ਮਾਸਟਰ ਕਾਡਰ ਤੋਂ ਮੁੱਖ ਅਧਿਆਪਕ ਅਤੇ ਲੈਕਚਰਾਰਾਂ ਤੋਂ ਪ੍ਰਿੰਸੀਪਲ ਪਦ ਉਨਤ ਕੀਤੇ ਜਾਣ --- ਡੀ.ਟੀ.ਐਫ


 ਸ਼ਾਹਕੋਟ 05 ਜੁਲਾਈ (ਲਖਵੀਰ ਵਾਲੀਆ) :- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਮਾਸਟਰ ਕਾਡਰ ਤੋਂ ਮੁੱਖ ਅਧਿਆਪਕ ਅਤੇ ਲੈਕਚਰਾਰਾਂ ਤੋਂ ਪ੍ਰਿੰਸੀਪਲਾਂ ਨੂੰ ਪਦ ਉਨਤ ਕਰਨ ਦੀ ਮੰਗ ਕੀਤੀ। ਫਰੰਟ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ, ਮੀਤ ਪ੍ਰਧਾਨ ਕਰਨੈਲ ਸਿੰਘ ਚਿੱਟੀ, ਜਨਰਲ ਸਕੱਤਰ ਸਰਵਨ ਸਿੰਘ ਔਜਲਾ,ਸਹਾਇਕ ਸਕੱਤਰ ਗੁਰਮੀਤ ਸਿੰਘ ਕੋਟਲੀ, ਵਿੱਤ ਸਕੱਤਰ ਜਸਵਿੰਦਰ ਸਿੰਘ ਬਠਿੰਡਾ ਅਤੇ ਬਲਬੀਰ ਚੰਦ ਲੌਗੋਵਾਲ ਨੇ ਪ੍ਰੈਸ ਬਿਆਨ ਰਾਂਹੀ ਕਿਹਾ ਕਿ ਪੰਜਾਬ ਦੇ ਅਨੇਕਾਂ ਸਰਕਾਰੀ ਹਾਈ ਸਕੂਲਾਂ ਵਿਚ ਮੁੱਖ ਅਧਿਆਪਕਾਂ ਦੀਆਂ ਅਤੇ ਅਨੇਕਾਂ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਸਕੂਲਾਂ ਵਿਚ ਮੁੱਖ ਅਧਿਆਪਕ ਤੇ ਪ੍ਰਿੰਸੀਪਲ ਨਾਂ ਹੋਣ ਕਾਰਣ ਸਕੂਲਾਂ ਦੇ ਕੰਮ ਪ੍ਰਭਾਵਿਤ ਹੋਣ ਦੇ ਨਾਲ-ਨਾਲ ਬੱਚਿਆਂ ਦੀ ਪਡ਼੍ਹਾਈ ’ਤੇ ਵੀ ਮਾਰੂ ਪ੍ਰਭਾਵ ਪੈ ਰਿਹਾ ਹੈ। ਸਕੂਲਾਂ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਨ੍ਹਾਂ ਜਲਦ ਅਧਿਆਪਕਾਂ ਨੂੰ ਮੁੱਖ ਅਧਿਆਪਕ ਤੇ ਪ੍ਰਿੰਸੀਪਲ ਪਦ ਉਨਤ ਕਰਨ ਦੀ ਮੰਗ ਕੀਤੀ। ਅਧਿਆਪਕ ਆਗੂਆਂ ਨੇ ਨਵ ਨਿਯੁਕਤ ਈ.ਟੀ.ਟੀ ਅਧਿਆਪਕਾਂ ਨੂੰ ਹੋਰਨਾਂ ਜ਼ਿਲ੍ਹਿਆਂ ਵਿਚ ਦੂਰ ਦੁਰੇਡੇ ਸਟੇਸ਼ਨ ਦੇਣ ਦੀ ਨਿਖੇਧੀ  ਕੀਤੀ। ਅਧਿਆਪਕ ਆਗੂਆਂ ਨੇ ਅੱਪਗ੍ਰੇਡ ਕੀਤੇ ਸਕੂਲਾਂ ਵਿਚ ਮੁੱਖੀਆਂ ਤੇ ਅਧਿਆਪਕਾਂ ਦੀਆਂ ਅਸਾਮੀਆਂ ਦੇ ਕੇ ਉਨ੍ਹਾਂ ਵਿਚ ਅਧਿਆਪਕ ਨਿਯੁਕਤ ਕਰਨ ਦੀ ਮੰਗ ਕੀਤੀ ਤਾਂ ਕਿ ਉਨ੍ਹਾਂ ਸਕੂਲਾਂ ਵਿਚ ਵੀ ਨਵੀਆਂ ਜਮਾਤਾਂ ਦਾ ਦਾਖਲਾ ਹੋ ਸਕੇ।

Post a Comment

0 Comments