ਰੁੱਖਾਂ ਤੋਂ ਬਿਨਾਂ ਮਨੁੱਖ ਦਾ ਜੀਵਨ ਅਸੰਭਵ-ਯਾਦਵਿੰਦਰ ਸਿੰਘ

 👉ਬਾਗਬਾਨੀ ਵਿਭਾਗ ਦਾ ਸ਼ਲਾਘਾਯੋਗ ਉਪਰਾਲਾ ਪ੍ਰਿੰਸੀਪਲ ਇੰਦਰਜੀਤ ਸਿੰਘ  


ਸੁਲਤਾਨਪੁਰ ਲੋਧੀ 15 ਜੁਲਾਈ (ਪ੍ਰਨੀਤ ਕੌਰ)

 ਦਰੱਖਤ ਤੇ ਮਨੁੱਖ ਦਾ ਬਹੁਤ ਹੀ ਡੂੰਘਾ ਰਿਸ਼ਤਾ ਹੈ । ਸ਼ੁਰੂ ਤੋਂ ਅੰਤ ਤਕ ਦਰੱਖਤ ਮਨੁੱਖ ਦਾ ਸਾਥ ਨਿਭਾਉਂਦੇ ਹਨ । ਦਰੱਖਤ ਉਸ ਪਰਮਾਤਮਾ ਦੁਆਰਾ ਦਿੱਤੇ ਗਏ ਅਨਮੋਲ ਤੋਹਫ਼ੇ ਹਨ । ਉਹ ਕੇਵਲ ਸਾਡੇ ਲਈ ਹੀ ਨਹੀਂ ਸਗੋਂ ਧਰਤੀ ' ਤੇ ਰਹਿੰਦੇ ਹਰੇਕ ਸੰਜੀਵ ਪਾਣੀ ਲਈ ਬਹੁਤ ਜ਼ਰੂਰੀ ਹਨ । ਇੱਥੋਂ ਤਕ ਕਿ ਪ੍ਰਿਥਵੀ ਦਾ ਜੀਵਨ ਰੁੱਖਾਂ ਦੀ ਹੋਂਦ ਨਾਲ ਹੀ ਚੱਲਦਾ ਰਹਿ ਸਕਦਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਸੁਲਤਾਨਪੁਰ ਲੋਧੀ ਨੇ ਬਾਗਬਾਨੀ ਵਿਭਾਗ ਵੱਲੋਂ ਫਲਦਾਰ ਰੁੱਖ ਲਗਾਓ ਮੁਹਿੰਮ ਤਹਿਤ ਸੀਨੀਅਰ ਸੈਕੰਡਰੀ ਸਕੂਲ ਸ਼ਾਹਵਾਲਾ ਅੰਦਰੀਸਾ ਵਿਖੇ ਫਲਦਾਰ ਰੁੱਖ ਲਗਾਉਣ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ । ਇਸ ਮੁਹਿੰਮ ਦਾ ਉਦਘਾਟਨ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੇ ਵੈਬਐਕਸ ਰਾਹੀਂ ਕੀਤਾ ਅਤੇ ਫਲਦਾਰ ਬੂਟੇ ਲਗਾਏ । ਉਨ੍ਹਾਂ ਦੇ ਨਾਲ ਚੀਫ ਸੈਕਟਰੀ ਸਰਬਜੀਤ ਸਿੰਘ ਅਤੇ ਡਾਇਰੈਕਟਰ ਬਾਗਬਾਨੀ ਸ਼੍ਰੀਮਤੀ ਸ਼ੈਲੇਂਦਰ ਕੌਰ ਵੀ ਹਾਜ਼ਰ ਸਨ ਅਤੇ ਉਨ੍ਹਾਂ ਨੇ ਫਲਦਾਰ ਬੂਟੇ ਲਗਾਏ ।

ਉਨ੍ਹਾਂ ਕਿਹਾ ਰੁੱਖ ਮਨੁੱਖ ਦੇ ਸੱਚੇ ਮਿੱਤਰ ਹਨ ਕਿਉਂਕਿ ਜੋ ਅਜੇ ਤਕ ਸਾਇੰਸ ਨਹੀਂ ਕਰ ਸਕੀ , ਉਹ ਮੁਫ਼ਤ ' ਚ ਸਾਡੇ ਲਈ ਕਰਦੇ ਹਨ ਰੁੱਖ । ਉਹ ਆਕਸੀਜਨ ਛੱਡਦੇ ਹਨ ਅਤੇ ਕਾਰਬਨ ਡਾਈਆਕਸਾਈਡ ਨੂੰ ਜਜ਼ਬ ਕਰਦੇ ਹਨ । ਬੂਟੇ ਧਰਤੀ ਦੇ ਤਾਪਮਾਨ ਨੂੰ ਕਾਬੂ ਹੇਠ ਰੱਖਦੇ ਹਨ । ਜੇਕਰ ਪ੍ਰਿਥਵੀ ਉੱਤੇ ਬੂਟੇ ਨਾ ਹੋਣ ਤਾਂ ਉਸ ਦਾ ਤਾਪਮਾਨ ਵੱਧਦਾ ਹੀ ਚਲਾ ਜਾਵੇਗਾ ਤੇ ਉਹ ਇੰਨੀ ਗਰਮ ਹੋ ਜਾਵੇਗੀ ਕਿ ਉਸ ਉੱਪਰ ਰਹਿਣਾ ਵੀ ਮੁਸ਼ਕਲ ਹੋ ਜਾਵੇਗਾ । ਇਕ ਰਿਪੋਰਟ ਦੱਸਦੀ ਹੈ ਕਿ ਲਗਪਗ 25 ਫ਼ੀਸਦੀ ਗ੍ਰੀਨ ਹਾਊਸ ਗੈਸਾਂ ਦੇ ਵਧਣ ਦਾ ਕਾਰਨ ਜੰਗਲਾਂ ਹੇਠ ਘਟਦਾ ਰਕਬਾ ਹੈ । ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਅਤਿ ਭਿਆਨਕ ਬਿਮਾਰੀਆਂ ਦਾ ਪਸਾਰ ਹੋ ਰਿਹਾ ਹੈ । ਮਨੁੱਖ ਦੇ ਲਾਲਚ ਸਦਕਾ ਜੰਗਲ ਹੇਠ ਰਕਬਾ ਘਟਦਾ ਜਾ ਰਿਹਾ । ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ । ਮਨੁੱਖ ਲਾਲਚ ਦੀ ਤਲਵਾਰ ਨਾਲ ਆਪਣੀਆਂ ਹੀ ਜੜ੍ਹਾਂ ਵੱਢਦਾ ਜਾ ਰਿਹਾ ਹੈ । ਜੰਗਲ ਘਟਣ ਨਾਲ ਜੀਵ ਵਿਭਿੰਨਤਾ ' ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ । ਬਹੁਤ ਸਾਰੇ ਅਨਮੋਲ ਪੈਂਦੇ ਲੁਪਤ ਹੋ ਚੁੱਕੇ ਹਨ ਅਤੇ ਕਈ ਲੁਪਤ ਹੋਣ ਦੇ ਕੰਢੇ ' ਤੇ ਖੜ੍ਹੇ ਹਨ । ਕੇਵਲ ਪੌਦੇ ਹੀ ਨਹੀਂ ਸਗੋਂ ਬੇਅੰਤ ਪੰਛੀ , ਜਾਨਵਰ , ਛੋਟੇ ਜੀਵ ਜੰਗਲਾਂ ਦੇ ਖ਼ਾਤਮੇ ਨਾਲ ਖ਼ਤਮ ਹੋ ਰਹੇ ਹਨ । ਜੰਗਲ ਹੀ ਤਾਂ ਪੰਛੀਆਂ ਅਤੇ ਹੋਰ ਜੀਵਾਂ ਦਾ ਰੈਣ ਬਸੇਰਾ ਹਨ । ਸੋਹਣੇ - ਸੋਹਣੇ ਰੁੱਖ , ਸੋਹਣੇ ਪੰਛੀਆਂ ਦੀ ਮਧੁਰ ਆਵਾਜ਼ , ਕੁਦਰਤੀ ਸੰਗੀਤ ਦਿਲੋ ਦਿਮਾਗ ਨੂੰ ਤਰੋ - ਤਾਜ਼ਾ ਕਰ ਦਿੰਦਾ ਹੈ । ਪਰ ਜ਼ਰਾ ਸੋਚੋ , ਜੇਕਰ ਇਸ ਦਰ ਨਾਲ ਜੰਗਲ ਨਸ਼ਟ ਹੁੰਦੇ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਮਨੁੱਖਤਾ ਨੂੰ ਬਹੁਤ ਸੰਕਟਾਂ ‘ ਚੋਂ ਗੁਜ਼ਰਨਾ ਪਵੇਗਾ । ਇਸ ਮੌਕੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਵਾਲਾ ਅੰਦਰੀਸਾ ਦੇ ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਕਿਹਾ ਕਿ ਰੁੱਖ ਮੁਫਤ ' ਚ ਹਵਾ ਨੂੰ ਸਾਫ਼ ਕਰਨ ਦਾ ਕੰਮ ਕਰਦੇ ਹਨ ਪਰ ਫਿਰ ਵੀ ਅਸੀਂ ਰੁੱਖਾਂ ਦੇ ਯੋਗਦਾਨ ਨੂੰ ਅਣਗੌਲਿਆ ਕਰ ਦਿੰਦੇ ਹਾਂ । ਲੱਖਾਂ ਰੁਪਏ ਦੀ ਆਕਸੀਜਨ ਤੋਂ ਇਲਾਵਾ ਰੁੱਖ ਆਰਥਿਕ ਤੌਰ ' ਤੇ ਵੀ ਇਨਸਾਨ ਦੀ ਬਹੁਤ ਮਦਦ ਕਰਦੇ ਹਨ । ਰੁੱਖਾਂ ਦੀ ਕਮੀ ਕਾਰਨ ਵਰਖਾ ਦੀ ਮਾਤਰਾ ਵੀ ਸਥਿਰ ਨਹੀਂ ਰਹੀ । ਹੁਣ ਕਿਤੇ ਬਹੁਤ ਜ਼ਿਆਦਾ ਵਰਖਾ ਹੋ ਜਾਂਦੀ ਹੈ ਜਦੋਂਕਿ ਕਿਤੇ ਸੋਕੇ ਵਰਗੇ ਹਾਲਾਤ ਬਣ ਜਾਂਦੇ ਹਨ । ਦੱਸਣਯੋਗ ਹੈ ਕਿ ਜਿੱਥੇ ਹਰ ਸਾਲ ਵਣ ਮਹਾਂਉਤਸਵ ਮਨਾਇਆ ਜਾਂਦਾ ਹੈ ਪਰ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਇਹ ਉਤਸਵ ਕੇਵਲ ਸੋਸ਼ਲ ਮੀਡੀਆ , ਅਖ਼ਬਾਰਾਂ ਜਾਂ ਕੇਵਲ ਦਿਖਾਵੇ ਤਕ ਹੀ ਸੀਮਤ ਹੋ ਕੇ ਰਹਿ ਗਿਆ ਹੈ । ਲੋਕ ਬੜੇ ਉਤਸ਼ਾਹ ਨਾਲ ਪੌਦੇ ਤਾਂ ਲਗਾ ਦਿੰਦੇ ਹਨ ਪਰ ਬਾਅਦ ' ਚ ਉਨ੍ਹਾਂ ਦੀ ਕੋਈ ਸਾਰ ਨਹੀਂ ਲੈਂਦੇ । ਬੂਟੇ ਲਗਾਉਣ ਦੇ ਨਾਲ - ਨਾਲ ਉਨ੍ਹਾਂ ਦੀ ਦੇਖ - ਰੇਖ ਵੀ ਅਤਿ ਜ਼ਰੂਰੀ ਹੈ । ਜਿੱਥੇ ਬੂਟੇ ਲਾਉਣੇ ਅਤੇ ਉਨ੍ਹਾਂ ਦੀ ਦੇਖ - ਰੇਖ ਬਹੁਤ ਜ਼ਰੂਰੀ ਹੈ ਉੱਥੇ ਹੀ ਬਚੇ ਹੋਏ ਜੰਗਲਾਂ ਦੀ ਸਾਂਭ - ਸੰਭਾਲ ਵੀ ਅਤਿ ਜ਼ਰੂਰੀ ਹੈ । ਸਰਕਾਰ ਵੱਲੋਂ ਬਿਜਲਈ ਵਾਹਨਾਂ ਦੀ ਵਰਤੋਂ ਵਧਾਉਣ ਲਈ ਚੁੱਕੇ ਗਏ ਕਦਮ ਬਹੁਤ ਪ੍ਰਸ਼ੰਸਾਯੋਗ ਹਨ।ਸੋ ਅੱਜ ਲੋੜ ਹੈ ਇਕ - ਇਕ ਰੁੱਖ ਬਚਾਉਣ ਦੀ ਅਤੇ ਨਵੇਂ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਦੀ ।ਇਸ ਮੌਕੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਵਾਲਾ ਅੰਦਰੀਸਾ ਦਾ ਸਮੂਹ ਸਟਾਫ ਅਤੇ ਸਕੂਲ ਦੇ ਬੱਚੇ ਹਾਜ਼ਰ ਸਨ ।

Post a Comment

0 Comments