*ਖੇਡ ਵਤਨ ਪੰਜਾਬ ਦੀਆਂ*ਡਿਪਟੀ ਕਮਿਸ਼ਨਰ ਨੇ 12 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਜ਼ਿਲਾ ਪੱਧਰੀ ਖੇਡ ਮੁਕਾਬਲਿਆਂ ਦਾ ਲਿਆ ਜਾਇਜ਼ਾ

  *ਖੇਡ ਵਤਨ ਪੰਜਾਬ ਦੀਆਂ*ਡਿਪਟੀ ਕਮਿਸ਼ਨਰ ਨੇ 12 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਜ਼ਿਲਾ ਪੱਧਰੀ ਖੇਡ ਮੁਕਾਬਲਿਆਂ ਦਾ ਲਿਆ ਜਾਇਜ਼ਾ

*ਖੇਡ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਨੂੰ ਸਮਾਂ ਰਹਿੰਦਿਆਂ ਸਮੁੱਚੇ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਜਾਰੀ

*ਜ਼ਿਲਾ ਪੱਧਰੀ ਖੇਡਾਂ ਲਈ 08 ਸਤੰਬਰ ਤੱਕ ਕਰਵਾਈ
ਜਾ ਸਕਦੀ ਹੈ ਰਜਿਸਟੇ੍ਰਸ਼ਨ


ਮਾਨਸਾ, 06 ਸਤੰਬਰ : ਗੁਰਜੰਟ ਸਿੰਘ ਬਾਜੇਵਾਲੀਆ 

ਖੇਡਾਂ ਵਤਨ ਪੰਜਾਬ ਦੀਆਂ ਤਹਿਤ 12 ਸਤੰਬਰ 2022 ਨੂੰ ਹੋਣ ਜਾ ਰਹੀਆਂ ਜ਼ਿਲਾ ਪੱਧਰੀ ਖੇਡਾਂ ਦੇ ਸਮੁੱਚੇ ਪ੍ਰਬੰਧ ਸਮਾਂ ਰਹਿੰਦਿਆਂ ਹੀ ਮੁਕੰਮਲ ਕਰ ਲਏ ਜਾਣ, ਤਾਂ ਜੋ ਖੇਡਾਂ ਦੌਰਾਨ ਕਿਸੇ ਵੀ ਕਿਸਮ ਦੀ ਕਮੀ-ਪੇਸ਼ੀ ਸਾਹਮਣੇ ਨਾ ਆਵੇ। ਇਨਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਜ਼ਿਲਾ ਪੱਧਰੀ ਖੇਡਾਂ ਦੇ ਅਗੇਤੇ ਪ੍ਰਬੰਧਾਂ ਦਾ ਅੱਜ ਸਥਾਨਕ ਬੱਚਤ ਭਵਨ ਵਿਖੇ ਜਾਇਜ਼ਾ ਲੈਂਦਿਆਂ ਕੀਤਾ। ਉਨਾਂ ਦੱਸਿਆ ਕਿ ਇਨਾਂ ਖੇਡਾਂ ਸਬੰਧੀ 12 ਸਤੰਬਰ ਨੂੰ ਜ਼ਿਲਾ ਪੱਧਰੀ ਸ਼ੁਰੂਆਤੀ ਸਮਾਗਮ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ-2022 ਦਾ ਆਯੋਜਨ ਪੰਜਾਬ ਦੇ ਵੱਧ ਤੋਂ ਵੱਧ ਵਸਨੀਕਾਂ/ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ, ਜਿਸ ਸਬੰਧੀ 1 ਤੋਂ 7 ਸਤੰਬਰ ਤੱਕ ਬਲਾਕ ਪੱਧਰ ਦੀਆਂ ਖੇਡਾਂ ਚੱਲ ਰਹੀਆਂ ਹਨ। ਉਨਾਂ ਦੱਸਿਆ ਕਿ ਇਸ ਖੇਡ ਮੇਲੇ ਨਾਲ ਪੰਜਾਬ ਸਰਕਾਰ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨ, ਭਾਈਚਾਰਾ ਤੇ ਸਦਭਾਵਨਾ ਪੈਦਾ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਲਈ ਭਰਪੂਰ ਯਤਨ ਕਰ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਡਰ-14 ਤੋਂ ਲੈ ਕੇ 50 ਸਾਲ ਤੋਂ ਵੱਧ ਉਮਰ ਵਰਗ ਦੇ ਖਿਡਾਰੀਆਂ ਲਈ ਆਯੋਜਿਤ ਕੀਤੀਆਂ ਇਨਾਂ ਖੇਡਾਂ ਤਹਿਤ ਜ਼ਿਲਾ ਪੱਧਰ ’ਤੇ ਕੁੱਲ 18 ਖੇਡਾਂ ਦਾ ਆਯੋਜਨ ਕੀਤਾ ਜਾਵੇਗਾ, ਜਿਨਾਂ ਵਿੱਚ ਅਥਲੈਟਿਕਸ, ਖੋਹ-ਖੋਹ, ਕਬੱਡੀ (ਨੈਸ਼ਨਲ ਅਤੇ ਸਰਕਲ ਸਟਾਈਲ), ਵਾਲੀਬਾਲ, ਕੁਸ਼ਤੀ, ਬਾਸਕਟਬਾਲ, ਜੂਡੋ, ਫੁੱਟਬਾਲ, ਗਤਕਾ, ਹਾਕੀ, ਬਾਕਸਿੰਗ, ਨੈੱਟਬਾਲ, ਕਿੱਕ ਬਾਕਸਿੰਗ, ਬੈਡਮਿੰਟਨ, ਰੋਲਰ ਸਕੇਟਿੰਗ, ਟੇਬਲ ਟੈਨਿਸ ਅਤੇ ਹੈਂਡਬਾਲ ਸ਼ਾਮਿਲ ਹਨ। ਉਨਾਂ ਦੱਸਿਆ ਕਿ ਇਹ ਖੇਡਾਂ 12 ਸਤੰਬਰ ਤੋਂ 21 ਸਤੰਬਰ 2022 ਤੱਕ ਕਰਵਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲਾ ਪੱਧਰੀ ਖੇਡਾਂ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਲਈ 08 ਸਤੰਬਰ ਤੱਕ ਆਨ-ਲਾਈਨ ਪੋਰਟਲ www.punjabkhedmela2022.in ’ਤੇ ਰਜਿਸ਼ਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ  ਕਿ ਇਨਾਂ ਖੇਡਾਂ ਦੌਰਾਨ ਸਮੁੱਚੇ ਪ੍ਰਬੰਧ ਜਿਵੇਂ ਸੁਰੱਖਿਆ, ਮੈਦਾਨਾਂ ਦੀ ਸਾਫ਼-ਸਫ਼ਾਈ, ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ, ਸਿਹਤ ਸਹੂਲਤਾਂ, ਆਰਜ਼ੀ ਪਖਾਣੇ, ਰਿਫਰੈਸ਼ਮੈਂਟ ਆਦਿ ਸਮਾਂ ਰਹਿੰਦਿਆਂ ਹੀ ਮੁਕੰਮਲ ਕਰ ਲਏ ਜਾਣ। ਉਨਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਵੱਖ-ਵੱਖ ਥਾਵਾਂ ’ਤੇ ਨਿਰਧਾਰਿਤ ਕੀਤੇ ਗਏ ਖੇਡ ਮੈਦਾਨਾਂ ਵਿੱਚ ਨਸ਼ਾ ਮੁਕਤੀ ਬੈਨਰ ਲਗਾਉਣੇ ਯਕੀਨੀ ਬਣਾਏ ਜਾਣ ਅਤੇ ਇਨਾਂ ਬੈਨਰਾਂ ’ਤੇ ਆਪਣੇ ਦਫ਼ਤਰ ਦੇ ਹੈਲਪਲਾਈਨ ਨੰਬਰ ਵੀ ਦਰਸਾਉਣੇ ਯਕੀਨੀ ਬਣਾਏ ਜਾਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਉਪਕਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ.ਬੈਨਿਥ, ਐਸ.ਡੀ.ਐਮ. ਮਾਨਸਾ ਸ਼੍ਰੀ ਹਰਜਿੰਦਰ ਸਿੰਘ ਜੱਸਲ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਪਰਮਪਾਲ ਸਿੰਘ, ਡੀ.ਐਸ.ਪੀ. ਸ਼੍ਰੀ ਬੂਟਾ ਸਿੰਘ, ਕਾਰਜਕਾਰੀ ਜ਼ਿਲਾ ਖੇਡ ਅਫ਼ਸਰ ਸ਼੍ਰੀ ਗੁਰਮੀਤ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ਼੍ਰੀ ਰਘਬੀਰ ਸਿੰਘ ਮਾਨ ਅਤੇ ਡਾ. ਰਣਜੀਤ ਸਿੰਘ ਰਾਏ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Post a Comment

0 Comments