ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਨੇ ਚਾਂਦਪੁਰਾ ਬੰਨ੍ਹਅਤੇ ਸਰਦੂਲਗੜ੍ਹ ਘੱਗਰ ਦਾ ਲਿਆ ਜਾਇਜ਼ਾ

 *ਸੰਭਾਵੀ ਹੜ੍ਹ ਸਬੰਧੀ ਕੰਟਰੋਲ ਨੰਬਰ 01652-229082 ਤੇ ਦਿੱਤੀ ਜਾ ਸਕਦੀ ਸੂਚਨਾ


ਮਾਨਸਾ, 01 ਜੁਲਾਈ: ਗੁਰਜੰਟ ਸਿੰਘ ਬਾਜੇਵਾਲੀਆ

ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਘੱਗਰ ਦਰਿਆ ਦੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਜਸਪ੍ਰੀਤ ਸਿੰਘ ਨੇ ਚਾਂਦਪੁਰਾ ਬੰਨ੍ਹ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਚਾਂਦਪੁਰਾ ਬੰਨ੍ਹ ਵਿਖੇ ਘੱਗਰ ਦਰਿਆ ਦੇ ਪਾਣੀ ਸਮਰੱਥਾ ਬਾਰੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਤੋਂ ਜਾਣਕਾਰੀ ਲਈ ਅਤੇ ਬਰਸਾਤ ਦੌਰਾਨ ਪਾਣੀ ਦੇ ਪੱਧਰ ’ਤੇ ਨਜ਼ਰ ਬਣਾਏ ਰੱਖਣ ਦੇ ਆਦੇਸ਼ ਜਾਰੀ ਕੀਤੇ। ਉਨਾਂ ਅਧਿਕਾਰੀਆਂ ਤੋਂ ਪਿਛਲੀਆਂ ਬਰਸਾਤਾਂ ਦੌਰਾਨ ਆਏ ਪਾਣੀ ਅਤੇ ਘੱਗਰ ਨੇੜੇ ਪਾਣੀ ਤੋਂ ਨਾਲ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਬਾਰੇ ਸਮੁੱਚੀ ਸਥਿਤੀ ਬਾਰੇ ਪੁੱਛਿਆ। ਇਸ ਮੌਕੇ ਉਨ੍ਹਾਂ ਨਾਲ ਐਸ.ਐਸ.ਪੀ. ਮਾਨਸਾ ਸ੍ਰੀ ਗੌਰਵ ਤੂਰਾ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਘੱਗਰ ਨੇੜੇ ਵਸਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਚੌਕਸੀ ਰੱਖ ਰਿਹਾ ਹੈ ਅਤੇ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾ ਤਿਆਰ ਹੈ। ਉਨ੍ਹਾ ਕਿਹਾ ਕਿ ਚਾਂਦਪੁਰਾ ਬੰਨ੍ਹ ਵੀ ਕਾਫ਼ੀ ਮਜ਼ਬੂਤ ਸਥਿਤੀ ਵਿੱਚ ਹੈ। ਹੁਣ ਤੱਕ ਹੋਈ ਬਰਸਾਤ ਨਾਲ ਪਾਣੀ ਨਾਮਾਤਰ ਹੈ। ਇਸ ਉਪਰੰਤ ਉਨ੍ਹਾਂ ਸਰਦੂਲਗੜ੍ਹ ਵਿਚੋਂ ਲੰਘਦੇ ਘੱਗਰ ਦਰਿਆ ਦਾ ਵੀ ਦੌਰਾ ਕੀਤਾ ਅਤੇ ਸਮੁੱਚੀ ਸਥਿਤੀ ਨੂੰ ਬਾਰੀਕੀ ਨਾਲ ਦੇਖਿਆ।

ਉਨ੍ਹਾ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਨਿਭਾਈ ਜਾਣ ਵਾਲੀ ਡਿਊਟੀ ’ਚ ਕੋਈ ਢਿੱਲ ਮੱਠ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਸੰਭਾਵੀ ਹੜ੍ਹਾਂ ਨਾਲ ਨਿਪਟਣ ਲਈ ਉਪਲੱਬਧ ਸਮੱਗਰੀ ਅਤੇ ਭਵਿੱਖ ਦੀਆਂ ਯੌਜਨਾਵਾ ਬਾਰੇ ਜਾਣਕਾਰੀ ਹਾਸਿਲ ਕੀਤੀ।

         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਬੰਧਕੀ ਕੰਪਲੈਕਸ਼ ਵਿਖੇ ਹੜ੍ਹ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਟਰੋਲ ਰੂਮ ਨੰਬਰ 01652-229082 ’ਤੇ ਕੋਈ ਵੀ ਵਿਅਕਤੀ ਹੜ੍ਹ ਸਬੰਧੀ ਸੂਚਨਾ ਦੇ ਸਕਦਾ ਹੈ।

Post a Comment

0 Comments