ਆਜ਼ਾਦੀ ਦਿਹਾੜੇ ਦੀ 75ਵੀਂ ਵਰੇਗੰਢ: ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਹੋਇਆ ਜ਼ਿਲਾ ਪੱਧਰੀ ਸਮਾਗਮ

 ਆਜ਼ਾਦੀ ਦਿਹਾੜੇ ਦੀ 75ਵੀਂ ਵਰੇਗੰਢ: ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਹੋਇਆ ਜ਼ਿਲਾ ਪੱਧਰੀ ਸਮਾਗਮ

ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਲਹਿਰਾਇਆ ਕੌਮੀ ਝੰਡਾ, 


ਬਰਨਾਲਾ, 16 ਅਗਸਤ/ਕਰਨਪ੍ਰੀਤ ਧੰਦਰਾਲ /
-ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਜ਼ਿਲਾ ਪੱਧਰੀ ਸਮਾਗਮ ਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕਰਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਿਹਤ ਮੰਤਰੀ ਪੰਜਾਬ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕੌਮੀ ਝੰਡਾ ਲਹਿਰਾਇਆ। ਮੁੱਖ ਮਹਿਮਾਨ ਨੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ, ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਅਤੇ ਐਸਐਸਪੀ ਸ੍ਰੀ ਸੰਦੀਪ ਕੁਮਾਰ ਮਲਿਕ ਵੀ ਮੌਜੂਦ ਸਨ।

               


             ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ  ਅਸੀਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇਗੰਢ ਮਨਾ ਰਹੇ ਹਾਂ। ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਿੱਚ ਅੱਜ ਪੰਜਾਬ ਬਿਜਲੀ, ਖੇਤੀਬਾੜੀ, ਸਿੱਖਿਆ, ਲਾਅ ਐਂਡ ਆਡਰ, ਨਾਗਰਿਕ ਸੇਵਾਵਾਂ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਪੰਚਾਇਤੀ ਜ਼ਮੀਨਾਂ ’ਤੋਂ ਨਾਜਾਇਜ਼ ਕਬਜੇ ਛੁਡਾਉਣ, ਸਿਹਤ, ਨਿਵੇਸ਼ ਪੱਖੀ ਮਾਹੌਲ ਸਿਰਜਣ ਦੇ ਨਾਲ ਉਦਯੋਗ ਦੇ ਖੇਤਰ ਵਿੱਚ ਨਾਮਣਾ ਖੱਟ ਰਿਹਾ ਹੈ। ਸਰਕਾਰ ਨੇ ਇੱਕ ਵਿਧਾਇਕ ਇੱਕ ਪੈਨਸ਼ਨ ਸਕੀਮ ਲਾਗੂ ਕਰਕੇ ਸਰਕਾਰੀ ਪੈਸੇ ਨੂੰ ਬਚਾਇਆ ਹੈ। ਪੰਜਾਬ ਸਰਕਾਰ ਨੇ ਭਿ੍ਰਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦੀ ਸ਼ੁਰੂਆਤ ਕਰਕੇ ਭਿ੍ਰਸ਼ਟਾਚਾਰ ਨੂੰ ਜੜੋਂ ਖਤਮ ਕਰਨ ਦੀ ਦਿਸ਼ਾ ਵਿੱਚ ਵੱਡੀ ਪਹਿਲਕਦਮੀ ਕੀਤੀ ਹੈ। ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਦਿਆਂ ਸੇਵਾ ਕੇਂਦਰਾਂ ਵਿੱਚ 122 ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਸਰਕਾਰ ਵੱਲੋਂ ਅੱਜ 75ਵੇਂ ਸੁਤੰਤਰਤਾ ਦਿਵਸ ਦੀ ਵਰੇਗੰਢ ਮੌਕੇ 75 ਆਮ ਆਦਮੀ ਕਲੀਨਿਕ ਪਹਿਲੇ ਪੜਾਅ ’ਚ ਖੋਲੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਸੈਨਿਕਾਂ ਦੇ ਸਨਮਾਨ ਵਜੋਂ ਪੰਜਾਬ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਣ ਵਾਲਾ ਮਾਣ ਭੱਤਾ ਵਧਾ ਕੇ 1 ਕਰੋੜ ਰੁਪਏ ਕਰ ਦਿੱਤਾ ਹੈ। ਇਹ ਸਹਾਇਤਾ ਦੇਸ਼ ਸੇਵਾ ਦੌਰਾਨ ਆਪਣੀ ਜਾਨ ਦੇਣ ਵਾਲੇ ਸੈਨਿਕਾਂ ਦੇ ਆਸ਼ਰਿਤਾਂ ਨੂੰ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਲੋਕਾਂ ਦੇ 31 ਦਸੰਬਰ, 2021 ਤੱਕ ਦੇ ਸਾਰੇ ਬਕਾਇਆ ਬਿਜਲੀ ਬਿੱਲਾਂ ਨੂੰ ਮੁਆਫ ਕਰ ਦਿੱਤਾ ਹੈ ਅਤੇ ਜਿਨਾਂ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਗਏ ਹਨ, ਉਨਾਂ ਦੇ ਬਿਜਲੀ ਕੁਨੈਕਸ਼ਨਾਂ ਨੂੰ ਮੁੜ ਬਹਾਲ ਕੀਤਾ ਜਾ ਰਿਹਾ ਹੈ। 

    ਇਸ ਉਪਰੰਤ ਮੁੱਖ ਮਹਿਮਾਨ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਅਤੇ ਚੰਗੀ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਖੇਡ ਪ੍ਰ੍ਰਾਪਤੀਆਂ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਲੋੜਵੰਦਾਂ ਨੂੰ ਟ੍ਰਾਈਸਾਈਕਲਾਂ ਤੇ ਮਸ਼ੀਨਾਂ ਦੀ ਵੰਡ ਵੀ ਕੀਤੀ ਗਈ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਕਰੀਬ 550 ਬੱਚਿਆਂ ਵੱਲੋਂ ਪੀਟੀ ਸ਼ੋਅ ਪੇਸ਼ ਕੀਤਾ ਗਿਆ। ਇਸ ਮੌਕੇ ਬਾਬਾ ਗਾਂਧਾ ਸਕੂਲ, ਸੇਂਟ ਜੋਸਫ ਸਕੂਲ ਸੰਘੇੜਾ, ਸਰਕਾਰੀ ਸਕੂਲ ਮੌੜਾਂ, ਪਵਨ ਸੇਵਾ ਸਮਿਤੀ ਸਕੂਲ ਬਰਨਾਲਾ, ਸਰਵਹਿਤਕਾਰੀ ਵਿਦਿਆ ਮੰਦਿਰ ਬਰਨਾਲਾ, ਜੈ ਵਾਟਿਕਾ ਬਰਨਾਲਾ ਵੱਲੋਂ ਕੋਰੀਓਗ੍ਰਾਫੀ ਤੇ ਐਲਬੀਐਸ, ਸਰਕਾਰੀ ਸਕੂਲ ਸੰਧੂ ਪੱਤੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਧਨੌਲਾ ਵੱਲੋਂ ਗਿੱਧਾ ਪੇਸ਼ ਕੀਤਾ ਗਿਆ।

    ਇਸ ਮੌਕੇ ਜ਼ਿਲਾ ਤੇ ਸੈਸ਼ਨ ਜੱਜ ਬਰਨਾਲਾ ਸ੍ਰੀ ਕਮਲਜੀਤ ਲਾਂਬਾ ਤੇ ਹੋਰ ਜੱਜ ਸਾਹਿਬਾਨ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸੁਖਪਾਲ ਸਿੰਘ, ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ ਤੇ ਹੋਰ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ, ਅਧਿਆਪਕ ਅਤੇ ਸਕੂਲੀ ਵਿਦਿਆਰਥੀ ਤੇ ਹੋਰ ਪਤਵੰਤੇ ਹਾਜ਼ਰ ਸਨ।

Post a Comment

0 Comments