ਡਿਪਟੀ ਕਮਿਸ਼ਨਰ ਨੇ ਸੈਂਟਰਲ ਪਾਰਕ ਦੀ ਸਾਫ ਸਫਾਈ ਅਤੇ ਹੋਰ ਪ੍ਰਬੰਧਾਂ ਦਾ ਲਿਆ ਜਾਇਜ਼ਾ

*ਸੈਂਟਰਲ ਪਾਰਕ ਦੀ ਦਿੱਖ ਨੂੰ ਹੋਰ ਵਧੀਆ ਬਣਾਉਣ ਲਈ ਅਧਿਕਾਰੀਆਂ ਅਤੇ ਪ੍ਰਬੰਧਕਾਂ ਨੂੰ ਆਦੇਸ਼ ਜਾਰੀ

ਮਾਨਸਾ, 13 ਜੁਲਾਈ: ਗੁਰਜੰਟ ਸਿੰਘ ਬਾਜੇਵਾਲੀਆ/
ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਵੱਲੋਂ ਮਿਊਂਸਪਲ ਕਮੇਟੀ ਦੇ ਸਟਾਫ ਅਤੇ ਸ਼ਹਿਰ ਵਾਸੀਆਂ ਦੀ ਮੌਜਦੂਗੀ ਵਿਚ ਮਾਨਸਾ ਵਿਖੇ ਸਥਿਤ ਸੈਂਟਰਲ ਪਾਰਕ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨਾਂ ਨਾਲ ਐਸ.ਡੀ.ਐਮ. ਮਾਨਸਾ ਪੂਨਮ ਸਿੰਘ ਮੌਜੂਦ ਸਨ।
ਉਨਾਂ ਕਾਰਜਸਾਧਕ ਅਫ਼ਸਰ ਮਾਨਸਾ ਨੂੰ ਪਾਰਕ ਦੀ ਸਾਫ ਸਫਾਈ ਦਾ ਖਾਸ ਖਿਆਲ ਰੱਖਣ, ਟੁੱਟ ਕੇ ਡਿੱਗੇ ਦਰੱਖ਼ਤਾਂ ਨੂੰ ਰੰਗ ਕਰਕੇ ਸਵੱਛਤਾ ਸਬੰਧੀ ਸੰਦੇਸ਼ ਲਿਖਵਾ ਕੇ ਪਾਰਕ ਦੀ ਸੁੰਦਰਤਾ ਦਾ ਹਿੱਸਾ ਬਣਾਉਣ ਦੀ ਹਦਾਇਤ ਕੀਤੀ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੀਂਹ ਕਾਰਨ ਪਾਰਕ ਅੰਦਰ ਉੱਘੇ ਘਾਹ ਨੂੰ ਤੁਰੰਤ ਕਟਵਾਇਆ ਜਾਵੇ ਤਾਂ ਜੋ ਮੱਛਰ ਪੈਦਾ ਨਾ ਹੋ ਸਕੇ। ਉਨਾਂ ਕਿਹਾ ਕਿ ਪਾਰਕ ਅੰਦਰ ਮੌਜੂਦ ਪੁਰਾਣੇ ਅਤੇ ਕਮਜ਼ੋਰ ਦਰਖ਼ਤਾਂ ਦੀ ਸ਼ਨਾਖ਼ਤ ਕਰਕੇ ਉਨਾਂ ਨੂੰ ਹਟਾ ਦਿੱਤਾ ਜਾਵੇ ਤਾਂ ਜੋ ਪਾਰਕ ਵਿਚ ਸੈਰ ਕਰਨ ਆਏ ਆਮ ਲੋਕਾਂ ਦਾ ਕਿਸੇ ਤਰਾਂ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ।
ਉਨਾਂ ਪਾਰਕ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਪਾਰਕ ਦੀ ਸੁੰਦਰਤਾ ਅਤੇ ਲੋਕਾਂ ਦੀ ਸੁਵਿਧਾ ਲਈ ਹੋਰ ਉਪਰਾਲੇ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਪਾਰਕ ਅੰਦਰ ਸਵੀਮਿੰਗ ਪੂਲ, ਬੈਡਮਿੰਟਨ ਅਤੇ ਬਾਸਕਿਟ ਬਾਲ ਗਰਾਊਂਡ ਦੀ ਸਾਂਭ ਸੰਭਾਲ, ਖਿਡਾਰੀਆਂ ਲਈ ਕੋਚ ਦਾ ਪ੍ਰਬੰਧ ਕਰਨ ਕੀਤਾ ਜਾਵੇ। ਉਨਾਂ ਕਿਹਾ ਕਿ ਪਾਰਕ ਅੰਦਰ ਸਥਾਪਿਤ ਓਪਨ ਏਅਰ ਥੀਏਟਰ ਵਿਖੇ ਗਤੀਵਿਧੀਆਂ ਕਰਵਾਈਆਂ ਜਾਣ ਤਾਂ ਜੋ ਹੁਨਰਮੰਦ ਵਿਅਕਤੀਆਂ ਨੂੰ ਪਲੇਟਫਾਰਮ ਮਿਲੇ ਅਤੇ ਦਰਸ਼ਕਾਂ ਨੂੰ ਮਨੋਰੰਜਨ ਦਾ ਸਾਧਨ ਹਾਸਲ ਹੋਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲਦ ਹੀ ਸੈਂਟਰਲ ਪਾਰਕ ਅੰਦਰ ਛੋਟੇ ਬੱਚਿਆਂ ਲਈ ਵੱਖਰੇ ਤੌਰ ’ਤੇ ਸਾਈਕਲਿੰਗ ਟਰੈਕ ਬਣਾਇਆ ਜਾਵੇਗਾ, ਤਾਂ ਜੋ ਬੱਚੇ ਸੁਰੱਖਿਅਤ ਮਾਹੌਲ ਵਿੱਚ ਸਾਈਕਲਿੰਗ ਕਰ ਸਕਣ। ਉਨਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਪਾਰਕ ਅੰਦਰ ਆਮਦ ਨੂੰ ਧਿਆਨ ’ਚ ਰੱਖ ਕੇ ਫੂਡ ਕੋਰਟ ਬਣਾਇਆ ਜਾਵੇਗਾ, ਤਾਂ ਜੋ ਪਾਰਕ ’ਚ ਆਉਣ ਵਾਲੇ ਲੋਕਾਂ ਨੂੰ ਜਰੂਰਤ ਦੀਆਂ ਖਾਣ ਪੀਣ ਵਾਲੀਆਂ ਵਸਤਾਂ ਮੌਕੇ ’ਤੇ ਮਿਲ ਸਕਣ।
ਉਨਾਂ ਕਿਹਾ ਕਿ ਆਜ਼ਾਦੀ ਦਾ ਅਮਿ੍ਰਤ ਮਹਾਂਉਤਸਵ ਤਹਿਤ ਪਾਰਕ ਅੰਦਰ ਸਮਾਗਮ ਕਰਵਾਏ ਜਾਣ। ਹਰ ਸ਼ਨੀਵਾਰ ਅਤੇ ਐਂਤਵਾਰ ਨੂੰ ਸ਼੍ਰਮਦਾਨ ਮੁਹਿੰਮ ਆਰੰਭੀ ਜਾਵੇ, ਜਿਸ ਵਿਚ ਆਮ ਲੋਕਾਂ ਦੀ ਸ਼ਮੂਹਲੀਅਤ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਪਾਰਕ ਦੀ ਸਾਫ ਸਫਾਈ ਨੂੰ ਕਾਇਮ ਰੱਖਿਆ ਜਾਵੇ। ਉਨਾਂ ਕਿਹਾ ਕਿ ਆਉਣ ਵਾਲਾ ਤੀਆਂ ਦਾ ਤਿਉਹਾਰ ਸੈਂਟਰਲ ਪਾਰਕ ਮਾਨਸਾ ਵਿਖੇ ਮਨਾਇਆ ਜਾਵੇਗਾ। ਉਨਾਂ ਇਸ ਮੌਕੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਕ ਨੂੰ ਸਾਫ ਸੁੱਥਰਾ ਰੱਖਣ ਵਿਚ ਸਹਿਯੋਗ ਦੇਣ।

Post a Comment

0 Comments