ਅੰਮ੍ਰਿਤ ਸਰੋਵਰ ਸਕੀਮ ਦੀ ਵਰਤੋਂ ਕਰਦੇ ਹੋਏ ਪਿੰਡ ਬੁਰਜ ਢਿੱਲਵਾਂ ਦੇ ਛੱਪੜ ਦੀ ਬਦਲੀ ਜਾ ਰਹੀ ਹੈ ਨੁਹਾਰ

ਅੰਮ੍ਰਿਤ ਸਰੋਵਰ ਸਕੀਮ ਦੀ ਵਰਤੋਂ ਕਰਦੇ ਹੋਏ ਪਿੰਡ ਬੁਰਜ ਢਿੱਲਵਾਂ ਦੇ ਛੱਪੜ ਦੀ ਬਦਲੀ ਜਾ ਰਹੀ ਹੈ ਨੁਹਾਰ


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 19 ਅਗਸਤ ਜਿੱਤ ਪੰਜਾਬ ਵਿੱਚ ਵੱਡੇ ਪੱਧਰ ਉਪਰ ਪੰਜਾਬ ਦੇ ਪਾਣੀ ਅਤੇ ਵਾਤਾਵਰਣ ਦੇ ਖਰਾਬ ਹੋਣ ਦੀਆਂ ਗੱਲਾਂ ਪਿਛਲੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀਆਂ ਹਨ ਅਤੇ ਦੇਸ਼ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਪੰਜਾਬ ਵਿੱਚ ਖਰਾਬ ਹੋ ਰਹੇ ਵਾਤਾਵਰਣ ਸਬੰਧੀ ਚਿੰਤਿਤ ਹਨ, ਉਥੇ ਹੀ ਕੁਝ ਅਗਾਂਹਵਧੂ ਮਿਹਨਤੀ ਅਤੇ ਪੜ੍ਹੇ ਲਿਖੇ ਸਰਪੰਚ ਆਪਣੇ ਪੱਧਰ ਤੇ ਆਪਣੇ ਪਿੰਡਾਂ ਵਿੱਚ ਛੱਪੜਾਂ, ਪਾਣੀ ਅਤੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਯਤਨ ਕਰ ਰਹੇ ਹਨ ਅਤੇ ਉਨ੍ਹਾਂ ਦੇ ਇੰਨ੍ਹਾਂ ਯਤਨਾਂ ਨੂੰ ਬੂਰ ਵੀ ਪਿਆ ਹੈ।

    ਇਸ ਤਰ੍ਹਾਂ ਦੇ ਇੱਕ ਪਿੰਡ ਦੇ ਸਰਪੰਚ ਬਾਰੇ ਜਾਣਕਾਰੀ ਦਿੰਦਿਆਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਆਗੂ ਸੰਵਿਧਾਨ ਬਚਾਓ ਮੰਚ ਮਾਨਸਾ ਨੇ ਦੱਸਿਆ ਕਿ ਮਾਨਸਾ ਜਿਲ੍ਹੇ ਦੇ ਪਿੰਡ ਬੁਰਜ ਢਿਲਵਾਂ ਦੇ ਸਰਪੰਚ ਜਗਦੀਪ ਸਿੰਘ ਵੱਲੋਂ ਮਾਨਸਾ ਜਿਲ੍ਹੇ ਦੇ ਪ੍ਰਸ਼ਾਸਨ ਖਾਸ ਕਰ ਏਡੀਸੀ ਟੀ ਬੈਨਿਥ, ਬੀਡੀਪੀਓ ਜਗਤਾਰ ਸਿੰਘ, ਏਪੀਓ ਵਨੀਤ ਕੁਮਾਰ ਮੱਤੀ, ਮਨਦੀਪ ਸਿੰਘ ਤਕਨੀਕੀ ਸਹਾਇਕ ਅਤੇ ਗੁਰਲਾਲ ਸਿੰਘ ਜੇਈ ਤੋਂ ਦਿਸ਼ਾ ਨਿਰਦੇਸ਼ ਲੈਂਦਿਆਂ ਆਪਣੇ ਪਿੰਡ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਅਧੀਨ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਇਸੇ ਲੜੀ ਵਿੱਚ ਕੇਂਦਰ ਸਰਕਾਰ ਦੀ ਸਕੀਮ ਅੰਮ੍ਰਿਤ ਸਰੋਵਰ ਦਾ ਫਾਇਦਾ ਉਠਾਉਂਦੇ  ਹੋਏ ਏਡੀਸੀ ਟੀ ਬੈਨਿਥ ਦੀ ਅਗਵਾਈ ਵਿੱਚ ਆਪਣੇ ਪਿੰਡ ਵਿੱਚ ਟੋਭੇ ਨੂੰ ਸਾਫ ਕਰਨ ਅਤੇ ਉਸਦੇ ਆਸੇ ਪਾਸੇ ਸਫਾਈ ਕਰਵਾਕੇ ਪਾਰਕ ਬਨਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਟੋਭੇ ਦੀ ਨੁਹਾਰ ਹੀ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਉਹਨਾਂ ਨੇ ਇਸ ਸਕੀਮ ਤਹਿਤ ਹੁਣ ਤੱਕ 5 ਲੱਖ ਰੁਪਇਆ ਖਰਚ ਕੀਤਾ ਹੈ ਅਤੇ ਸਾਰੇ ਪ੍ਰੋਜੈਕਟ ਤੇ ਕਰੀਬ 15 ਤੋਂ 20 ਲੱਖ ਰੁਪਇਆ ਖਰਚ ਆਉ-ਣਾ ਹੈ, ਜਿਸ ਨਾਲ ਪਿੰਡ ਬੁਰਜ ਢਿਲਵਾਂ ਦਾ ਛੱਪੜ ਸਾਫ ਸੁਥਰਾ ਅਤੇ ਦਰਸ਼ਨੀ ਬਣ ਜਾਵੇਗਾ। ਇਸ ਸਬੰਧੀ ਪਿੰਡ ਦੇ ਸਰਪੰਚ ਜਗਦੀਪ ਸਿੰਘ ਨੇੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਲੋਕ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਉਨ੍ਹਾਂ ਦਾ ਵਿਕਾਸ ਕਾਰਜਾਂ ਵਿੱਚ ਸਹਿਯੋਗ ਦਿੰਦੇ ਹਨ। ਪਿੰਡ ਵਾਸੀਆਂ ਦੇ ਸਹਿਯੋਗ ਕਾਰਣ ਅਤੇ ਮਾਨਸਾ ਜਿਲ੍ਹਾ ਪ੍ਰਸ਼ਾਸਨ ਤੋਂ ਮਿਲ ਰਹੇ ਸਹਿਯੋਗ ਕਾਰਣ ਉਹ ਆਪਣੇ ਪਿੰਡ  ਦਾ ਵਿਕਾਸ ਕਰਵਾ ਰਹੇ ਹਨ। ਇਸ ਸਬੰਧੀ ਗੁਰਲਾਭ ਸਿੰਘ ਮਾਹਲ ਐਡਵੋਕੇਟੇ ਨੇ ਕਿਹਾ ਕਿ ਜਿਸ ਤਰ੍ਹਾਂ ਬੁਰਜ ਢਿੱਲਵਾਂ ਦੀ ਪੰਚਾਇਤ ਆਪਣੇ ਪਿੰਡ ਦਾ ਵਿਕਾਸ ਕਰਵਾ ਰਹੀ ਹੈ, ਉਸੇ ਤਰ੍ਹਾਂ ਮਾਨਸਾ ਜਿਲ੍ਹੇ ਦੇ ਹੋਰ ਸਰਪੰਚਾਂ ਨੂੰ ਵੀ ਜਿਲ੍ਹਾ ਪ੍ਰਸ਼ਾਸਨ ਮਾਨਸਾ ਅਤੇ ਪੰਚਾਇਤੀ ਵਿਭਾਗ ਨਾਲ ਸੰਪਰਕ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦਾ ਫਾਇਦਾ ਉਠਾ ਕੇ ਆਪਣੇ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾਉਣੇ ਚਾਹੀਦੇ  ਹਨ, ਖਾਸ ਕਰ ਪਿੰਡਾਂ ਵਿੱਚ ਟੋਭਿਆਂ ਦੀ ਸਫਾਈ ਅਤੇ ਨਾਲੀਆਂ ਦੇ ਪਾਣੀ ਦੀ ਨਿਕਾਸੀ ਦੇ ਅਤੇ ਇਸ ਗੰਦੇ ਪਾਣੀ ਨੂੰ ਟਰੀਟ ਕਰਨ ਸਬੰਧੀ ਕਦਮ ਉਠਾਉਣੇ ਚਾਹੀਦੇ ਹਨ ਕਿਉਂਕਿ ਪਿੰਡਾਂ ਵਿੱਚ ਜ਼ਿਆਦਾ ਗੰਦਗੀ ਅਤੇ ਬਿਮਾਰੀਆਂ ਫੈਲਣ ਦਾ ਕਾਰਣ ਟੋਭਿਆਂ ਦੀ ਸਹੀ ਸਾਫ ਸਫਾਈ ਅਤੇ ਗੰਦੇ ਪਾਣੀ ਦਾ ਸਹੀ ਟਰੀਟ ਨਾ ਹੋਣ ਹੀ ਹੁੰਦਾ ਹੈ ।

Post a Comment

0 Comments