*ਡੀਟੀਐੱਫ਼ ਮੋਗਾ ਦੀ ਜ਼ਿਲ੍ਹਾ ਕਮੇਟੀ ਨੇ ਇਸਰੋ ਵਿਗਿਆਨੀ ਹਰਜੀਤ ਸਿੰਘ ਦੇ ਘਰ ਜਾ ਕੇ ਪਰਿਵਾਰ ਨੂੰ ਦਿੱਤੀ ਮੁਬਾਰਕਬਾਦ*

 


ਮੋਗਾ : 14 ਜੁਲਾਈ: (ਕੈਪਟਨ ਸੁਭਾਸ਼ ਚੰਦਰ ਸ਼ਰਮਾ) :=ਇਸਰੋ ਵੱਲੋਂ ਵਿਗਿਆਨੀ ਹਰਜੀਤ ਸਿੰਘ ਮੋਗਾ ਦੇ ਨਾਂਅ ਡਾਕ-ਟਿਕਟ ਜਾਰੀ ਕਰਕੇ ਉਨ੍ਹਾਂ ਦੀਆਂ ਵਿਲੱਖਣ ਪ੍ਰਾਪਤੀਆਂ ਨੂੰ ਸਨਮਾਨ ਦਿੱਤਾ ਹੈ। ਉਨ੍ਹਾਂ ਨੇ ਇਸਰੋ ਵਿੱਚ ਕੰਮ ਕਰਦਿਆਂ ਵੱਡੇ ਪ੍ਰਾਜੈਕਟਾਂ 'ਤੇ ਕੰਮ ਕੀਤਾ ਹੈ ਜਿਸ ਵਿੱਚ ਚੰਦਰਯਾਨ ਪੁਲਾੜ ਰਾਕੇਟ ਵਿਸ਼ੇਸ਼ ਹੈ। ਡੀਟੀਐੱਫ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੀਟੀਐੱਫ਼ ਮੋਗਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਮੀਨੀਆਂ ਦੇ ਫਰਜੰਦ ਹਰਜੀਤ ਸਿੰਘ ਨੇ ਸਾਲ 2007 ਵਿੱਚ ਦਿੱਲੀ ਵਿਖੇ ਇਸਰੋ ਵੱਲੋਂ ਲਈ ਗਈ ਦੇਸ਼ ਪੱਧਰੀ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਵਿੱਚੋਂ ਮੋਹਰੀ ਪੁਜ਼ੀਸ਼ਨ ਲੈ ਕੇ ਬਤੌਰ ਵਿਗਿਆਨੀ ਇੰਜੀਨੀਅਰ (ਮਕੈਨੀਕਲ) ਜਿਸ ਨੂੰ ਰਾਕੇਟ ਵਿਗਿਆਨੀ ਵੀ ਕਿਹਾ ਜਾਂਦਾ ਹੈ, ਚੁਣੇ ਗਏ ਅਤੇ ਕੇਰਲਾ ਦੀ ਰਾਜਧਾਨੀ ਤ੍ਰਿਵਿੰਦਰਮਪੁਰਮ ਵਿਖੇ ਆਪਣੀ ਇਸਰੋ ਕੇਂਦਰ ਵਿੱਚ ਨੌਕਰੀ ਸ਼ੁਰੂ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ ਮੋਗਾ ਤੋਂ ਨਾਨ-ਮੈਡੀਕਲ ਗਰੁੱਪ ਵਿੱਚ ਬਾਰਵੀਂ ਜਮਾਤ ਪਾਸ ਕਰਕੇ ਗਿਆਨੀ ਜ਼ੈਲ ਸਿੰਘ ਕਾਲਜ ਆਫ ਇੰਜੀਨੀਅਰਿੰਗ ਬਠਿੰਡਾ ਤੋਂ ਸਾਲ 2007 ਵਿੱਚ ਬੀ.ਟੈੱਕ. (ਮਕੈਨੀਕਲ ਇੰਜੀਨੀਅਰਿੰਗ) ਦੀ ਡਿਗਰੀ ਹਾਸਲ ਕੀਤੀ। ਸਾਲ 2017 ਵਿੱਚ ਇਹਨਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਇਸਰੋ ਨੇ ਟੀਮ ਐਕਸੀਲੈਂਸ ਐਵਾਰਡ, ਸਾਲ-2018 ਦਾ ਯੰਗ ਸਾਇੰਟਿਸਟ ਐਵਾਰਡ ਦਿੱਤਾ। ਹੁਣ ਰਾਕੇਟ ਵਿਗਿਆਨ ਦੇ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਇਸਰੋ ਨੇ 5/- ਰੁਪਏ ਦਾ ਡਾਕ ਟਿਕਟ ਜਾਰੀ ਕਰਵਾ ਕੇ ਸਨਮਾਨਿਤ ਕੀਤਾ ਹੈ। ਪੰਜਾਬੀ ਟ੍ਰਿਬਿਊਨ ਦੇ ਸੱਤ-ਰੰਗ ਐਡੀਸ਼ਨ ਵਿੱਚ ਵਿਗਿਆਨ ਸਬੰਧੀ ਹਰਜੀਤ ਸਿੰਘ ਦਾ ਲੇਖ ਪਿਛਲੇ ਕੁੱਝ ਮਹੀਨਿਆਂ ਤੋਂ ਲਗਾਤਾਰ ਛਪਦਾ ਆ ਰਿਹਾ ਹੈ। ਇਨ੍ਹਾਂ ਦੇ ਛੋਟੇ ਭਰਾ ਡਾ: ਨਵਜੋਤਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ.ਐੱਚ.ਡੀ. (ਮਕੈਨੀਕਲ ਇੰਜੀਨੀਅਰਿੰਗ) ਕਰਨ ਉਪਰੰਤ ਯੂ.ਐੱਸ.ਏ. ਵਿੱਚ ਬਤੌਰ ਮੈਨੂਫੈਕਚਰਿੰਗ ਇੰਜੀਨੀਅਰ ਸੇਵਾ ਕਰ ਰਹੇ ਹਨ। ਹਰਜੀਤ ਸਿੰਘ ਦੀ ਸਫਲਤਾ ਵਿੱਚ ਉਨ੍ਹਾਂ ਦੇ ਮਾਤਾ ਪਿਤਾ ਦਾ ਵੱਡਾ ਯੋਗਦਾਨ ਰਿਹਾ ਹੈ। ਆਪਣੇ ਸਿਰੜੀ, ਮਿਹਨਤੀ ਸੁਭਾਅ ਤੇ ਖੋਜ-ਪ੍ਰਵਿਰਤੀ ਦਾ ਮਾਲਕ ਹੋਣ ਕਰਕੇ ਹੁਣ ਤੱਕ ਸਫਲਤਾ ਹਾਸਲ ਕਰ ਰਿਹਾ ਹੈ ਤੇ ਉਮੀਦ ਹੈ ਕਿ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਕਰੇਗਾ। ਹਰਜੀਤ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਸਾਨੂੰ ਇਸ ਗਲ ਦਾ ਵੀ ਫ਼ਖ਼ਰ ਹੈ ਕਿ ਉਸ ਨੇ ਪੜ੍ਹਾਈ ਸਰਕਾਰੀ ਸਕੂਲਾਂ 'ਚ ਹਾਸਲ ਕੀਤੀ ਹੈ ਜਿਸ ਬਾਰੇ ਸਰਕਾਰੀ ਸਕੂਲਾਂ ਦੇ ਅਧਿਆਪਕ ਵਰਗ ਦੀ ਅਲੋਚਨਾ ਕੀਤੀ ਜਾਂਦੀ ਹੈ ਕਿ ਉਹ ਅਪਣੇ ਬੱਚੇ ਸਰਕਾਰੀ ਸਕੂਲਾਂ ਚ ਨਹੀਂ  ਪੜ੍ਹਾਉਂਦੇ। ਇਸ ਮੌਕੇ ਪਹੁੰਚੇ ਡੀਟੀਐੱਫ਼ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਮਟਵਾਣੀ, ਮੀਤ ਪ੍ਰਧਾਨ ਸੁਖਪਾਲਜੀਤ ਸਿੰਘ, ਜ਼ਿਲ੍ਹਾ ਸਕੱਤਰ ਜਗਵੀਰਨ ਕੌਰ, ਜ਼ਿਲ੍ਹਾ ਕਮੇਟੀ ਮੈਂਬਰ ਮਧੂ ਬਾਲਾ, ਦੀਪਕ ਮਿੱਤਲ ਸਮੇਤ ਅਮਰਦੀਪ ਬੁੱਟਰ, ਸਵਰਨਦਾਸ ਧਰਮਕੋਟ, ਹਰਪਿੰਦਰ ਸਿੰਘ ਢਿੱਲੋਂ, ਜਗਦੇਵ ਮਹਿਣਾ, ਪ੍ਰੇਮ ਸਿੰਘ ਅਤੇ ਸੁਖਮੰਦਰ ਨਿਹਾਲ ਸਿੰਘ ਵਾਲਾ ਨੇ ਹਰਜੀਤ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਫ਼ਖ਼ਰ ਮਹਿਸੂਸ ਕਰਦੇ ਹੋਏ ਪਰਿਵਾਰ ਨੂੰ ਮੁਬਾਰਕਬਾਦ ਦਿੰਦੀ ਹੈ।

Post a Comment

0 Comments