ਪਿੰਡ ਖੋਖਰ ਖੁਰਦ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਰੇਲਵੇ ਲਾਇਨ ਦੇ ਥੱਲਿਓ ਪਾਈਪ ਲਾਈਨ ਲੰਘਾਉਣ ਦੀ ਮੰਗ

 ਪਿੰਡ ਖੋਖਰ ਖੁਰਦ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਰੇਲਵੇ ਲਾਇਨ ਦੇ ਥੱਲਿਓ ਪਾਈਪ ਲਾਈਨ ਲੰਘਾਉਣ ਦੀ ਮੰਗ


ਮਾਨਸਾ 23 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ

ਪਿੰਡ ਖੋਖਰ ਖੁਰਦ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਰੇਲਵੇ ਲਾਇਨ ਦੇ ਥੱਲਿਓ ਪਾਈਪ ਲਾਈਨ ਲੰਘਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਰੇਲਵੇ ਲਾਇਨ ਦੇ ਟਰੈਕ ਉੱਪਰ ਧਰਨਾ ਲਾ ਕੇ ਰੇਲ ਆਵਾਜਾਈ ਠੱਪ ਕਰ ਦਿੱਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਖੋਖਰ ਖੁਰਦ ਪਿੰਡ ਦਾ 976 ਏਕੜ ਰਕਬਾ ਨਹਿਰੀ ਪਾਣੀ ਨਾਲ ਸਿੰਚਾਈ ਹੁੰਦਾ ਸੀ। ਪਰ ਕਈ ਸਾਲ ਪਹਿਲਾਂ ਨਹਿਰੀ ਮਹਿਕਮੇ ਵੱਲੋਂ ਖੋਖਰ ਕਲਾਂ ਅਤੇ ਖੋਖਰ ਖੁਰਦ ਪਿੰਡਾਂ ਦੇ ਮੋਘੇ ਵੱਖੋ-ਵੱਖਰੇ ਕਰ ਦਿੱਤੇ ਸਨ ਜੋ ਫਿਰੋਜਪੁਰ ਦਿੱਲੀ ਰੇਲਵੇ ਲਾਇਨ ਹੇਠ ਦੀ ਨਹਿਰੀ ਪਾਣੀ ਲੰਘਣ ਲਈ ਪੁਲੀ ਬਣੀ ਹੋਈ ਸੀ ਉਹ ਪੁਲੀ ਖੋਖਰ ਕਲਾਂ ਪਿੰਡ ਦੇ ਕਿਸਾਨਾਂ ਦੇ ਹਿੱਸੇ ਆ ਗਈ ਹੈ। ਜਿਸ ਕਾਰਨ ਖੋਖਰ ਖੁਰਦ ਦੇ ਕਿਸਾਨਾਂ ਦੀ 976 ਏਕੜ ਜਮੀਨ ਪੁਲੀ ਨਾ ਹੋਣ ਕਰਕੇ ਪਿਛਲੇ ਕਈ ਸਾਲਾਂ ਤੋਂ ਮਾਰੂ ਬਣੀ ਪਈ ਹੈ। ਕਈ ਸਾਲ ਭੱਜ ਨੱਠ ਕਰਨ ਉਪਰੰਤ ਖੋਖਰ ਖੁਰਦ ਦੇ ਕਿਸਾਨਾਂ ਨੇ ਰੇਲਵੇ ਵਿਭਾਗ ਤੋਂ ਪੁਲੀ ਬਣਾਉਣ ਲਈ ਮਨਜੂਰੀ ਤਾਂ ਲੈ ਲਈ ਹੈ ਪਰ ਉਸ ਬਦਲੇ ਤਕਰੀਬਨ ਸਵਾ ਕਰੋੜ ਰੁਪਏ ਰੇਵਲੇ ਵਿਭਾਗ ਵੱਲ਼ੋਂ ਪੀੜਤ ਕਿਸਾਨਾਂ ਨੂੰ ਭਰਨ ਲਈ ਕਿਹਾ ਜਾ ਰਿਹਾ ਹੈ। ਮਾੜੀ ਆਰਥਿਕ ਹਾਲਤ ਕਾਰਨ ਇੰਨੀ ਵੱਡੀ ਰਕਮ ਕਿਸਾਨ ਨਹੀਂ ਭਰ ਸਕਦੇ । ਪਿੰਡ ਦੇ ਕਿਸਾਨਾਂ ਵੱਲੋਂ ਮਸਲਾ ਜਥੇਬੰਦੀ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਜਥੇਬੰਦੀ ਵੱਲੋਂ ਡੀ.ਸੀ. ਮਾਨਸਾ ਨੂੰ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਸਰਕਾਰ ਤੁਰੰਤ ਦਖਲ ਦੇ ਕੇ ਰੇਲਵੇ ਵਿਭਾਗ ਦੇ ਮੰਤਰਾਲੇ ਨਾਲ ਸੰਪਰਕ ਕਰਕੇ ਕਿਸਾਨਾਂ ਨੂੰ ਪਾਏ ਪੈਸੇ ਮੁਆਫ ਕਰਵਾਏ ਜਾਣ ਜਾਂ ਫਿਰ ਬਣਦੀ ਰਕਮ ਪੰਜਾਬ ਸਰਕਾਰ ਰੇਲਵੇ ਵਿਭਾਗ ਕੋਲ ਜਮ੍ਹਾ ਕਰਵਾ ਕੇ ਰੇਲ ਦੀ ਪੜਟੀ ਥੱਲਿਓਂ ਪਾਇਪ ਲਾਇਨ ਪਵਾ ਕੇ ਨਹਿਰੀ ਪਾਣੀ ਲੰਘਣ ਦਾ ਮਸਲਾ ਹੱਲ ਕਰੇ। ਦਿੱਤੇ ਮੰਗ ਪੱਤਰ ਤੇ ਸੁਣਵਾਈ ਨਾ ਹੋਣ ਕਾਰਨ ਕੁੱਝ ਦਿਨ ਬਾਅਦ ਡੀ.ਸੀ. ਦਫਤਰ ਨੇੜੇ ਪੀੜਤ ਕਿਸਾਨਾਂ ਨੇ ਚਾਰ ਦਿਨ ਧਰਨਾ ਦਿੱਤਾ ਸੀ ਪਰ ਜਦੋਂ ਕਿਸੇ ਵੀ ਅਧਿਕਾਰੀ ਨੇ ਗੱਲ ਨਾ ਸੁਣੀ ਤਾਂ ਅੱਜ ਮਜਬੂਰੀ ਵੱਸ ਕਿਸਾਨਾਂ ਨੂੰ ਰੇਲ ਆਵਾਜਾਈ ਬੰਦ ਕਰਨੀ ਪਈ। ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਕਿਸਾਨਾਂ, ਮਜਦੂਰਾਂ ਅਤੇ ਆਮ ਲੋਕਾਂ ਨੂੰ ਛੋਟੇ ਤੋਂ ਲੈ ਕੇ ਵੱਡੇ ਮਸਲੇ ਹੱਲ ਕਰਵਾਉਣ ਲਈ ਸਰਕਾਰਾਂ ਖਿਲਾਫ ਲੜਨਾ ਪੈਂਦਾ ਹੈ। ਰੋਜ ਧਰਨੇ, ਮੁਜਾਹਰੇ ਅਤੇ ਸੜਕਾਂ ਜਾਮ ਕਰਨੀਆਂ ਪੈਂਦੀਆਂ ਹਨ ਫਿਰ ਕਿਤੇ ਜਾ ਕੇ ਸਰਕਾਰਾਂ ਅਤੇ ਅਧਿਕਾਰੀਆਂ ਦੇ ਮੂੰਹ ਖੁੱਲਦੇ ਹਨ। 12 ਵਜੇਂ ਤੋਂ ਚੱਲਿਆ ਰੇਲਾਂ ਦਾ ਚੱਕਾ ਜਾਮ 4 ਵਜੇ ਤੱਕ ਜਾਰੀ ਰਿਹਾ। ਧਰਨਾਕਾਰੀ ਕਿਸਾਨਾਂ ਕੋਲ ਪਹੁੰਚ ਕੇ ਐਸ.ਡੀ.ਐਮ. ਪੂਨਮ ਸਿੰਘ, ਤਹਿਸੀਲਦਾਰ ਜੀਵਨ ਗਰਗ, ਐਸ.ਪੀ.ਡੀ. ਬਾਲ ਕ੍ਰਿਸ਼ਨ ਸਿੰਗਲਾ ਨੇ ਵਿਸ਼ਵਾਸ਼ ਦਿਵਾਇਆ ਕਿ 25 ਦਿਨ ਦੇ ਅੰਦਰ ਅੰਦਰ ਰੇਲਵੇ ਟਰੈਕ ਦੇ ਹੇਠਾਂ ਦੀ ਪੁਲੀ ਬਣਾ ਕੇ ਕਿਸਾਨਾਂ ਦਾ ਨਹਿਰੀ ਪਾਣੀ ਚਾਲੂ ਕਰ ਦਿੱਤਾ ਜਾਵੇਗਾ। ਧਰਨਾ ਸਮਾਪਤੀ ਕਰਨ ਉਪਰੰਤ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦਿੱਤੇ ਹੋਏ ਸਮੇਂ ਅਨੁਸਾਰ ਖੇਤਾਂ ਲਈ ਨਹਿਰੀ ਪਾਣੀ ਚਾਲੂ ਨਾ ਕੀਤਾ ਗਿਆ ਤਾਂ 19 ਸਤੰਬਰ ਨੂੰ ਜਿਲ੍ਹਾ ਪੱਧਰੀ ਇਕੱਠ ਕਰਕੇ ਰੇਲਾਂ ਦਾ ਅਣਮਿੱਥੇ ਸਮੇਂ ਲਈ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਉੱਤਮ ਸਿੰਘ ਰਾਮਾਂਨੰਦੀ, ਜੋਗਿੰਦਰ ਸਿੰਘ ਦਿਆਲਪੁਰਾ, ਮਹਿੰਦਰ ਸਿੰਘ ਰੋਮਾਣਾ, ਜਗਸੀਰ ਸਿੰਘ ਜਵਾਹਰਕੇ, ਜੁਗਰਾਜ ਸਿੰਘ ਮਾਨਸਾ, ਬਲਵੰਤ ਸਿੰਘ ਰੜ੍ਹ, ਕੁਲਦੀਪ ਸਿੰਘ ਚਚੋਹਰ, ਭਾਨ ਸਿੰਘ ਬਰਨਾਲਾ ਆਦਿ ਨੇ ਧਰਨੇ ਨੂੰ ਸੰਬੋਧਨ ਕੀਤਾ।

Post a Comment

0 Comments