ਬਿਜਲੀ ਮੁਲਾਜ਼ਮਾਂ ਨੇ ਕੀਤਾ ਬਿਜਲੀ ਸੋਧ ਬਿੱਲ 2022 ਦਾ ਜ਼ਬਰਦਸਤ ਵਿਰੋਧ -

 ਬਿਜਲੀ ਮੁਲਾਜ਼ਮਾਂ ਨੇ ਕੀਤਾ ਬਿਜਲੀ ਸੋਧ ਬਿੱਲ 2022 ਦਾ ਜ਼ਬਰਦਸਤ ਵਿਰੋਧ -


ਮੋੜ-ਮੰਡੀ 8 ਅਗਸਤ ਮਨਪ੍ਰੀਤ ਖੁਰਮੀ/
ਅੱਜ ਜਿਵੇਂ ਹੀ ਬਿਜਲੀ ਮੁਲਾਜ਼ਮਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਪਤਾ ਚੱਲਿਆ ਕਿ ਕੇਂਦਰ ਸਰਕਾਰ ਵੱਲੋਂ ਅੱਜ ਬਿਜਲੀ ਸੋਧ ਬਿੱਲ 2022 ਸੰਸਦ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਬਿਜਲੀ ਮੁਲਾਜ਼ਮਾਂ ਅਤੇ ਕਿਸਾਨ ਜਥੇਬੰਦੀਆਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ। ਮੌੜ ਡਵੀਜ਼ਨ ਦਫ਼ਤਰ ਵਿਖੇ ਰਣਜੀਤ ਸਿੰਘ ਰਾਣਾ ਸਰਕਲ ਪ੍ਰਧਾਨ ਦੀ ਅਗਵਾਈ ਵਿੱਚ ਬਿਜਲੀ ਸੋਧ ਬਿੱਲ 2022 ਦੀਆਂ ਕਾਪੀਆਂ ਸਾੜੀਆਂ, ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਕੇਂਦਰ ਸਰਕਾਰ ਦੀ ਅਰਥੀ ਸਾੜੀ। ਇਸ ਵਿੱਚ ਕਿਸਾਨਾਂ ਨੇ ਵੀ ਹਿੱਸਾ ਲਿਆ। ਇੱਧਰ ਤਲਵੰਡੀ ਸਾਬੋ ਸਬ ਡਵੀਜ਼ਨ ਦਫ਼ਤਰ ਵਿੱਚ ਇੰਪਲਾਈਜ ਫੈਡਰੇਸ਼ਨ ਪਹਿਲਵਾਨ ਸਰਕਲ ਵਿੱਤ ਸਕੱਤਰ ਕੁਲਵਿੰਦਰ ਨਥੇਹਾ ਦੀ ਅਗਵਾਈ ਹੇਠ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਕਿ ਸੂਬਾ ਸਰਕਾਰਾਂ ਬਿਜਲੀ ਦੀ ਵਿਵਸਥਾ ਆਪਣੇ ਪੱਧਰ ਉਪਰ ਕਰਦੀਆਂ ਹਨ। ਸੂਬਾ ਸਰਕਾਰਾਂ ਦੀ ਸਹਿਮਤੀ ਤੋਂ ਬਿਨਾਂ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2022 ਸੰਸਦ ਵਿੱਚ ਕਿਵੇਂ ਪੇਸ਼ ਕਰਨ ਜਾ ਰਹੀ ਹੈ। ਜਿਆਦਾ ਮੁਨਾਫ਼ਾ ਕਮਾਉਣ ਵਾਲੇ ਅਤੇ ਜ਼ਿਆਦਾ ਰੁਜ਼ਗਾਰ ਦੇਣ ਵਾਲੇ ਬਿਜਲੀ ਵਿਭਾਗ ਨੂੰ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚਣ ਦਾ ਫ਼ੈਸਲਾ ਦੇਸ਼ ਅਤੇ ਜਨ ਵਿਰੋਧੀ ਹੈ ਜਿਸ ਦਾ ਅਸੀਂ ਵਿਰੋਧ ਕਰਦੇ ਰਹਾਂਗੇ,ਜਦ ਤੱਕ ਇਸ ਨੂੰ ਰੱਦ ਨਹੀਂ ਕੀਤਾ ਜਾਂਦਾ। ਸਰਕਲ ਪ੍ਰਧਾਨ ਨੇ ਕਿਹਾ ਕਿ ਬਿਜਲੀ ਭਾਰਤ ਦੇਸ਼ ਦੀ ਮੁੱਢਲੀ ਲੋੜ ਬਣ ਗਈ ਹੈ ਇਸ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣਾ ਜਨਤਾ ਦੀ ਲੁੱਟ ਕਰਵਾਉਣਾ ਹੈ।ਜਦ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਲਿਖ਼ਤ ਰੂਪ ਵਿੱਚ ਸਮਝੌਤਾ ਕੀਤਾ ਹੈ ਕਿ ਬਿਜਲੀ ਸੋਧ ਬਿੱਲ 2022 ਜਨਤਾ ਦੀ ਸਹਿਮਤੀ ਤੋਂ ਬਿਨਾਂ ਪੇਸ਼ ਨਹੀਂ ਕੀਤਾ ਜਾਵੇਗਾ। ਉਹਨਾਂ ਇਲਜ਼ਾਮ ਲਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਲੋਕ ਮਾਰੂ ਅਤੇ ਗਰੀਬ ਵਿਰੋਧੀ ਸਾਬਤ ਹੋਵੇਗਾ। ਮੌਕੇ ਤੇ ਹਾਜ਼ਰ  ਜਸਪਾਲ ਸਿੰਘ ਭੀਖੀ,ਗੁਰਤੇਜ ਸਿੰਘ ਢਿੱਲੋਂ ,ਬਲਰਾਜ ਸਿੰਘ ਮੌੜ,ਜਸਕਰਨ ਸਿੰਘ ਰੋਹੀ,ਨਵਦੀਪ ਸਿੰਘ ਬਾਲਿਆਂਵਾਲੀ,ਭੀਖੂ ਸ਼ਰਮਾ,ਰਾਵਲ ਸਿੰਘ ਗੁਰੂ,ਸੁਰਜੀਤ ਸਿੰਘ,ਗੁਰਵਿੰਦਰ ਸਿੰਘ ਤੁੰਗਵਾਲੀ,ਗੁਰਪ੍ਰੀਤ ਸਿੰਘ ਆਦਿ ਸਾਥੀ ਹਾਜ਼ਰ ਹਾਜ਼ਰ ਰਹੇ

Post a Comment

0 Comments