ਬੀਜੇਪੀ ਸਰਕਾਰ ਵਲੋਂ 75ਵੇਂ ਆਜ਼ਾਦੀ ਦਿਵਸ ਮੌਕੇ ਸਮੂਹਕ ਕਤਲੇਆਮ ਤੇ ਬਲਾਤਕਾਰ ਕਾਂਡ ਦੇ ਮੁਜਰਿਮਾਂ ਨੂੰ ਰਿਹਾਅ ਕਰਨਾ ਅਤਿ ਸ਼ਰਮਨਾਕ - ਲਿਬਰੇਸ਼ਨ

ਬੀਜੇਪੀ ਸਰਕਾਰ ਵਲੋਂ 75ਵੇਂ ਆਜ਼ਾਦੀ ਦਿਵਸ ਮੌਕੇ ਸਮੂਹਕ ਕਤਲੇਆਮ ਤੇ  ਬਲਾਤਕਾਰ ਕਾਂਡ ਦੇ ਮੁਜਰਿਮਾਂ ਨੂੰ ਰਿਹਾਅ ਕਰਨਾ ਅਤਿ ਸ਼ਰਮਨਾਕ - ਲਿਬਰੇਸ਼ਨ 

ਦਲਿਤ ਬੱਚੇ ਦੇ ਕਾਤਲ ਜਾਤ ਹੰਕਾਰੀ ਅਧਿਆਪਕ ਨੂੰ ਮਿਸਾਲੀ ਸਜ਼ਾ ਦੀ ਮੰਗ


ਮਾਨਸਾ, 18 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ 

         ਸਾਲ 2002 ਵਿਚ ਗੁਜਰਾਤ ਵਿਚ ਮੁੱਖ ਮੰਤਰੀ ਮੋਦੀ ਦੀ ਸਰਕਾਰ ਦੀ ਸਰਪ੍ਰਸਤੀ ਹੇਠ ਕਰੀਬ ਦੋ ਮਹੀਨੇ ਤੱਕ ਚੱਲਦੇ ਰਹੇ ਵਹਿਸ਼ੀ ਫਿਰਕੂ ਕਤਲੇਆਮ ਦੌਰਾਨ ਬਿਲਕੀਸ ਬਾਨੋ ਨਾਮਕ ਲੜਕੀ ਦੀ ਤਿੰਨ ਸਾਲਾ ਬੇਟੀ ਸਮੇਤ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਨੂੰ ਉਸ ਦੀ ਅੱਖਾਂ ਸਾਹਮਣੇ ਕਤਲ ਕਰਨ ਅਤੇ ਬਾਨੋ ਨਾਲ ਸਮੂਹਕ ਬਲਾਤਕਾਰ ਕਰਨ ਬਦਲੇ ਉਮਰ ਕੈਦ ਦੀ ਸਜ਼ਾ ਭੁਗਤ ਰਹੇ 11 ਮੁਜਰਿਮਾਂ ਨੂੰ ਗੁਜਰਾਤ ਦੀ ਬੀਜੇਪੀ ਸਰਕਾਰ ਵਲੋਂ ਕੇਂਦਰ ਵਿਚਲੀ ਮੋਦੀ ਸਰਕਾਰ ਦੀ ਮੋਨ ਸਹਿਮਤੀ ਨਾਲ 75ਵੇਂ ਆਜ਼ਾਦੀ ਦਿਵਸ ਮੌਕੇ ਮਾਫੀ ਦਿੱਤੇ ਜਾਣ ਨੂੰ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਬੇਹੱਦ ਸ਼ਰਮਨਾਕ ਫੈਸਲਾ ਕਰਾਰ ਦਿੱਤਾ ਹੈ।

      ਪਾਰਟੀ ਦੇ ਸੂਬਾਈ ਬੁਲਾਰੇ ਵਲੋਂ ਇਥੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਅਖੌਤੀ 'ਮਾਫੀ' ਰੱਦ ਕਰਕੇ ਇੰਨਾਂ ਮੁਜਰਿਮਾਂ ਨੂੰ ਸਜ਼ਾ ਭੁਗਤਣ ਲਈ ਮੁੜ ਜੇਲ 'ਚ ਬੰਦ ਕੀਤਾ ਜਾਣਾ ਚਾਹੀਦਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਕ ਪਾਸੇ ਇਸੇ ਦਸ ਜੂਨ ਨੂੰ ਕੇਂਦਰ ਸਰਕਾਰ ਵਲੋਂ ਕੈਦੀਆਂ ਦੀ ਰਿਹਾਈ ਬਾਰੇ ਸੂਬਾ ਸਰਕਾਰਾਂ ਲਈ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਵਿਚ ਸਪਸ਼ਟ ਕਿਹਾ ਗਿਆ ਹੈ ਕਿ ਬਲਾਤਕਾਰ , ਨਸ਼ਾ ਤਸਕਰੀ ਅਤੇ ਬੱਚਿਆਂ ਖਿਲਾਫ਼ ਅਪਰਾਧ ਕਰਨ ਵਾਲੇ ਸਜ਼ਾ ਯਾਫਤਾ ਮੁਜਰਿਮਾਂ ਨੂੰ ਮਾਫ਼ੀ ਨਹੀਂ ਦਿੱਤੀ ਜਾਵੇਗੀ। ਪਰ ਬੀਜੇਪੀ ਦੀ ਹੀ ਗੁਜਰਾਤ ਸਰਕਾਰ ਨੇ ਇੰਨਾਂ ਦਿਸ਼ਾ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਾ ਸਿਰਫ ਇਹੀ ਘਿਨਾਉਣੇ ਅਪਰਾਧ ਕਰਨ ਵਾਲੇ ਸਾਰੇ ਮੁਜਰਿਮਾਂ ਨੂੰ ਆਜ਼ਾਦੀ ਦਿਹਾੜੇ ਦੀ ਆੜ ਵਿਚ ਰਿਹਾਅ ਕਰ ਦਿੱਤਾ, ਬਲਕਿ ਰਿਹਾਈ ਮੌਕੇ ਬੀਜੇਪੀ ਲੀਡਰਾਂ ਨੇ ਕੈਮਰਿਆਂ ਸਾਹਮਣੇ ਇੰਨਾਂ ਕਾਤਲਾਂ ਬਲਾਤਕਾਰੀਆਂ ਦੇ ਫੁੱਲਾਂ ਦੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਇੰਨਾਂ ਦਾ ਸੁਆਗਤ ਵੀ ਕੀਤਾ। ਬੀਜੇਪੀ ਦੀ ਇਹ ਕਾਰਵਾਈ ਕਾਨੂੰਨ, ਨਿਆਂ ਅਤੇ ਇਨਸਾਨੀਅਤ ਨੂੰ ਪੈਰਾਂ ਹੇਠ ਦਰੜਣ ਦੇ ਤੁੱਲ ਹੈ। ਕਿਉਂਕਿ ਦੂਜੇ ਪਾਸੇ ਖਾਲਿਸਤਾਨੀ ਲਹਿਰ ਦੌਰਾਨ ਕੀਤੇ ਹਥਿਆਰਬੰਦ ਐਕਸ਼ਨਾਂ ਬਦਲੇ ਇੰਨਾਂ ਬਲਾਤਕਾਰੀਆ ਤੋਂ ਕਿਤੇ ਜ਼ਿਆਦਾ ਸਜ਼ਾਵਾਂ ਭੁਗਤ ਚੁੱਕੇ ਸਿੱਖ ਕੈਦੀਆਂ ਜਾਂ ਝੂਠੇ ਕੇਸਾਂ 'ਚ ਜੇਲੀਂ ਡੱਕੇ ਸੈਂਕੜੇ  ਇਨਕਲਾਬੀ ਕਾਰਕੁੰਨਾਂ ਦੀ ਰਿਹਾਈ ਦੀ ਮੰਗ ਲਈ ਦੇਸ਼ ਭਰ ਜਨਤਕ ਅੰਦੋਲਨ ਚੱਲਣ ਦੇ ਬਾਵਜੂਦ ਮੋਦੀ ਸਰਕਾਰ ਕੋਈ ਹੁੰਗਾਰਾ ਨਹੀਂ ਭਰ ਰਹੀ।

       ਬਿਆਨ ਵਿਚ ਸੀਪੀਆਈ (ਐਮ ਐਲ) ਨੇ ਰਾਜਸਥਾਨ ਦੇ ਜਾਲੌਰ ਜ਼ਿਲੇ ਦੇ ਇਕ ਪਿੰਡ ਵਿਚ  ਸੰਘ ਵਲੋਂ ਸੰਚਾਲਤ ਸਕੂਲ ਸਰਸਵਤੀ ਵਿਦਿਆ ਮੰਦਰ ਵਿਚ ਮਹਿਜ਼ ਘੜੇ 'ਚੋ ਪਾਣੀ ਪੀਣ ਬਦਲੇ ਦਲਿਤ ਵਰਗ ਦੇ ਇਕ 9 ਸਾਲਾ ਬੱਚੇ ਨੂੰ ਬੁਰੀ ਤਰਾਂ ਕੁੱਟ ਕੇ ਉਸ ਦੀ ਜਾਨ ਲੈ ਲੈਣ ਵਾਲੇ ਦੋਸ਼ੀ ਸਕੂਲ ਪ੍ਰਿੰਸੀਪਲ ਛੈਲ ਸਿੰਘ ਨੂੰ ਐਸੀ ਮਿਸਾਲੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ, ਤਾਂ ਜੋ ਕੋਈ ਹੋਰ ਜਾਤੀ ਹੰਕਾਰੀ   ਅਜਿਹੀ ਗਿਰੀ ਹੋਈ ਹਰਕਤ ਕਰਨ ਦੀ ਜੁਰਅਤ ਹੀ ਨਾ ਕਰੇ।


Post a Comment

0 Comments