ਪਿੰਡ ਵਾਸੀਆਂ ਨੇ ਬਾਗੜੀਆਂ ਨੂੰ ਨਸ਼ਾ ਮੁਕਤ ਕਰਨ ਕਰਨ ਲਈ ਮੁੱਖ ਮੰਤਰੀ ਨੂੰ ਲਾਈ ਗੁਹਾਰ


ਉੱਚ ਅਧਿਕਾਰੀਆਂ ਤਕ ਪਹੁੰਚ ਕਰਨ ਤੇ ਵੀ ਨਹੀਂ ਰੁਕ ਰਿਹਾ ਨਸ਼ਿਆਂ ਦਾ ਕਾਰੋਬਾਰ- ਬਾਗੜੀਆਂ 

ਅਮਰਗਡ਼੍ਹ 3 ਜੁਲਾਈ ਗੁਰਬਾਜ ਸਿੰਘ ਬੈਨੀਪਾਲ 

ਹਲਕਾ ਅਮਰਗੜ੍ਹ ਤੋਂ ਕੁੱਝ ਹੀ ਦੂਰੀ ਤੇ ਨਸ਼ੇ ਦੀ ਬੰਦਰਗਾਹ ਵਜੋਂ ਜਾਣੇ ਜਾਂਦੇ ਪਿੰਡ ਬਾਗੜੀਆਂ ਦੇ ਲੋਕਾਂ ਨੇ ਇਕੱਠੇ ਹੋ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪ੍ਰੈੱਸ ਦੇ ਜ਼ਰੀਏ ਗੁਹਾਰ ਲਗਾਈ ਹੈ ਕਿ ਉਹ ਬਾਗੜੀਆਂ ਨੂੰ ਨਸ਼ਾ ਮੁਕਤ ਕਰਕੇ ਪਿੰਡ ਦੇ ਮੱਥੇ ਤੇ ਲੱਗਿਆ ਕਲੰਕ ਹਮੇਸ਼ਾਂ ਲਈ ਸਾਫ ਕਰ ਦੇਣਾ ਚਾਹੁੰਦੇ ਹਨ । ਪਿੰਡ ਦੀ ਕੋਆਪਰੇਟਿਵ ਸੁਸਾਇਟੀ ਚ ਇਕੱਠੇ ਹੋਏ ਪ੍ਰਧਾਨ ਹਰਦੀਪ ਸਿੰਘ ਢਿੱਲੋਂ, ਜੀਤ ਸਿੰਘ, ਕਾਮਰੇਡ ਗੁਰਮੀਤ ਸਿੰਘ ਨੈਬਾ 

ਆਦਿ ਨੇ ਪੱਤਰਕਾਰਾਂ ਕੋਲ ਆਪਣੇ ਦੁੱਖੜੇ ਰੋਂਦਿਆਂ ਕਿਹਾ ਕਿ ਰਾਜਪੂਤ ਬਰਾਦਰੀ ਦੇ ਕੁੱਝ ਕੁ ਲੋਕ ਸ਼ਰ੍ਹੇਆਮ ਚਿੱਟੇ ਸਮੇਤ ਹਰੇਕ ਤਰ੍ਹਾਂ ਦੇ ਨਸ਼ਿਆਂ ਦਾ ਵਪਾਰ ਪਿਛਲੇ ਲੰਮੇ ਸਮੇਂ ਤੋਂ ਬੇਖੌਫ ਹੋ ਕੇ ਕਰਦੇ ਆ ਰਹੇ ਹਨ ਜਿਸ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਦੱਸਿਆ ਕਿ ਹੁਣ ਤਾਂ ਸਾਡੇ ਧੀਆਂ ਪੁੱਤਾਂ ਦੇ ਰਿਸ਼ਤੇ ਕਰਨ ਚ ਵੀ ਸਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਾਡੇ ਬੱਚਿਆਂ ਨਾਲ ਰਿਸ਼ਤਾ ਜੋੜਨ ਤੋਂ ਪਹਿਲਾਂ ਹਰ ਵਿਅਕਤੀ ਸੋਚਦਾ ਹੈ ਕਿ ਕਿਤੇ ਬਾਗੜੀਆਂ ਪਿੰਡ ਦਾ ਮੁੰਡਾ ਜਾਂ ਕੁੜੀ ਨਸ਼ੇ ਚ ਲਿਪਤ ਤਾਂ ਨਹੀਂ । ਉਨ੍ਹਾਂ ਪੁਲੀਸ ਦੇ ਉੱਚ ਅਧਿਕਾਰੀ ਐੱਸ.ਐੱਸ.ਪੀ, ਡੀ ਐੱਸ ਪੀ, ਐੱਸ ਐੱਚ ਓ ਸਮੇਤ ਬਹੁਤ ਸਾਰੇ ਪੁਲੀਸ ਅਧਿਕਾਰੀਆਂ ਸਮੇਤ ਡਿਪਟੀ ਕਮਿਸ਼ਨਰ ਤਕ ਨੂੰ ਮਿਲ ਕੇ ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਦੇਣ ਦਾ ਦਾਅਵਾ ਕਰਦਿਆਂ ਕਿਹਾ ਕਿ ਪੁਲੀਸ ਵੱਲੋਂ ਸੈਮੀਨਾਰ ਵਗੈਰਾ ਕਰਵਾ ਕੇ ਸਿਰਫ ਖਾਨਾਪੂਰਤੀ ਕੀਤੀ ਜਾ ਰਹੀ ਹੈ ਜਦ ਕਿ ਸਾਡੇ ਪਿੰਡ ਅੰਦਰ ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਨਸ਼ੇਡ਼ੀਆਂ ਨੂੰ ਘਰੇ ਨਸ਼ੇ ਦੀ ਡਿਲੀਵਰੀ ਤੱਕ ਦੇਣ ਲੱਗੇ ਹਨ । ਉਨ੍ਹਾਂ ਦੋਸ਼ ਲਗਾਇਆ ਕਿ ਅਸੀਂ ਖ਼ੁਦ ਕਈ ਵਾਰ ਨਸ਼ਾ ਤਸਕਰਾਂ ਨੂੰ ਫੜ ਕੇ ਪੁਲੀਸ ਹਵਾਲੇ ਕੀਤਾ ਹੈ ਪ੍ਰੰਤੂ ਪੁਲੀਸ ਵੱਲੋਂ ਥੋੜ੍ਹੀ ਜਿਹੀ ਜਾਂਚ ਪੜਤਾਲ ਕਰਕੇ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਹਲਕਾ ਵਿਧਾਇਕ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਨੇ ਵੀ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਮੈਨੂੰ ਇੱਕ ਵਾਰ ਵਿਧਾਇਕ ਬਣਾਉ ਅਤੇ ਸਾਡੀ ਪਾਰਟੀ ਦੀ ਸਰਕਾਰ ਬਣਾ ਦਿਓ  ਪਿੰਡ ਵਿੱਚ ਨਸ਼ੇ ਦਾ ਨਾਮੋ ਨਿਸ਼ਾਨ ਨਹੀਂ ਰਹਿਣ ਦਿੱਤਾ ਜਾਵੇਗਾ ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਉਹ ਵਿਧਾਨ ਸਭਾ ਵਿੱਚ ਨਸ਼ਿਆਂ ਦਾ ਮੁੱਦਾ ਚੁੱਕਣ ਦੀ ਥਾਂ ਤੇ ਚਿੜੀਆ ਘਰਾਂ ਵਿੱਚ ਪਹਾੜੀ ਬੱਕਰੀਆਂ ਦੀ ਗਿਣਤੀ ਕਰਵਾਉਣ ਵਿੱਚ ਮਸ਼ਰੂਫ਼ ਹਨ । ਉਨ੍ਹਾਂ ਦੋਸ਼ ਲਗਾਇਆ ਕਿ ਉਹ ਖੁਦ ਹਲਕਾ ਵਿਧਾਇਕ ਨੂੰ ਮਿਲ ਕੇ ਲਿਖਤੀ ਰੂਪ ਵਿੱਚ ਵੀ ਪਿੰਡ ਨੂੰ ਨਸ਼ਾ ਮੁਕਤ ਕਰਵਾਉਣ ਲਈ ਪੁਲੀਸ ਦੀ ਨਫ਼ਰੀ ਵਧਾਉਣ ਜਾਂ ਫਿਰ ਪਿੰਡ ਵਿੱਚ ਚੌਕੀ ਸਥਾਪਤ ਕਰਨ ਦੀ ਬੇਨਤੀ ਕਰ ਚੁੱਕੇ ਹਨ ਪ੍ਰੰਤੂ ਸਾਡੀ ਕਿਸੇ ਪਾਸੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਪਿੰਡ ਵਾਸੀਆਂ ਅਤੇ ਇਲਾਕੇ ਦੇ ਸਮਾਜ ਸੇਵੀ ਲੋਕਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ।

Post a Comment

0 Comments