ਘਰ ਘਰ ਉਸਾਰੂ ਸਾਹਿਤ ਦਾ ਚਾਨਣ ਵੰਡਣ ਵਾਲਾ ਯੋਧਾ ਕਾਮਰੇਡ ਪ੍ਰੀਤਮ ਸਿੰਘ ਦਰਦੀ

 ਘਰ ਘਰ ਉਸਾਰੂ ਸਾਹਿਤ ਦਾ ਚਾਨਣ ਵੰਡਣ ਵਾਲਾ ਯੋਧਾ ਕਾਮਰੇਡ ਪ੍ਰੀਤਮ ਸਿੰਘ ਦਰਦੀ


ਪਿਛਲੇ ਸੱਠ ਵਰ੍ਹਿਆਂ ਦੀ ਪੰਜਾਬੀ ਸਾਹਿਿਤਕ ਅਤੇ ਕਮਿਊਨਿਸਟ ਲਹਿਰ ਦੇ ਹਰ ਉਤਰਾਅ ਚੜ੍ਹਾਅ ਦਾ ਪਰਛਾਵੇਂ ਵਰਗਾ ਸਾਥੀ ਕਾ. ਪ੍ਰੀਤਮ ਸਿੰਘ ਦਰਦੀ ਬੇਸ਼ੱਕ ਅੱਜ ਜਿਸਮਾਨੀ ਰੂਪ ਵਿਚ ਸਾਡੇ ਦਰਮਿਆਨ ਨਹੀਂ ਰਿਹਾ ਪ੍ਰੰਤੂ ਲੈਨਿਨ ਕਿਤਾਬ ਘਰ ਮਹਿਲ ਕਲਾਂ ਦੀਆਂ ਉਦਾਸ਼ ਪਈਆਂ ਸੈਂਕੜੇ ਕਿਤਾਬਾਂ ਵਾਂਗ ਹਜਾਰਾਂ ਸ਼ਨੇਹੀਆਂ ਨੂੰ ਚੇਤਿਆਂ ਵਿਚ ਉਸ ਨਾਲ ਬਿਤਾਏ ਪਲਾਂ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਹਮੇਸ਼ਾਂ ਬੇਚੈਨ ਕਰਦੀਆਂ ਰਹਿਣਗੀਆਂ। ਪ੍ਰਸਿੱਧ ਲੇਖਕ ਧਰਮ ਕੰਮਿਆਣਾ, ਅਮਰਦੀਪ ਸਿੰਘ ਗਿੱਲ ਸਮੇਤ ਅਨੇਕਾ ਵੱਡੇ ਸਾਹਿਤਕਾਰਾਂ ਦੀਆਂ ਪਲੇਠੀਆਂ ਪੁਸਤਕਾਂ ਛਾਪ ਕੇ ਪਹਿਲੀ ਵਾਰੀ ਪਾਠਕਾਂ ਦੇ ਰੂਬਰੂ ਕਰਨ ਵਾਲੇ ਦਰਦੀ ਦਾ ਜਨਮ ਸੀ.ਪੀ.ਆਈ. ਦੇ ਅਹਿਮ ਆਗੂ ਕਾ. ਮੱਲ ਸਿੰਘ ਦੇ ਘਰ ਮਾਤਾ ਜੰਗੀਰ ਦ ਕੌਰ ਦੀ ਕੁੱਖੌਂ ਪਿੰਡ ਮਹਿਲ ਕਲਾਂ ਵਿਖੇ ਜਨਵਰੀ 1951 ਵਿਚ ਹੋਇਆ। ਬਚਪਨ ਵਿਚ ਪ੍ਰਸਿੱਧ ਕਮਿਊਨਿਸਟ ਆਗੂਆਂ ਬਾਬਾ ਦੁੱਲਾ ਸਿੰਘ ਜਲਾਲਦੀਵਾਲ, ਕਾ. ਤੇਜਾ ਸਿੰਘ ਸੁਤੰਤਰ , ਹਰਦਿਤ ਸਿੰਘ ਭੱਠਲ, ਕਾ, ਹਰਨਾਮ ਸਿੰਘ ਚਮਕ, ਕਾ. ਜੰਗੀਰ ਸਿੰਘ ਜੋਗਾ, ਬਾਬਾ ਅਰਜਣ ਸਿੰਘ ਭਦੌੜ ਅਤੇ ਕਾ. ਸੰਤੋਖ ਸਿੰਘ ਸਹੌਰ ਵਰਗਿਆਂ ਦੀਆਂ ਲੋਰੀਆਂ ਲੈ ਕੇ ਜਵਾਨ ਹੋਏ ਕਾ. ਪ੍ਰੀਤਮ ਸਿੰਘ ਦਰਦੀ ਨੇ ਭਾਰਤੀ ਕਮਿਊਨਿਸਟ ਲਹਿਰ ਵਾਂਗ ਜਿੰਦਗੀ ਵਿਚ ਵੀ ਅਨੇਕਾ ਉਤਰਾਅ ਚੜ੍ਹਾਅ ਵੇਖੇ ਅਤੇ ਆਪਣੇ ਪਿੰਡੇ ’ਤੇ ਹੰਢਾਏ।ਉਸ ਨੇ ਆਪਣੇ ਪਿਤਾ ਅਤੇ ਭਰਾਵਾਂ ਨਾਲ ਰਲ ਕੇ ਭਾਰੇ ਹਥੌੜਿਆਂ ਨਾਲ ਵਰ੍ਹਿਆਂ ਤੱਕ ਲੋਹਾ ਵੀ ਕੁੱਟਿਆ ਅਤੇ ਇਕ ਕਿਸਾਨ ਦੀ ਕਣਕ ਦਾ ਟੋਕਾ ਕਰਦਿਆਂ ਆਪਣੀ ਇਕ ਬਾਂਹ ਵੀ ਗੁਆ ਲਈ।ਘਰ ਅੰਦਰ ਹਰ ਵੇਲੇ ਕਮਿਊਨਿਸਟ ਆਗੂਆਂ,ਲੋਕ ਪੱਖੀ ਸਾਹਿਤਕ ਰਸਾਲਿਆਂ ਅਤੇ ਅਖਬਾਰਾਂ ਦੀ ਸੰਗਤ ਨੇ ਕਾ. ਦਰਦੀ ਨੂੰ ਬਚਪਨ ਵਿਚ ਹੀ ਸਾਹਿਤ ਪੜ੍ਹਨ ਤੇ ਪੜਚੋਲਣ ਦੀ ਚੇਟਕ ਲਗਾ ਦਿਤੀ। ਉਸ ਨੇ 1970 ਵਿਚ ਲੈਨਿਨ ਕਿਤਾਬ ਘਰ ਸੁਰੂ ਕਰਕੇ ਜਿੰਦਗੀ ਦੇ ਆਖਰੀ ਦਮ ਤੱਕ ਲੋਕ ਪੱਖੀ ਸਾਹਿਿਤਕ ਕਿਤਾਬਾਂ ਛਾਪਣ ਅਤੇ ਮਾਮੂਲੀ ਕੀਮਤ ’ਤੇ ਵੇਚਣ ਦੀ ਤਪੱਸਿਆ ਕੀਤੀ। ਉਹ ਅਕਸਰ ਕਹਿੰਦਾ ਸੀ ਕਿ ਜੇ ਪਾਠਕ ਕਿਤਾਬਾਂ ਕੋਲ ਨਹੀਂ ਆਉਂਦਾ ਤਾਂ ਕਿਤਾਬਾਂ ਨੂੰ ਖੁਦ ਕਾਰਖਾਨਿਆਂ, ਝੁੱਗੀਆਂ, ਬਸਤੀਆਂ ਵਿਚ ਬੈਠੇ ਪਾਠਕ ਦੇ ਦਰ ਤੱਕ ਜਾਣਾ ਪਵੇਗਾ। ਕਾ. ਦਰਦੀ ਵੱਡੇ ਛੋਟੇ ਸਮਾਗਮਾਂ ਇੱਕਠਾਂ ਦੇ ਨਾਲ ਨਾਲ ਹਰ ਉਸ ਪਾਠਕ ਤੱਕ ਕਿਤਾਬ ਨੂੰ ਖੁਦ ਲੈ ਕੇ ਗਿਆ ਜਿਸ ਨੂੰ ਉਹ ਕਿਤਾਬ ਪੜ੍ਹਾਉਣੀ ਚਹੁੰਦਾ ਸੀ। ਮਹਿਲ ਕਲਾਂ ਵਰਗੇ ਛੋਟੇ ਜਿਹੇ ਪਿੰਡ ਨੁਮਾ ਕਸਬੇ ਵਿਚ ਸਾਹਿਤਕ ਪੁਸਤਕਾਂ ਦੀ ਧੜਾਂ ਧੜ ਹੋ ਰਹੀ ਵਿਕਰੀ ਨੇ ਦਿੱਲੀ ਦੇ ਵੱਡੇ ਪਬਲਿਸਰਾਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ। ਮੁਢਲੇ ਦਿਨਾਂ ਵਿਚ ਕਾ. ਦਰਦੀ ਨੇ ਮਾਸਕੋ ਪ੍ਰਕਾਸ਼ਨ ਦੀਆਂ ਸੂਹੇ ਟਾਈਟਲ ਵਾਲੀਆਂ ਢੇਰਾਂ ਕਿਤਾਬਾਂ ਵੇਚੀਆਂ ਅਤੇ ਫਿਰ ਪੰਜਾਬੀ ਹਿੰਦੀ ਦੀਆਂ ਉਸਾਰੂ ਸਾਹਿਿਤਕ ਕਿਤਾਬਾਂ ਵੀ ਦਰਦੀ ਦੀ ਸਟਾਲ ’ਤੇ ਵਿਕਣ ਲੱਗੀਆਂ।ਵੱਡੇ ਵੱਡੇ ਕਮਿਊਨਿਸਟ ਆਗੂਆਂ ਅਤੇ ਪੰਜਾਬੀ ਸਾਹਿਤ ਜਗਤ ਦੀਆਂ ਨਾਮਵਰ ਹਸ਼ਤੀਆਂ ਨਾਲ ਕਾ. ਦਰਦੀ ਦੇ ਪਰਿਵਾਰਕ ਰਿਸਤੇ ਰਹੇ। ਭਾਅ ਜੀ ਗੁਰਸ਼ਰਨ ਸਿੰਘ, ਭਾਅ ਜੀ ਡਾ. ਬਰਜਿੰਦਰ ਸਿੰਘ  ਹਮਦਰਦ, ਨਾਵਲਕਾਰ ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ ਅਤੇ ਰਾਮ ਸਰੂਪ ਅਣਖੀ ਵਰਗੀਆਂ ਸਖਸ਼ੀਅਤਾਂ ਨੇ ਕਾ. ਦਰਦੀ ਨੂੰ ਸਾਹਿਿਤਕ ਪਿੜ ਵਿਚ ਡਟੇ ਰਹਿਣ ਲਈ ਹਮੇਸ਼ਾ ਹੌਂਸਲਾ ਦਿਤਾ। ਕਾ. ਦਰਦੀ ਦਾ ਘਰ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀ ਵਰ੍ਹਿਆਂ ਤੱਕ ਰੋਜ਼ਾਨਾ ਠਾਹਰ ਰਿਹਾ।ਸਾਰੀ ਉਮਰ ਉਸਾਰੂ ਕਿਤਾਬਾਂ ਅਤੇ ਲੋਕ ਘੋਲਾਂ ਦੇ ਲੇਖੇ ਲਾਉਣ ਵਾਲੇ ਕਾ. ਦਰਦੀ ਨੇ ਕਦੇ ਹਾਲਾਤਾਂ ਨਾਲ ਸਮਝੌਤਾ ਨਹੀਂ ਕੀਤਾ। ਸ. ਪ੍ਰਤਾਪ ਸਿੰਘ ਕੈਰੋਂ ਵਰਗੇ ਸਖਤ ਮੰਨੇ ਜਾਂਦੇ ਮੁੱਖ ਮੰਤਰੀ ਅਤੇ ਅਸਵਨੀ ਕੁਮਾਰ ਵਰਗੇ ਪੁਲਿਸ ਅਧਿਕਾਰੀਦੀ ਅੱਖ ਵਿਚ ਅੱਖ ਪਾ ਕੇ ਇਨਸਾਫ ਦਾ ਨਾਅਰਾ ਬੁਲੰਦ ਕਰਨ ਦੀ ਜ਼ੁਅਰਤ ਸਿਰਫ ਕਾ. ਪ੍ਰੀਤਮ ਸਿੰਘ ਦਰਦੀ ਹੀ ਕਰ ਸਕਦਾ ਸੀ।ਉਹ ਅਕਸਰ ਆਖਦਾ ਕਿ ਲਚਕਦਾਰ ਹੋਣਾ ਚੰਗੀ ਗੱਲ ਹੈ ਪ੍ਰੰਤੂ ਆਪਣੇ ਆਪ ਨੂੰ ਜਿੰਉਂਦੇ ਸਾਬਤ ਕਰਨ ਲਈ ਰੀੜ੍ਹ ਦੀ ਹੱਡੀ ਦਾ ਬਰਕਰਾਰ ਰਹਿਣਾ ਵੀ ਲਾਜ਼ਮੀ ਹੈ। ਉਸ ਨੇ ਪੰਡੋਰੀ, ਕਿਰਪਾਲ ਸਿੰਘ ਵਾਲਾ ਅਤੇ ਮਹਿਲ ਕਲਾਂ ਦੇ ਇਨਸਾਫ ਘੋਲਾਂ ਦੀ ਜਿੱਤ ਤੱਕ ਨਿੱਡਰਤਾ ਨਾਲ ਅਗਵਾਈ ਕੀਤੀ।ਵਕਤ ਦੀ ਹਕੂਮਤ ਵੱਲੋਂ ਉਸ ਨੂੰ ਛੋਟੇ ਭਰਾ ਰੋਜ਼ਾਨਾ ਅਜੀਤ ਦੇ ਵਿਦਵਾਨ ਪੱਤਰਕਾਰ ਅਵਤਾਰ ਸਿੰਘ ਅਣਖੀ ਸਮੇਤ ਤਿਹਾੜ ਜੇਲ੍ਹ ਦੀਆਂ ਕਾਲ ਕੋਠੜੀਆਂ ਵਿਚ ਵੀ ਬੰਦ ਰੱਖਿਆ ਗਿਆ ਪ੍ਰੰਤੂ ਜੇਲ੍ਹ ਵਿਚਲਾ ਤਸੱਦਦ ਵੀ ਉਸ ਦੇ ਤਣੇ ਮੁੱਕੇ ਨੂੰ ਨੀਵਾਂ ਨਹੀਂ ਕਰ ਸਕਿਆ। ਹਰ ਵੇਲੇ ਸ਼ਾਂਤ ਸਮੁੰਦਰ ਵਰਗਾ ਦਿਖਾਈ ਦਿੰਦੇ ਕਾ. ਦਰਦੀ ਅੰਦਰ ਸਰਮਾਏਦਾਰੀ ਨਿਜ਼ਾਮ ਖਿਲਾਫ ਖੌਲ਼ਦਾ ਵਿਦਰੋਹ ਉਸ ਨੂੰ ਬੇਚੈਨ ਕਰਦਾ ਰਹਿੰਦਾ।ਕਾ. ਦਰਦੀ ਨੇ ਮਹਿਲ ਕਲਾਂ ਤੋਂ ਆਪਣੇ ਛੋਟੇ ਭਰਾ ਅਵਤਾਰ ਸਿੰਘ ਅਣਖੀ ਅਤੇ ਭਤੀਜੇ    ਗੁਰਪ੍ਰੀਤਸਿੰਘ ਅਣਖੀ ਨਾਲ ਨਵਾਂ ਜਮਾਨਾ ਅਤੇ ਰੋਜ਼ਾਨਾ ਅਜੀਤ ਲਈ ਲੰਬਾ ਸਮਾਂ ਉਸਾਰੂ ਤੇ ਨਿੱਡਰ ਪੱਤਰਕਾਰੀ ਕਰਦਿਆਂ ਨਵੇਂ ਸਿਖਾਂਦਰੂ ਪੱਤਰਕਾਰਾਂ ਨੂੰ ਪੱਤਰਕਾਰੀ ਦੇ ਨਵੇਂ ਰਾਹਾਂ ਦੇ ਰੂਬਰੂ ਕੀਤਾ।ਇਕ ਕਮਿਊਨਿਸਟ ਪਿਤਾ ਦੇ ਘਰ ਜਨਮਿਆ ਕਾ. ਦਰਦੀ ਮਰਦੇ ਦਮ ਤੱਕ ਕਮਿਊਨਿਸਟ ਪਾਰਟੀ ਦਾ ਵਫਾਦਾਰ ਸਿਪਾਹੀ ਰਿਹਾ। ਉਨ੍ਹਾਂ ਵਲੋਂ ਦਿੱਤੇ ਚੰਗੇ ਮਾਰਗ ਦਰਸ਼ਨ ਦੇ ਸਦਕਾ ਉਨ੍ਹਾਂ ਦੇ ਭਤੀਜਾ ਜਗਦੀਪ ਸਿੰਘ ਅਣਖੀ ਆਸਟ੍ਰੇਲੀਆ ਅਤੇ ਹਰਸ਼ਪ੍ਰੀਤ ਸਿੰਘ ਜਗਦੇ ਕੈਨੇਡਾ 'ਚ ਨਾਮਣਾ ਖੱਟ ਰਹੇ ਹਨ।  ਪੰਜਾਬ ਦੇ ਹਰ ਲੋਕ ਪੱਖੀ ਸਾਹਿਿਤਕ ਮੇਲੇ, ਧਰਨੇ, ਮੁਜਾਹਰੇ,  ਅਤੇ ਜਨਤਕ ਇੱਕਠ ਵਿਚ ਸਾਹਿਿਤਕ ਕਿਤਾਬਾਂ ਦੀ ਪ੍ਰਦਰਸ਼ਨੀ ਲਾ ਕੇ ਉਸਾਰੂ ਸਾਹਿਤ ਦੀਆਂ ਹਜਾਰਾਂ ਕਿਤਾਬਾਂ ਦੇ ਗਿਆਨ ਰੂਪੀ ਚਾਨਣ ਨੂੰ ਘਰ ਘਰ ਤੱਕ ਲੈ ਜਾਣ ਵਾਲਾ ਕਾ.ਪ੍ਰੀਤਮ  ਸਿੰਘ ਦਰਦੀ ਲੰਘੀ 9 ਅਗਸਤ ਨੂੰ ਆਪਣੇ ਹਜਾਰਾਂ ਸ਼ਨੇਹੀਆਂ ਦੇ ਵੱਡੇ ਕਾਫਲੇ ਨੂੰ ਹਮੇਸ਼ਾ ਲਈ ਛੱਡ ਗਿਆ। ਅੱਜ 18 ਅਗਸਤ 2022 ਨੂੰ ਦੁਪਹਿਰ 12:30ਵਜੇ ਗੁਰਦੁਆਰਾ ਛੇਵੀਂ ਪਾਤਸਾਹੀ ਮਹਿਲ ਕਲਾਂ ਵਿਖੇ ਪੰਜਾਬ ਭਰ ਤੋਂ ਹਜਾਰਾਂ ਸ਼ਨੇਹੀ ਪੰਜਾਬੀ ਮਾਂ ਬੋਲੀ ਦੇ ਉਸ ਮਾਣਮੱਤੇ ਯੋਧੇ ਨੂੰ ਸ਼ਰਧਾਂਜ਼ਲੀ ਭੇਟ ਕਰਨ ਲਈ ਪਹੁੰਚ ਰਹੇ ਹਨ। 

   ਲੇਖਕ ਪ੍ਰਦੀਪ ਸਿੰਘ ਲੋਹਗੜ੍ਹ

Post a Comment

0 Comments