ਨਰਸਿੰਗ ਸਟੂਡੈਂਟਾਂ ਨੂੰ ਅੱਖਾਂ ਦਾਨ ਦੀ ਮਹੱਤਤਾ ਬਾਰੇ ਦੱਸਿਆ

 ਨਰਸਿੰਗ ਸਟੂਡੈਂਟਾਂ ਨੂੰ ਅੱਖਾਂ ਦਾਨ ਦੀ ਮਹੱਤਤਾ ਬਾਰੇ ਦੱਸਿਆ


ਸ਼ਾਹਕੋਟ 26 ਅਗਸਤ (ਲਖਵੀਰ ਵਾਲੀਆ)
:- ਸਿਵਲ ਸਰਜਨ ਡਾ. ਰਮਨ ਸ਼ਰਮਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਸ਼ਾਹਕੋਟ ਡਾ. ਦਵਿੰਦਰ ਪਾਲ ਸਿੰਘ ਜੀ ਦੀ ਅਗਵਾਈ ਹੇਠ 37ਵਾਂ ਅੱਖਾਂ ਦਾਨ ਜਾਗਰੂਕਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਪੰਦਰਵਾੜੇ ਦੇ ਦੂਜੇ ਦਿਨ ਏ.ਪੀ.ਐਸ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੂੰ ਅੱਖਾਂ ਦਾਨ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ। ਇਸ ਦੇ ਨਾਲ ਹੀ ਦੋ ਵਿਅਕਤੀਆਂ ਨੇ ਅੱਖਾਂ ਦਾਨ ਲਈ ਸੰਕਲਪ ਪੱਤਰ ਭਰਿਆ ਹੈ। ਇਨ੍ਹਾਂ ਵਿੱਚ ਇੱਕ ਬਜ਼ੁਰਗ ਵਿਅਕਤੀ ਅਤੇ ਇੱਕ ਸਿਹਤ ਵਿਭਾਗ ਦਾ ਕਰਮਚਾਰੀ ਵੀ ਸ਼ਾਮਲ ਹੈ।

ਐਸਐਮਓ ਡਾ. ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਰੋਜ਼ਾਨਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਦੂਜੇ ਦਿਨ ਬੀਈਈ ਚੰਦਨ ਮਿਸ਼ਰਾ ਅਤੇ ਓਫਥੈਲਮਿਕ ਅਫਸਰ ਵਿਸ਼ਾਲ ਖੰਨਾ ਵੱਲੋਂ ਨਰਸਿੰਗ ਵਿਦਿਆਰਥੀਆਂ ਅਤੇ ਮਰੀਜ਼ਾਂ ਲਈ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਕੋਈ ਵੀ ਵਿਅਕਤੀ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਸੰਕਲਪ ਪੱਤਰ ਭਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਦੀਆਂ ਦੋ ਅੱਖਾਂ ਵਿੱਚੋਂ ਦੋ ਮਰੀਜ਼ ਰੋਸ਼ਨੀ ਪ੍ਰਾਪਤ ਕਰ ਸਕਦੇ ਹਨ। ਅੱਖਾਂ ਦਾਨ ਕਰਨ ਦਾ ਪ੍ਰਣ ਲੈਣ ਵਾਲੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੀਆਂ ਅੱਖਾਂ ਕਿਸੇ ਹੋਰ ਵਿਅਕਤੀ ਨੂੰ ਟਰਾਂਸਪਲਾਂਟ ਕੀਤੀਆਂ ਜਾ ਸਕਦੀਆਂ ਹਨ। ਅੱਖਾਂ ਦਾਨ ਕਰਨ ਲਈ ਉਮਰ, ਜਾਤ, ਧਰਮ, ਐਨਕਾਂ ਦੀ ਵਰਤੋਂ ਜਾਂ ਮੋਤੀਆਬਿੰਦ ਦੇ ਆਪ੍ਰੇਸ਼ਨ ਦੀ ਕੋਈ ਪਾਬੰਦੀ ਨਹੀਂ ਹੈ। ਸਿਰਫ਼ ਏਡਜ਼, ਹੈਪੇਟਾਈਟਸ, ਰੇਬੀਜ਼ ਅਤੇ ਸਿਫਿਲਿਸ ਰੋਗ ਤੋਂ ਪੀੜਤ ਲੋਕ ਹੀ ਅੱਖਾਂ ਦਾਨ ਨਹੀਂ ਕਰ ਸਕਦੇ।

Post a Comment

0 Comments