ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਦੌਰਾਨ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਅਰਸ਼ਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਖੜ੍ਹੇ ਪਾਣੀ ਦੇ ਅੰਦਰ ਮੱਛਰ ਪੈਦਾ ਹੋਣ ਦਾ ਖ਼ਦਸ਼ਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਫ਼ਤੇ ਵਿੱਚ ਇੱਕ ਦਿਨ ਘਰਾਂ ਵਿੱਚ ਕੂਲਰਾਂ, ਫਰਿੱਜਾਂ ਦੀ ਟਰੇਅ ਜਾਂ ਹੋਰ ਅਜਿਹੀਆਂ ਚੀਜ਼ਾਂ ਜਿੱਥੇ ਪਾਣੀ ਖੜਾ ਹੁੰਦਾ ਹੈ, ਦੀ ਸਫ਼ਾਈ ਕਰ ਲਈਏ ਤਾਂ ਡੇਂਗੂ-ਮਲੇਰੀਆ ਵਰਗੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਕੇਵਲ ਸਿੰਘ ਸਹਾਇਕ ਮਲੇਰੀਆ ਅਫ਼ਸਰ ਨੇ ਕਿਹਾ ਕਿ ਤੇਜ਼ ਬੁਖਾਰ, ਸਿਰ ਦਰਦ, ਉਲਟੀ ਆਉਣਾ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ’ਤੇ ਲਾਲ ਦਾਣੇ, ਨੱਕ ਮੂੰਹ ਜਾਂ ਮਸੂੜਿਆਂ ’ਚੋਂ ਖ਼ੂਨ ਵਗਣਾ ਡੇਂਗੂ ਬੁਖਾਰ ਦੀਆਂ ਮੁੱਖ ਨਿਸ਼ਾਨੀਆਂ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਇਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਇਹ ਮੱਛਰ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਇਹ ਆਮ ਤੌਰ ’ਤੇ ਦਿਨ ਵੇਲੇ ਕੱਟਦਾ ਹੈ। ਉਨ੍ਹਾਂ ਦੱਸਿਆ ਕਿ ਮੱਛਰ ਦੇ ਕੱਟਣ ਤੋਂ ਤੁਰੰਤ ਬਾਅਦ ਬੁਖ਼ਾਰ ਨਹੀਂ ਹੁੰਦਾ ਬਲਕਿ 5 ਤੋਂ 7 ਦਿਨਾਂ ਬਾਅਦ ਹੁੰਦਾ ਹੈ।
ਇਸ ਤੋ ਪਹਿਲਾਂ ਸਿਹਤ ਸੁਪਰਵਾਈਜ਼ਰ ਰਾਮ ਕੁਮਾਰ ਨੇ ਦੱਸਿਆ ਕਿ ਸਾਨੂੰ ਬਰਸਾਤੀ ਮੌਸਮ ਵਿੱਚ ਆਪਣੇ ਸਰੀਰ ਨੂੰ ਪੂਰਾ ਢੱਕ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਘਰ ਵਿੱਚ ਨਾ ਵਰਤਣਯੋਗ ਵਾਲੀਆਂ ਥਾਵਾਂ ’ਤੇ ਪਰਦਿਆਂ ਦੇ ਪਿੱਛੇ ਕੀਟਨਾਸ਼ਕ ਸਪਰੇਅ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਬੁਖਾਰ ਹੋਣ ਦੀ ਸੂਰਤ ਵਿੱਚ ਸਾਰੇ ਟੈਸਟ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤੇ ਜਾਂਦੇ ਹਨ।
ਇਸ ਮੌਕੇ ਸਕੂਲ ਪਿ੍ਰੰਸੀਪਲ ਮੈਡਮ ਰਿੰਪਲ ਮੌਂਗਾ, ਸਕੂਲ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।

Post a Comment

0 Comments