ਮਾਨ ਸਰਕਾਰ ਪੇਂਡੂ ਮਜ਼ਦੂਰਾਂ ਦੀਆਂ ਭੱਖਵੀਆਂ ਸਮਸਿਆਵਾਂ ਦੇ ਹੱਲ ਲਈ ਤੁਰੰਤ ਕਾਰਵਾਈ ਕਰੇ - ਲਿਬਰੇਸ਼ਨ

ਮਾਨ ਸਰਕਾਰ ਪੇਂਡੂ ਮਜ਼ਦੂਰਾਂ ਦੀਆਂ ਭੱਖਵੀਆਂ ਸਮਸਿਆਵਾਂ ਦੇ ਹੱਲ ਲਈ  ਤੁਰੰਤ ਕਾਰਵਾਈ ਕਰੇ - ਲਿਬਰੇਸ਼ਨ

ਪੇਂਡੂ ਗਰੀਬਾਂ ਦੀਆਂ ਮੰਗਾਂ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚੇ ਵਲੋਂ ਮਾਨਸਾ 'ਚ ਲਾਏ ਮੋਰਚੇ ਦੀ ਕੀਤੀ ਪੁਰਜ਼ੋਰ ਹਿਮਾਇਤ


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ, 8 ਅਗਸਤ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਭਗਵੰਤ ਮਾਨ ਸਰਕਾਰ ਅਤੇ ਮਾਨਸਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਜ਼ਦੂਰ ਮੁਕਤੀ ਮੋਰਚਾ ਵਲੋਂ ਆਰੰਭ ਕੀਤੇ ਪੱਕੇ ਮਜ਼ਦੂਰ ਮੋਰਚੇ ਦੇ ਮੱਦੇਨਜ਼ਰ ਪੰਜਾਬ ਸਰਕਾਰ , ਮਜ਼ਦੂਰਾਂ ਤੇ ਪੇਂਡੂ ਗਰੀਬਾਂ ਦੀਆਂ ਅਹਿਮ ਮੰਗਾਂ ਨੂੰ ਪੂਰਾ ਕਰਨ ਲਈ ਮਜਦੂਰਾਂ ਨਾਲ ਤੁਰੰਤ ਗੱਲਬਾਤ ਅਤੇ ਲੋੜੀਂਦੀ ਕਾਰਵਾਈ ਆਰੰਭ ਕਰੇ।

ਲਿਬਰੇਸ਼ਨ ਦੇ ਬੁਲਾਰੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਜ਼ਦੂਰ ਮੰਗਾਂ ਤੇ ਸਮਸਿਆਵਾਂ ਪ੍ਰਤੀ ਮਾਨ ਸਰਕਾਰ ਦੇ ਮੁਕੰਮਲ ਬੇਰੁਖੀ ਵਾਲੇ ਰਵਈਏ ਖ਼ਿਲਾਫ਼ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ 5 ਅਗਸਤ ਤੋਂ ਏਡੀਸੀ (ਵਿਕਾਸ) ਮਾਨਸਾ ਦੇ ਦਫਤਰ ਸਾਹਮਣੇ ਪੱਕਾ ਮੋਰਚਾ ਸ਼ੁਰੂ ਕੀਤਾ ਹੈ। ਇਸ ਅੰਦੋਲਨ ਰਾਹੀਂ ਮਜ਼ਦੂਰ ਮੁਕਤੀ ਮੋਰਚੇ ਵਲੋਂ ਮਜ਼ਦੂਰਾਂ ਦੀਆਂ ਘੱਟੋ ਘੱਟ ਉਜ਼ਰਤਾਂ ਵਿਚ ਯੋਗ ਵਾਧਾ ਕਰਨ, ਭੂਮੀ ਹੱਦਬੰਦੀ ਤੋਂ ਵਾਧੂ ਜ਼ਮੀਨ ਬੇਜ਼ਮੀਨੇ ਗਰੀਬਾਂ ਵਿਚ ਵੰਡਣ, ਪੰਚਾਇਤੀ ਜ਼ਮੀਨਾਂ ਵਿਚੋਂ ਤੀਜੇ ਹਿੱਸੇ ਦੀ ਜ਼ਮੀਨ ਘੱਟੋ ਘੱਟ ਰਾਖਵੀਂ ਕੀਮਤ 'ਤੇ ਦਲਿਤ ਗਰੀਬਾਂ ਨੂੰ ਠੇਕੇ ਉਤੇ ਦੇਣ, ਬੇਜ਼ਮੀਨੇ ਦਲਿਤਾਂ ਨੂੰ ਮਕਾਨ ਬਣਾਉਣ ਲਈ 10-10 ਮਰਲੇ ਦੇ ਪਲਾਟ ਅਲਾਟ ਕਰਨ, ਮਾਈਕਰੋ ਫਾਇਨਾਂਸ ਕੰਪਨੀਆਂ ਦੇ ਕਰਜ਼ੇ ਸਮੇਤ ਗਰੀਬਾਂ ਸਿਰ ਖੜੇ ਸਮੁਚੇ ਕਰਜ਼ੇ ਮਾਫ਼ ਕਰਨ, ਮਜ਼ਦੂਰਾਂ ਦੇ ਕੱਟੇ ਗਏ ਰਾਸ਼ਨ ਕਾਰਡ ਬਹਾਲ ਕਰਨ, ਅਨਾਜ ਦੀ ਮਾਤਰਾ ਵਿਚ ਕੀਤੀ ਕਟੌਤੀ ਖਤਮ ਕਰੇ ਤੇ ਸਾਰੇ ਹੱਕਦਾਰਾਂ ਨੂੰ  ਰਾਸ਼ਨ ਤੇ ਹੋਰ ਨਿੱਤ ਵਰਤੋਂ ਦੀਆਂ ਵਸਤਾਂ ਸਸਤੇ ਰੇਟਾਂ 'ਤੇ ਬੇਰੋਕ ਸਪਲਾਈ ਕਰਨ, ਨਰਮੇ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਤਰਜ਼ 'ਤੇ ਨਰਮਾ ਚੁਗਾਈ ਕਰਨ ਵਾਲੀਆਂ ਮਜ਼ਦੂਰ ਔਰਤਾਂ ਨੂੰ ਵੀ ਤੁਰੰਤ ਮੁਆਵਜ਼ਾ ਦੇਣ, ਉਸਾਰੀ ਵੈਲਫੇਅਰ ਬੋਰਡ ਵਲੋਂ ਲਾਭਪਾਤਰੀਆਂ ਦੇ ਬੱਚਿਆਂ ਲਈ ਵਜ਼ੀਫ਼ੇ ਤੇ ਐਕਸਗ੍ਰੇਸੀਆ ਦਾ ਪੈਸਾ ਤੁਰੰਤ ਜਾਰੀ ਕਰਨ ਅਤੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਤਹਿਤ ਮਜ਼ਦੂਰਾਂ ਦੇ ਘਰਾਂ ਤੇ ਫ਼ਲਸ਼ ਲੈਟਰੀਨਾਂ ਦੀ ਉਸਾਰੀ ਲਈ ਆਇਆ ਪੈਸਾ ਰੀਲੀਜ਼ ਕਰਨ ਵਰਗੀਆਂ ਜਾਇਜ਼ ਮੰਗਾਂ ਪੂਰੀਆਂ ਹੋਣ ਤੱਕ ਮੋਰਚਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਬਿਆਨ ਵਿਚ ਕਿਹਾ ਗਿਆ ਹੈ ਕਿ ਮਾਨ ਸਰਕਾਰ ਵਲੋਂ ਇੰਨਾਂ ਮੰਗਾਂ ਨੂੰ ਬਣਦੀ ਤਵੱਜੋ ਨਾ ਦੇਣ ਦੀ ਸੂਰਤ ਵਿਚ ਇਸ ਮੋਰਚੇ ਦੇ ਪੱਖ ਵਿਚ ਸਮੂਹ ਪੇਂਡੂ ਗਰੀਬਾਂ ਦੀ ਵਿਸ਼ਾਲ  ਲਾਮਬੰਦੀ ਕੀਤੀ ਜਾਵੇਗੀ।Post a Comment

0 Comments