ਮਚਾਕੀ ਕਲਾਂ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਨਸ਼ਿਆਂ ਦੇ ਖਾਤਮੇ ਲਈ ਲੋਕ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ- ਡਾ. ਰੂਹੀ ਦੁੱਗ  

-ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਵਿਚ 10 ਕਰਾਸ ਫਿੱਟ ਜਿੰਮ ਬਣਾਏ ਜਾ ਰਹੇ ਹਨ


ਪੰਜਾਬ ਇੰਡੀਆ ਨਿਊਜ਼ 

ਫ਼ਰੀਦਕੋਟ 06 ਜੁਲਾਈ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵੱਲੋਂ ਪੁਲਿਸ, ਸਿਹਤ ਵਿਭਾਗ ਸਮੇਤ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗੂਰਕ ਕਰਨ,ਨਸ਼ਿਆਂ  ਦੀ ਸਪਲਾਈ ਲਾਈਨ ਤੋੜਨ ਅਤੇ ਨਸ਼ਿਆਂ ਦਾ ਸ਼ਿਕਾਰ ਲੋਕਾਂ ਨੂੰ ਨਸ਼ਾ ਛੁਡਾ ਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਚਲਾਈ  ਗਈ ਜਾਗਰੂਕਤਾ ਮੁਹਿੰਮ ਤਹਿਤ ਜ਼ਿਲ੍ਹੇ ਦੇ ਪਿੰਡ ਮਚਾਕੀ ਕਲਾਂ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।  ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

     ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਨਸ਼ੇ ਭੈੜੀ ਸਮਾਜਿਕ ਅਲਾਮਤ ਹਨ ਪਰ ਲੋਕਾਂ ਦੇ ਸਹਿਯੋਗ ਅਤੇ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਅ ਕੇ ਨਾਲ ਇਸ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਪਿੰਡ ਜਾਂ ਆਲੇ ਦੁਆਲੇ ਘਰ ਪਰਿਵਾਰ ਵਿੱਚ ਕੋਈ ਵੀ ਨਸ਼ੇ ਨਾਲ ਸਬੰਧਤ ਕੇਸ ਸਾਹਮਣੇ ਆਉਂਦਾ ਹੈ ਤਾਂ ਉਹ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਕਰਨ ਤਾਂ ਜੋ ਅਜਿਹੇ ਲੋਕਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੁਬਾਰਾ ਤੋਂ ਸ਼ੁਰੂ ਕਰਨ ਦੇ ਰਸਤੇ ਤੇ ਪਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਆਪਣੇ ਕੰਮ ਧੰਦੇ ਸ਼ੁਰੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ  ਕਰਜ਼ੇ ਅਤੇ ਸਬਸਿਡੀ  ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਜ਼ਿਲ੍ਹੇ ਦੇ ਹਰੇਕ ਪਿੰਡ/ਸ਼ਹਿਰ ਨੂੰ ਨਸ਼ਾ ਮੁਕਤ ਕਰਨਾ ਹੈ।

ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ 10 ਪਿੰਡਾਂ ਵਿੱਚ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਆਕਰਸ਼ਤ ਕਰਨ ਲਈ ਕਰਾਸ ਫਿੱਟ ਜਿੰਮ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਪਿੰਡ ਮਚਾਕੀ ਕਲਾਂ ਵਿਖੇ ਵੀ ਇੱਕ ਜਿੰਮ ਅਤੇ ਲਾਇਬਰੇਰੀ ਖੋਲੀ ਜਾਵੇਗੀ ਤੇ ਇਸ ਤੋਂ ਇਲਾਵਾ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਵਿਕਾਸ ਕਾਰਜ ਵੀ ਕਰਵਾਏ ਜਾਣਗੇ। ਉਨ੍ਹਾਂ ਫਿਰ ਅਪੀਲ ਕੀਤੀ ਕਿ ਜ਼ਿਲ੍ਹੇ ਵਿੱਚ ਨਸ਼ੇ ਸਬੰਧੀ ਕੋਈ ਕੇਸ ਸਾਹਮਣੇ ਆਉਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।

ਇਸ ਮੌਕੇ ਐਸ.ਡੀ.ਐਮ ਮੈਡਮ ਬਲਜੀਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਧੀਰਾ ਗੁਪਤਾ, ਮਨੋਰੋਗ ਮਾਹਰ ਡਾ. ਰਣਜੀਤ ਕੌਰ ਸਮੇਤ ਵੱਖ ਵੱਖ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।

 ਪਿੰਡ ਦੇ ਸਰਪੰਚ ਸ. ਗੁਰਸ਼ਵਿੰਦਰ ਸਿੰਘ ਬਰਾੜ ਵੱਲੋਂ ਸਮੂਹ ਮਹਿਮਾਨਾਂ ਨੂੰ ਜੀ ਆਇਆ ਕਹਿੰਦਿਆਂ ਪਿੰਡ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਪਿੰਡ ਨੂੰ ਵਧੀਆ ਕਾਰਗੁਜ਼ਾਰੀ ਲਈ ਰਾਸ਼ਟਰੀ ਐਵਾਰਡ ਵੀ ਮਿਲ ਚੁੱਕਿਆ ਹੈ। ਉਨ੍ਹਾਂ ਯਕੀਨ ਦਿਵਾਇਆ ਕਿ ਸਮੂਹ ਪਿੰਡ ਵਾਸੀ ਨਸ਼ਿਆਂ ਦੇ ਖਾਤਮੇ ਲਈ ਇੱਕਜੁੱਟ ਹੋ ਕੇ ਕੰਮ ਕਰਨਗੇ।ਮੰਚ ਸੰਚਾਲਨ ਸ੍ਰੀ ਜਸਬੀਰ ਜੱਸੀ ਮੀਡੀਆ ਕੁਆਰਡੀਨੇਟਰ ਸਿੱਖਿਆ ਵਿਭਾਗ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਨਸ਼ਿਆਂ ਦੇ ਖਾਤਮੇ ਲਈ ਬੱਡੀ ਗਰੁੱਪ ਦੇ ਯੋਗਦਾਨ ਬਾਰੇ ਚਾਨਣਾ ਪਾਇਆ।

ਇਸ ਸਮਾਗਮ ਵਿੱਚ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਮੈਡਮ ਕਿਰਨਦੀਪ ਕੌਰ, ਸ੍ਰੀ ਹਰਵਿੰਦਰ ਸਿਂਘ ਟਿੱਕਾ ਚੇਅਰਮੈਨ ਬਲਾਕ ਸੰਮਤੀ, ਡਾ. ਅਮਨਦੀਪ ਕੇਸ਼ਵ ਪੀ.ਡੀ.ਆਤਮਾ, ਡਾ. ਮਨਿੰਦਰ ਆਰ.ਐਮ.ਓ, ਸ੍ਰੀ ਤੀਰਥ ਸਿੰਘ ਜ਼ਿਲ੍ਹਾ ਪੰਚਾਇਤ ਅਫਸਰ, ਜਗਨਦੀਪ ਕੌਰ ਇੰਸਪੈਕਟਰ ਪੰਜਾਬ ਪੁਲਿਸ, ਸੁਖਪ੍ਰੀਤ ਸਿੰਘ ਮੁਮਾਰਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਸਰਕਾਰੀ ਸੈਕੰਡਰੀ ਸਕੂਲ ਮਚਾਕੀ ਕਲਾਂ ਦੇ ਵਿਦਿਆਰਥੀ ਸੰਦੀਪ ਕੌਰ, ਮਨਜੀਤ ਕੌਰ, ਸੁਖਪ੍ਰੀਤ ਕੌਰ ਤੇ ਸਿਮਰਨ ਪ੍ਰੀਤ ਕੌਰ ਨੇ ਨਸ਼ਿਆਂ ਖਿਲਾਫ ਜਾਗਰੂਕਤਾ ਪੈਦਾ ਕਰਦਿਆਂ ਕਵਿਤਾਵਾਂ ਤੇ ਗੀਤਾਂ ਦੀ ਪੇਸ਼ਕਾਰੀ ਕਰਕੇ ਖੂਬ ਰੰਗ ਬੰਨਿਆ।

Post a Comment

0 Comments