ਪ੍ਰਿੰਸੀਪਲ ਬੁੱਧ ਰਾਮ ਹਲਕਾ ਵਿਧਾਇਕ ਨੇ ਸਮੱਸਿਆਵਾਂ ਦੇ ਛੇਤੀ ਹੱਲ ਦਾ ਦਿੱਤਾ ਭਰੋਸਾ

 ਨਗਰ ਸੁਧਾਰ ਸਭਾ ਬੁਢਲਾਡਾ ਵੱਲੋਂ ਸ਼ਹਿਰ ਦੇ ਮੰਗਾਂ-ਮਸਲਿਆਂ ਦੇ ਹੱਲ ਲਈ ਐਸ.ਡੀ.ਐਮ. ਦਫ਼ਤਰ ਅੱਗੇ 14 ਜੁਲਾਈ ਨੂੰ ਧਰਨਾ ਪ੍ਰਦਰਸ਼ਨ ਕਰਨ ਦਾ ਫੈਸਲਾਬੁਢਲਾਡਾ (ਦਵਿੰਦਰ ਸਿੰਘ ਕੋਹਲੀ)
ਸ਼ਹਿਰ ਦੀ ਸੰਸਥਾ ਨਗਰ ਸੁਧਾਰ ਸਭਾ ਨੇ ਬੁਢਲਾਡਾ ਸ਼ਹਿਰਵਾਸੀਆਂ ਨੂੰ ਦਰਪੇਸ਼ ਮੰਗਾਂ-ਮਸਲਿਆਂ ਨੂੰ ਹੱਲ ਨਾ ਕੀਤਾ ਤਾਂ 14 ਜੁਲਾਈ ਨੂੰ ਐਸ. ਡੀ. ਐਮ. ਬੁਢਲਾਡਾ ਦੇ  ਦਫ਼ਤਰ ਅੱਗੇ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ।

    ਇਹ ਫੈਸਲਾ ਅੱਜ ਨਗਰ ਸੁਧਾਰ ਸਭਾ ਬੁਢਲਾਡਾ ਵੱਲੋਂ ਸਥਾਨਕ ਰਾਮਲੀਲਾ ਗਰਾਊਂਡ ਵਿਖੇ ਸ਼ਹਿਰ ਦੇ ਲੋਕਾਂ ਦੇ ਇਕੱਠ ਵਿੱਚ ਕੀਤਾ ਗਿਆ।

    ਇਕੱਠ ਮੌਕੇ ਕੀਤੇ ਫੈਸਲੇ ਮੁਤਾਬਕ ਅੱਜ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਸੰਸਥਾ ਦਾ ਇੱਕ ਵਫਦ ਬੁਢਲਾਡਾ ਹਲਕੇ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੂੰ ਮਿਲਿਆ ਅਤੇ ਵਿਧਾਇਕ ਜੀ ਨੇ ਇੰਨਾਂ ਮੰਗਾਂ-ਸਮੱਸਿਆਵਾਂ ਨਾਲ ਪੂਰਨ ਸਹਿਮਤ ਹੁੰਦੇ ਹੋਏ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ।  

     ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਕੁਆਰਡੀਨੇਟਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਸ਼ਹਿਰ ਦੇ ਮੰਗਾਂ- ਮਸਲਿਆਂ ਨੂੰ ਪ੍ਰਸ਼ਾਸਨ ਅਤੇ ਸਰਕਾਰ ਗੰਭੀਰਤਾ ਨਾਲ ਨਹੀਂ ਲੈ ਰਿਹਾ। 

     ਉਨ੍ਹਾਂ ਦੱਸਿਆ ਕਿ  ਪਿਛਲੇ ਸਮੇਂ ਦੌਰਾਨ ਨਗਰ ਕੌਂਸਲ ਨੂੰ ਕਰੋੜਾਂ ਰੁਪਏ ਦੀਆਂ ਗਰਾਂਟਾਂ ਵਿੱਚ ਵੱਡੇ ਪੱਧਰ 'ਤੇ ਕਥਿਤ ਘਪਲੇਬਾਜ਼ੀ ਹੋਈ ਹੈ। ਜਿਸ ਦੀ ਜਾਂਚ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਨਾ ਹੀ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ , ਗੰਦੇ ਪਾਣੀ ਦੀ ਨਿਕਾਸੀ , ਖਸਤਾ ਹਾਲਾਤ ਸੜਕਾਂ ਦਾ ਨਵ ਨਿਰਵਾਣ , ਨਗਰ ਕੌਂਸਲ ਵੱਲੋਂ ਐਨ.ਓ.ਸੀ. ਦਿੱਤੇ ਜਾਣ , ਸ਼ਹਿਰ ਵਿੱਚ ਸਾਫ਼-ਸਫਾਈ ਦੇ ਪੁਖਤਾ ਇੰਤਜ਼ਾਮ ਕਰਨ , ਨਗਰ ਕੌਂਸਲ ਦਾ ਦਫ਼ਤਰ ਸ਼ਹਿਰ ਵਿੱਚ ਲਿਆਉਣ ਅਤੇ ਕੌਂਸਲ ਦੇ ਦਫ਼ਤਰ ਦੀ ਪੁਰਾਣੀ ਬਿਲਡਿੰਗ ਵਿੱਚ ਮੁੜ ਉਸਾਰੀ ਕਰਨ , ਬੁਢਲਾਡਾ-ਜਾਖਲ ਰੋਡ ਦੇ 148 ਬੀ ਨੈਸ਼ਨਲ ਹਾਈਵੇ ਵਿੱਚ ਜ਼ਮੀਨ ਐਕੁਆਇਰ ਧਾਰਕਾਂ ਦੇ ਖਾਤਿਆਂ ਵਿੱਚ ਬਣਦੀ ਰਾਸ਼ੀ ਪਾਉਣ ਆਦਿ ਸਬੰਧੀ ਕੁੱਝ ਨਹੀਂ ਕੀਤਾ ਜਾ ਰਿਹਾ। 

    ਐਡਵੋਕੇਟ ਦਲਿਓ ਨੇ ਇਹ ਵੀ ਮੰਗ ਕੀਤੀ ਕਿ ਬੁਢਲਾਡਾ ਸ਼ਹਿਰ ਵਿੱਚ ਪਲਾਟਾਂ (ਜਮੀਨਾਂ) ਦੇ ਰਜਿਸਟਰੀ ਰੇਟਾਂ ਵਿੱਚ ਕੀਤਾ ਭਾਰੀ ਵਾਧਾ ਵਾਪਸ ਲਿਆ ਜਾਵੇ।ਸ਼ਹਿਰ ਦੇ ਜੈਨ ਪਾਰਕ ਦੀ ਥਾਂ ਨਗਰ ਕੌਂਸਲ ਦੀਆਂ ਨਵੀਆਂ ਦੁਕਾਨਾਂ ਉਸਾਰਨ ਦਾ ਤਜਵੀਜ਼ਤ ਫੈਸਲਾ ਵਾਪਸ ਲਿਆ ਜਾਵੇ। ਦਿੱਲੀ-ਬਠਿੰਡਾ-ਫਿਰੋਜ਼ਪੁਰ ਰੇਲਵੇ ਲਾਈਨ ਉੱਪਰ ਬੰਦ ਪੲੀਆਂ ਟਰੇਨਾਂ ਚਾਲੂ ਕੀਤੀਆਂ ਜਾਣ। ਰਾਮਲੀਲਾ ਗਰਾਊਂਡ ਬੁਢਲਾਡਾ ਦਾ ਬਰਸਾਤੀ ਪਾਣੀ ਕੱਢਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ ।

       ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੇਮ ਸਿੰਘ ਦੋਦੜਾ , ਰਾਜ ਕੁਮਾਰ ਬੋੜਾਵਾਲੀਆ , ਮਾ.    , ਪਵਨ ਨੇਵਟੀਆ , ਅਵਤਾਰ ਸਿੰਘ ਔਲਖ , ਜੱਸੀ ਪ੍ਰਧਾਨ ਸਵਰਨਕਾਰ ਸੰਘ , ਪ੍ਰੀਤਮ ਸਿੰਘ ਸੇਵਾਮੁਕਤ ਥਾਣੇਦਾਰ , ਸੋਨੂੰ ਕੋਹਲੀ , ਟਿੰਕੂ ਪੰਜਾਬ , ਲਵਲੀ ਬੋੜਾਵਾਲੀਆ , ਹਰਦਿਆਲ ਸਿੰਘ ਦਾਤੇਵਾਸ , ਭਾਰਤ ਭੂਸ਼ਣ , ਜਰਨੈਲ ਸਿੰਘ ਮਿਸਤਰੀ , ਅਮਿਤ ਜਿੰਦਲ , ਗਗਨ ਦਾਸ ਵੈਰਾਗੀ , ਭੂਰਾ ਸਿੰਘ ਖਾਲਸਾ , ਹਰਿੰਦਰ ਸਿੰਘ ਸੋਢੀ , ਸਾਧੂ ਸਿੰਘ ਸੈਣੀ ਜੇ ਈ ਆਦਿ ਸਮੇਤ ਸ਼ਹਿਰ ਦੇ ਅਨੇਕਾਂ ਪਤਵੰਤੇ ਵਿਅਕਤੀ ਮੌਜੂਦ ਸਨ।

Post a Comment

0 Comments