*"ਬੇਟੀ ਬਚਾਉ ਬੇਟੀ ਪੜਾਉ" ਤਹਿਤ ਫ਼ਿਰੋਜ਼ਪੁਰ ਦੀਆਂ ਧੀਆਂ ਨੂੰ ਸਮਰਪਿਤ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਫਿਰੋਜਪੁਰ ਦੀਆ ਵਿਲੱਖਣ ਔਰਤਾਂ ਨੂੰ ਕੀਤਾ ਗਿਆ "ਨਾਰੀ ਸ਼ਕਤੀ ਮਾਰਗ ਸਮਰਪਿਤ"*


ਫਿਰੋਜਪੁਰ 04 ਜੁਲਾਈ {ਕੈਲਾਸ਼ ਸ਼ਰਮਾ }:=
ਨਾਰੀ ਸ਼ਕਤੀ ਮਾਰਗ ਬੇਟੀ ਬਚਾਉ ਬੇਟੀ ਪੜ੍ਹਾਓ ਤਹਿਤ ਫਿਰੋਜ਼ਪੁਰ ਦੀਆਂ ਧੀਆਂ ਨੂੰ ਸਮਰਪਿਤ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਫਿਰੋਜ਼ਪੁਰ ਦੀਆਂ ਵਿਲੱਖਣ ਔਰਤਾਂ ਨੂੰ ਨਾਰੀ ਸ਼ਕਤੀ ਮਾਰਗ ਸਮਰਪਿਤ ਕੀਤਾ ਗਿਆ ਹੈ। ਇਸ ਮਾਰਗ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਸਿੰਘ ਆਈ.ਏ.ਐਸ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਨੇ ਹਰ ਪ੍ਰਕਾਰ ਦੀਆਂ ਜੰਜੀਰਾਂ ਤੋੜ ਕੇ ਵੱਖ-ਵੱਖ ਖੇਤਰਾਂ ਵਿਚ ਕੀਰਤੀਮਾਨ ਸਥਾਪਤ ਕੀਤੇ ਹਨ। ਉਹਨਾਂ ਦੇ ਸਤਿਕਾਰ ਵਜੋਂ, ਇਹ ਮਾਰਗ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਣ ਲਈ ਅਤੇ ਉਹਨਾਂ ਦਾ ਸਨਮਾਨ ਕਰਨ ਲਈ ਸਮਰਪਿਤ ਕੀਤਾ ਗਿਆ ਹੈ ਤਾਂ ਜੋ ਉਹ ਹੋਰ ਨੌਜਵਾਨ ਲੜਕੀਆਂ ਅਤੇ ਲੜਕਿਆਂ ਲਈ ਪ੍ਰੇਰਨਾ ਬਣ ਸਕਣ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਸਫ਼ਲਤਾ ਫ਼ਿਰੋਜ਼ਪੁਰ, ਜੋ ਕਿ ਇੱਕ ਸਰਹੱਦੀ ਅਤੇ ਇੱਕ ਮਾਣ-ਮੱਤਾ ਜ਼ਿਲ੍ਹਾ ਹੈ, ਦੇ ਨੌਜਵਾਨਾਂ ਵਿੱਚ ਭਰੋਸਾ ਅਤੇ ਵਿਸ਼ਵਾਸ ਪੈਦਾ ਕਰੇਗਾ ਅਤੇ ਉਹ ਕੁਝ ਵੀ ਪ੍ਰਾਪਤ ਕਰ ਸਕਦੇ ਹਨ ਜੋ ਉਹ ਪ੍ਰਾਪਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਲੰਮੇ ਸਮੇਂ ਵਿਚ ਸਮਾਜ ਦੀ ਔਰਤਾਂ ਪ੍ਰਤੀ ਧਾਰਨਾ ਬਦਲਣ ਦਾ ਕੰਮ ਕਰੇਗਾ।

                 ਉਦਘਾਟਨੀ ਸਮਾਰੋਹ ਵਿੱਚ ਜ਼ਿਲ੍ਹੇ ਦੀਆਂ ਕੁਝ ਔਰਤਾਂ ਨੇ ਸ਼ਿਰਕਤ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਸਫ਼ਲਤਾ ਦੀ ਕਾਮਨਾ ਕਰਦਿਆਂ ਬੂਟੇ ਦੇ ਕੇ ਸਨਮਾਨਿਤ ਕੀਤਾ। ਸ਼੍ਰੀਮਤੀ ਅਮਰਪ੍ਰੀਤ ਕੌਰ, ਆਈ.ਏ.ਐਸ, ਵਾਸੀ ਪਿੰਡ ਸਾਈਆਂਵਾਲਾ, ਜ਼ਿਲ੍ਹਾ ਫ਼ਿਰੋਜ਼ਪੁਰ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰਤਨਦੀਪ ਸੰਧੂ ਨੇ ਕਿਹਾ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਹਮੇਸ਼ਾ ਹੀ ‘ਬੇਟੀ ਬਚਾਓ ਬੇਟੀ ਪੜ੍ਹਾਓ’ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੀਆਂ ਔਰਤਾਂ ਦੀਆਂ ਉਸਾਰੂ ਕਹਾਣੀਆਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ “ਨਾਰੀ ਸ਼ਕਤੀ ਮਾਰਗ”  ਇਸੇ ਯਤਨ ਵਿਚ ਇੱਕ ਕਦਮ ਹੈ । ਉਨ੍ਹਾਂ ਕਿਹਾ ਕਿ ਇਸ ਮਾਰਗ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ “ਸੋ ਕਿਉ ਮੰਦਾ ਆਖੀਐ, ਜਿਤੁ ਜੰਮੇ ਰਾਜਾਨ ” ਨੂੰ ਲੋਕਾਂ ਤੱਕ ਪਹੁੰਚਾਉਣ ’ਚ ਮਾਣ ਮਹਿਸੂਸ ਕਰਦਾ ਹੈ ਕਿਉਂਕਿ ਇਹ ਮਾਰਗ ਅੱਜ ਦੀ ਸਮਰੱਥ ਔਰਤ ਦਾ ਪ੍ਰਤੀਬਿੰਬ ਸਾਫ਼ ਤੌਰ 'ਤੇ ਦਰਸਾਉਂਦਾ ਹੈ।

Post a Comment

0 Comments