ਰਾਜ ਸਭਾ ਐੱਮ.ਪੀ ਵਿਕਰਮਜੀਤ ਸਿੰਘ ਸਾਹਨੀ ਨੇ ਬਰਨਾਲਾ ਦੀ ਪਾਇਲਟ ਬਣੀ ਕੁਲਵੀਰ ਕੌਰ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ

 ਰਾਜ ਸਭਾ ਐੱਮ.ਪੀ ਵਿਕਰਮਜੀਤ ਸਿੰਘ ਸਾਹਨੀ ਨੇ ਬਰਨਾਲਾ ਦੀ ਪਾਇਲਟ ਬਣੀ ਕੁਲਵੀਰ ਕੌਰ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ  ਇਸ ਫੰਡ ਦੇ ਚੇਅਰਮੈਨ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਇਸਦੇ ਉਪ-ਚੇਅਰਮੈਨ ਹਨ


ਬਰਨਾਲਾ,30.ਅਗਸਤ ਕਰਨਪ੍ਰੀਤ ਕਰਨ

ਬਰਨਾਲਾ : ਪੰਜਾਬ ਕੋਲ ਪ੍ਰਤਿਭਾ ਦਾ ਲੁਕਿਆ ਹੋਇਆ ਖਜ਼ਾਨਾ ਹੈ, ਜਿਸ ਨੂੰ ਸਕਾਲਰਸ਼ਿਪ ਦੇ ਰੂਪ 'ਚ ਥੋੜਾ ਜਿਹਾ ਹੁਲਾਰਾ ਦੇਣ ਦੀ ਲੋੜ ਹੈ ਤਾਂ ਜੋ ਗ਼ਰੀਬ ਪਰ ਹੁਸ਼ਿਆਰ ਬੱਚੇ ਪੇਸ਼ਾਵਰ ਪੜ੍ਹਾਈ ਕਰ ਕੇ ਜ਼ਿੰਦਗੀ 'ਚ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਸਕਣ। ਪੰਜਾਬ ਦੀ ਯੁਵਾ ਸ਼ਕਤੀ ਦੇ ਸੁਫਨਿਆਂ ਦੀ ਪੂਰਤੀ ਲਈ ਸਹਾਇਤਾ ਕਰਨ ਵਾਸਤੇ ਹਾਲ 'ਚ ਹੀ 'ਸ਼ਹੀਦ ਭਗਤ ਸਿੰਘ ਸਕਾਲਰਸ਼ਿਪ ਫੰਡ' ਸ਼ੁਰੂ ਕੀਤਾ ਗਿਆ ਹੈ। ਇਹ ਗੱਲ ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ (ਰਾਜ ਸਭਾ), ਪਰਉਪਕਾਰੀ ਤੇ ਪਦਮਸ਼੍ਰੀ ਨੇ ਕੁਲਵੀਰ ਕੌਰ ਨੂੰ 5.80 ਲੱਖ ਰੁਪਏ ਦੇ ਸਕਾਲਰਸ਼ਿੱਪ ਦਾ ਚੈਕ ਸੌਂਪਣ ਵੇਲੇ ਕਹੀ। ਕੁਲਵੀਰ ਕੌਰ ਨੇ ਟੇ੍ਨੀ ਪਾਇਲਟ ਵਜੋਂ ਆਪਣਾ ਕੋਰਸ ਖਤਮ ਕੀਤਾ ਹੈਅਤੇ ਹੁਣ ਉਹ ਦੋ ਮਹੀਨਿਆਂ ਦੇ ਸਮੇਂ ਅੰਦਰ ਹੀ ਕਮਰਸ਼ੀਅਲ ਪਾਇਲਟ ਬਣ ਜਾਏਗੀ। ਉਹਨਾਂ ਕਿਹਾ ਕਿ ਕੁਲਵੀਰ ਕੌਰ ਉਹਨਾਂ  ਗਰੀਬ ਤੇ ਹੋਣਹਾਰ ਵਿਦਿਆਰਥੀਆਂ ਲਈ ਇਕ ਰੋਲ ਮਾਡਲ ਹੋਵੇਗੀ ਜੋ ਕਿ ਪੈਸੇ ਦੀ ਘਾਟ ਕਾਰਣ ਆਪਣੇ ਸੁਫਨੇ ਪੂਰੇ ਕਰਨ 'ਚ ਨਾਕਾਮ ਰਹਿੰਦੇ ਹਨ।

- ਕੁਲਵੀਰ ਦੇ ਪਿਤਾ ਕਿਸਾਨ ਤੇ ਮਾਤਾ ਹਨ ਆਂਗਨਵਾੜੀ ਵਰਕਰ

           ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਕੁਲਵੀਰ ਕੌਰ ਬਰਨਾਲਾ ਨੇੜਲੇ ਕਸਬਾ ਮਹਿਲ ਕਲਾਂ ਦੇ ਇਕ ਗ਼ਰੀਬ ਪਰਿਵਾਰ ਦੀ ਹੋਣਹਾਰ ਧੀ ਹੈ। ਉਸਦੇ ਪਿਤਾ ਇਕ ਗ਼ਰੀਬ ਕਿਸਾਨ ਤੇ ਮਾਤਾ ਆਂਗਨਵਾੜੀ ਵਰਕਰ ਹਨ। ਵਿਕਰਮਜੀਤ ਸਿੰਘ ਸਾਹਨੀ ਵਲੋਂ ਦਿਤੀਆਂ ਰਕਮਾਂ ਨਾਲ ਇਸ ਫੰਡ ਦੀ ਸ਼ੁਰੂਆਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਕੀਤੀ ਗਈ ਹੈ, ਜੋ ਇਸ ਫੰਡ ਦੇ ਚੇਅਰਮੈਨ ਹਨ ਤੇ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਇਸਦੇ ਉਪ-ਚੇਅਰਮੈਨ ਹਨ। ਕੁਲਵੀਰ ਕੌਰ ਨੂੰ ਕਿੱਤਾਮੁਖੀ ਸਿੱਖਿਆ ਪੂਰੀ ਕਰਨ ਲਈ ਇਹ ਪਹਿਲਾ ਸਕਾਲਰਸ਼ਿਪ ਪ੍ਰਦਾਨ ਕੀਤਾ ਗਿਆ ਹੈ।

ਛੇਤੀ ਹੀ ਕਮਰਸ਼ੀਅਲ ਪਾਇਲਟ ਬਣਨ ਲਈ ਮੁਬਾਰਕ ਦਿੰਦਿਆਂ, ਸ੍ਰ. ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਅਸੀਂ ਉਸਨੂੰ ਇਹ ਸਕਾਲਰਸ਼ਿਪ ਹੀ ਨਹੀਂ ਦੇ ਰਹੇ ਸਗੋਂ ਨਾਲ ਦੀ ਨਾਲ ਉਸਦੀ ਸ਼ਖਸੀਅਤ ਦੇ ਵਿਕਾਸ ਅਤੇ ਅੰਗਰੇਜ਼ੀ ਬੋਲਣ ਵਿਚ ਮੁਹਾਰਤ ਲਈ ਵੀ ਮਦਦ ਕਰਾਂਗੇ ਤਾਂ ਜੇ ਜਦੋਂ ਉਹ ਭਲਕੇ ਦੇਸ਼ ਅੰਦਰ ਜਾਂ ਅੰਤਰ ਰਾਸ਼ਟਰੀ ਸੈਕਟਰ ਵਿਚ ਏਅਰਬੱਸ ਦੀ ਉੜਾਨ ਭਰੇ ਤਾਂ ਪੰਜਾਬ ਆਪਣੀ ਧੀ ‘ਤੇ ਮਾਣ ਕਰ ਸਕੇ। ਪਹਿਲਾਂ ਉਹ ਆਪਣਾ ਭਵਿੱਖ ਬਣਾਉਣ ਲਈ ਕੈਨੇਡਾ ਜਾ ਰਹੀ ਸੀ ਪਰ ਸਾਡੇ ਵਲੋਂ ਪ੍ਰੇਰਤ ਕਰਨ ਨਾਲ ਉਸਨੇ ਕਮਰਸ਼ੀਅਲ ਪਾਇਲਟ ਦਾ ਇਹ ਕੋਰਸ ਭਾਰਤ ਅੰਦਰ ਹੀ ਕਰਨ ਦਾ ਫੈਸਲਾ ਕੀਤਾ ਹੈ। ਸਾਨੂੰ ਸੱਭ ਨੂੰ ਉਸ ਉਤੇ ਮਾਣ ਹੈ ਅਤੇ ਅਸੀਂ ਉਸਦੇ ਲੰਬੇ ਅਤੇ ਕਾਮਯਾਬ ਭਵਿੱਖ ਦੀ ਕਾਮਨਾ ਕਰਦੇ ਹਾਂ।

             ਸ੍ਰ. ਵਿਕਰਮਜੀਤ ਸਿੰਘ ਸਾਹਨੀ ਦਾ ਧੰਨਵਾਦ ਕਰਦਿਆਂ ਕੁਲਵੀਰ ਕੌਰ ਨੇ ਕਿਹਾ ਕਿ ਮੈਂ ਇਕ ਟ੍ਰੇਨੀ ਪਾਇਲਟ ਵਜੋਂ 150 ਘੰਟਿਆਂ ਦੀ ਉੜਾਨ ਪੂਰੀ ਕਰ ਲਈ ਹੈ ਅਤੇ 50 ਘੰਟੇ ਹੋਰ ਮੁਕੰਮਲ ਕਰਨ ਮਗਰੋਂ ਮੈਂ ਕਮਰਸ਼ੀਅਲ ਪਾਇਲਟ ਬਣ ਜਾਵਾਂਗੀ। ਪਾਇਲਟ ਬਣਨਾ ਮੇਰਾ ਸੁਫਨਾ ਸੀ ਅਤੇ ਸ੍ਰ, ਵਿਕਰਮਜੀਤ ਸਿੰਘ ਵਲੋਂ ਸ਼ੁਰੂ ਕੀਤੇ ਇਸ ਸਕਾਲਸ਼ਿਪ ਦੇ ਮਿਲਣ ਨਾਲ ਇਹ ਸੁਫਨਾ ਪੂਰਾ ਹੋ ਸਕਿਆ ਹੈ। ਉਸਨੇ ਪੰਜਾਬ ਦੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੈਨੇਡਾ ਜਾਣ ਅਤੇ ਉਥੇ ਸੈੱਟ ਹੋਣ ਦਾ ਮਨ ਬਦਲਣ । ਸਗੋਂ ਸਾਰੇ ਨੌਜਵਾਨਾਂ ਨੂੰ ਇਸ ਤਰਾਂ ਦੇ ਫੰਡ ਤੋਂ ਫਾਇਦਾ ਉਠਾ ਕੇ ਆਪਣਾ ਭਵਿੱਖ ਸਫਲ ਬਣਾਉਣਾ ਚਾਹੀਦਾ ਹੈ।

Post a Comment

0 Comments