ਬਜ਼ੁਰਗ ਔਰਤਾਂ ਦੇ ਲੋਕ ਗੀਤਾਂ-ਟੱਪਿਆ ਤੇ ਤ੍ਰਿੰਞਣਾਂ ਨੇ ਪੁਰਾਤਨ ਵਿਰਸੇ ਦੀ ਯਾਦ ਨੂੰ ਕੀਤਾ ਤਾਜਾ

 ਬਜ਼ੁਰਗ ਔਰਤਾਂ ਦੇ ਲੋਕ ਗੀਤਾਂ-ਟੱਪਿਆ ਤੇ ਤ੍ਰਿੰਞਣਾਂ ਨੇ ਪੁਰਾਤਨ ਵਿਰਸੇ ਦੀ ਯਾਦ ਨੂੰ ਕੀਤਾ ਤਾਜਾ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)
–ਅੱਜ ਦੀ ਨੌਜਵਾਨ ਪੀੜ੍ਹੀ ਇੰਟਰਨੈੱਟ ਅਤੇ ਮੋਬਾਇਲਾਂ ਦੇ ਪ੍ਰਭਾਵ ਹੇਠ ਆਪਣੇ ਪੁਰਾਤਨ ਵਿਰਸੇ ਨੂੰ ਵਿਸਾਰਦੀ ਹੋਈ ਪੱਛਮੀ ਸੱਭਿਅਤਾ ਵੱਲ ਵੱਧ ਰਹੀ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਪੈਸ਼ਨ ਬਿਊਟੀ ਸੈਲੂਨ ਐਂਡ ਅਕੈਡਮੀ ਦੇ ਮੈਂਡਮ ਬਿਊਟੀਸ਼ਨ ਸੰਦੀਪ ਸਿੱਧੂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਅੰਡਵਾਸ ਹੋਣਾ ਚਾਹੀਦਾ ਹੈ, ਪਰ ਇਸ ਦੇ ਨਾਲ-ਨਾਲ ਸਾਨੂੰ ਆਪਣੇ ਪੰਜਾਬ ਦੇ ਪੁਰਾਤਨ ਅਮੀਰ ਵਿਰਸੇ, ਰਸਮ ਰਿਵਾਜ ਅਤੇ ਮਾਂ ਬੋਲੀ ਨੂੰ ਵੀ ਸਾਂਭ ਕੇ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਰੁੱਖ ਚਾਹੇ ਜਿਨ੍ਹਾਂ ਮਰਜੀ ਆਕਾਸ਼ 'ਚ ਵਿਸਾਲ ਘੇਰਾ ਬਣਾ ਲਵੇ, ਪਰ ਉਹ ਉਨ੍ਹਾਂ ਟਾਈਮ ਹੀ ਹਰਾ-ਭਰਾ ਰਹਿ ਸਕਦਾ ਹੈ, ਜਿਨ੍ਹਾਂ ਟਾਈਮ ਉਸ ਦੀਆਂ ਜੜ੍ਹਾਂ ਧਰਤੀ ਵਿੱਚ ਆਪਣੀ ਮਜਬੂਤ ਪੱਕੜ ਬਣਾਈ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਤਿਉਹਾਰ ਸਾਨੂੰ ਆਪਸ 'ਚ ਮਿਲ-ਜੁਲ ਕੇ ਰਹਿਣਾ ਸਿਖਾਉਂਦੇ ਹਨ, ਜੋ ਸਾਡੇ ਪਰਿਵਾਰਿਕ ਰਿਸਤਿਆ ਨੂੰ ਮਜ਼ਬੂਤ ਕਰਦੇ ਹਨ, ਜਿਵੇ ਰੱਖੜੀ, ਲੋਹੜੀ, ਦਿਵਾਲੀ, ਕਰਵਾ ਚੌਥ, ਤੀਆਂ ਜਿਹੇ ਤਿਉਹਾਰ ਸਾਡੇ ਪੁਰਾਤਨ ਵਿਰਸੇ ਦਾ ਸਰਮਾਇਆ ਹਨ।

ਇਨ੍ਹਾਂ ਹੀ ਤਿਉਹਾਰਾਂ ਵਿੱਚੋਂ ਇੱਕ ਤਿਉਹਾਰ ਹੈ ਤੀਆਂ ਦਾ ਤਿਉਹਾਰ, ਜੋ ਸਾਡੀਆਂ ਨੂੰਹਾਂ ਧੀਆਂ ਦਾ ਇੱਕ ਲੋਕਪ੍ਰਿਅ ਤਿਉਹਾਰ ਹੈ। ਇਸ ਤਿਉਹਾਰ ਮੌਕੇ ਕੁੜੀਆਂ ਪਿੰਡ ਦੇ ਖੁੱਲੇ ਮੈਦਾਨ ਵਿੱਚ ਇੱਕਠੀਆਂ ਹੋ ਕੇ ਗੀਤ ਗਾ ਕੇ, ਗਿੱਧਾ ਪਾ ਕੇ ਖੁਸ਼ੀਆਂ ਸਾਂਝੀਆਂ ਕਰਦੀਆਂ ਹਨ। ਇਹ ਤਿਉਹਾਰ ਪੰਜਾਬੀ ਲੋਕ ਬੋਲੀ "ਸਾਉਣ ਵੀਰ ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ"  ਅਨੁਸਾਰ ਪੰਜਾਬੀ ਮਹੀਨੇ ਸਾਓੁਣ ਦੀ ਚਾਨਣੀ ਤੋਂ ਸ਼ੁਰੂ ਹੋ ਕੇ ਸਾਓੁਣ ਦੀ ਪੁੰਨਿਆ ਤੱਕ ਮਨਾਇਆ ਜਾਂਦਾ ਹੈ। ਇਸ ਅਲੋਪ ਹੋ ਰਹੇ ਤੀਆਂ ਦੇ ਤਿਉਹਾਰ ਨੁੰ ਮੁੜ ਤੋਂ ਸੁਰਜੀਤ ਕਰਨ ਦੇ ਮੰਤਵ ਨਾਲ ਇਲਾਕੇ ਦੀਆਂ ਔਰਤਾਂ ਵੱਲੋਂ ਸ਼ਹਿਰ ਦੇ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਤੀਆਂ ਦਾ ਮੇਲਾ ਲਗਾਇਆ ਗਿਆ ਤਾਂ ਜੋ ਅੱਜ ਦੀਆਂ ਨੌਜਵਾਨ ਕੁੜੀਆਂ ਆਪਣੇ ਪੰਜਾਬੀ ਅਮੀਰ ਪੁਰਾਤਨ ਵਿਰਸੇ ਦੀਆਂ ਅਣਮੁੱਲੀਆਂ ਵੰਨਗੀਆਂ ਅਤੇ ਅਲੋਪ ਹੋ ਰਹੀਆਂ ਰਵਾਇਤਾਂ ਤੋਂ ਜਾਣੂ ਹੋ ਸਕਣ। ਇਸ ਮੌਕੇ ਸਮੂਹ ਵਾਰਡ ਨੰ: 16-17-18-19 ਦੀਆਂ ਔਰਤਾਂ, ਲੜਕੀਆਂ ਸਮੇਤ ਬਜ਼ੁਰਗ ਔਰਤਾਂ ਨੇ ਵੀ ਗਿੱਧੇ, ਟੱਪਿਆ, ਬੋਲੀਆਂ, ਲੋਕ ਗੀਤਾਂ ਰਾਹੀਂ ਪੁਰਾਤਨ ਵਿਰਸੇ ਦੀ ਯਾਦ ਤਾਜਾ ਕਰ ਦਿੱਤੀ। ਅੰਤ ਵਿੱਚ ਪ੍ਰੋਗਰਾਮ ਕਰਵਾਉਂਣ ਵਾਲੀਆਂ ਮੁੱਖ ਮੈਂਬਰਾਂ ਨੇ ਲੱਡੂ ਵੰਡਦਿਆਂ ਆਈਆਂ ਔਰਤਾਂ ਤੇ ਲੜਕੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਪੱਛਮੀ ਸਭਿਆਚਾਰ ਦੇ ਪ੍ਰਭਾਵ ਨੇ ਪਿੰਡਾਂ 'ਚੋਂ ਤੀਆਂ ਦੇ ਪਿੜ ਅਲੋਪ ਕਰ ਦਿੱਤੇ ਹਨ। ਅੱਜ ਤੋਂ ਕੁਝ ਦਹਾਕੇ ਪਹਿਲਾਂ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਘਾਂ ਝੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇੱਕ ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ। ਉਨ੍ਹਾਂ ਕਿਹਾ ਕਿ ਜਿਹੜੀਆਂ ਔਰਤਾਂ ਨੇ ਬਚਪਨ ਵਿੱਚ ਤੀਆਂ ਦਾ ਮਾਹੌਲ ਦੇਖਿਆ ਹੈ, ਉਨ੍ਹਾਂ ਦੇ ਮਨ ਵਿੱਚ ਦੁਬਾਰਾ ਤੀਆਂ 'ਤੇ ਜਾਣ ਦਾ ਚਾਅ ਪੈਦਾ ਹੁੰਦਾ ਹੈ।

ਭਾਵੇਂ ਪੰਜਾਬੀ ਸਭਿਆਚਾਰ ਦੇ ਹਮਦਰਦ ਇਸ ਤਿਉਹਾਰ ਨੂੰ ਜਿਉਂਦਾ ਰੱਖਣ ਲਈ ਵਿਸ਼ੇਸ਼ ਉਪਰਾਲੇ ਕਰਦੇ ਹੋਏ ਤੀਆਂ ਲਵਾ ਰਹੇ ਹਨ, ਪਰ ਪੰਜਾਬ 'ਚ ਚੱਲੀ ਪੱਛਮੀ ਸਭਿਆਚਾਰ ਦੀ ਹਨੇਰੀ ਕਰਕੇ ਤੀਆਂ ਦਾ ਰੰਗ ਫਿੱਕਾ ਪੈ ਗਿਆ ਹੈ। ਪਿੰਡਾਂ ਦੇ ਪਿੜਾਂ ਵਿੱਚ ਤੀਆਂ ਦੇ ਖੜਾਕ ਪੈਣ ਦੀ ਥਾਂ ਹੁਣ ਇਹ ਤੀਆਂ ਸਕੂਲਾਂ, ਕਾਲਜਾਂ ਦੀਆਂ ਸਟੇਜਾਂ ਦਾ ਕੁਝ ਘੰਟੇ ਦਾ ਮਹਿਮਾਨ ਬਣ ਕੇ ਰਹਿ ਗਈਆਂ ਹਨ। ਆਓ! ਫਿਰ ਪੰਜਾਬੀ ਦੇ ਅਮੀਰ ਸੱਭਿਆਚਾਰ ਵਿਰਸੇ ਨੂੰ ਜਿਉਂਦਾ ਰੱਖਣ ਲਈ ਪੁਰਾਤਨ ਤੀਆਂ ਦੇ ਪਿੜਾਂ ਦੀ ਪਿੰਡ-ਪਿੰਡ ਸਥਾਪਤੀ ਕਰਨ ਲਈ ਹੱਭਲਾ ਮਾਰੀਏ ਤਾਂ ਜੋ ਸਾਡੇ ਅਮੀਰ ਪੰਜਾਬੀ ਸੱਭਿਆਚਾਰ ਵਿਰਸੇ ਦੀ ਧਾਂਕ ਕਾਇਮ ਰੱਖੀ ਜਾ ਸਕੇ

Post a Comment

0 Comments