ਜ਼ਿਲ੍ਹੇ ਅੰਦਰ ਵੋਟਰ ਸੂਚੀਆਂ ਦੀ ਤਰੁੱਟੀ ਲਈ 4 ਸਤੰਬਰ ਨੂੰ ਲਗਾਏ ਜਾਣਗੇ ਵਿਸ਼ੇਸ਼ ਕੈਂਪ-ਡਿਪਟੀ ਕਮਿਸ਼ਨਰ

 ਜ਼ਿਲ੍ਹੇ ਅੰਦਰ ਵੋਟਰ ਸੂਚੀਆਂ ਦੀ ਤਰੁੱਟੀ ਲਈ 4 ਸਤੰਬਰ ਨੂੰ ਲਗਾਏ ਜਾਣਗੇ ਵਿਸ਼ੇਸ਼ ਕੈਂਪ-ਡਿਪਟੀ ਕਮਿਸ਼ਨਰ


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-
ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਵੋਟਰ ਸੂਚੀਆਂ ਨੂੰ ਤਰੁੱਟੀ ਰਹਿਤ ਤਿਆਰ ਕਰਨ ਦੇ ਮੰਤਵ ਨਾਲ 01 ਅਗਸਤ 2022 ਤੋਂ ਪੰਜਾਬ ਰਾਜ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਰਜਿਸਟਰ ਹੋਏ ਵੋਟਰਾਂ ਦੇ ਡਾਟੇ ਨੂੰ ਆਧਾਰ ਕਾਰਡ ਨਾਲ ਲਿੰਕ ਕਰਕੇ ਉਨ੍ਹਾਂ ਦੀ ਵੋਟਰ ਸੂਚੀ ਵਿੱਚ ਐਂਟਰੀ ਨੂੰ ਤਸਦੀਕ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦਿੱਤੀ।

ਜਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ 01 ਅਗਸਤ 2022 ਤੋਂ ਲਗਾਤਾਰ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ ਕੀਤੇ ਹੋਏ ਬੂਥ ਲੈਵਲ ਅਫਸਰਾ ਵੱਲੋਂ ਵੋਟਰਾਂ ਦੇ ਘਰ-ਘਰ ਜਾ ਕੇ ਆਨ-ਲਾਈਨ ਵਿਧੀ (ਮੋਬਾਇਲ ਐਪ ਰਾਹੀਂ) ਅਤੇ ਆਫ-ਲਾਈਨ ਵਿਧੀ ਰਾਹੀਂ ਫਾਰਮ ਨੰਬਰ 6-ਬੀ ਪ੍ਰਾਪਤ ਕਰਕੇ ਆਨ-ਲਾਈਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਵੱਲੋਂ ਵੋਟਰਾਂ ਪਾਸੋਂ ਆਧਾਰ ਨੰਬਰ ਪ੍ਰਾਪਤ ਕਰਕੇ ਇਸਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਸਬੰਧੀ ਪੰਜਾਬ ਰਾਜ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ 04 ਸਤੰਬਰ 2022 (ਦਿਨ ਐਤਵਾਰ) ਨੂੰ ਸਵੇਰੇ 9.00 ਵਜੇ ਤੋਂ ਲੈ ਕੇ ਸ਼ਾਮ 5.00 ਵਜੇ ਤੱਕ ਹਰੇਕ ਪੋਲਿੰਗ ਸਟੇਸ਼ਨ ਤੇ ਚੋਣ ਹਲਕਿਆਂ ਵਿੱਚ ਨਿਯੁਕਤ ਕੀਤੇ ਗਏ ਬੂਥ ਲੈਵਲ ਅਫਸਰਾਂ ਵਲੋਂ ਸਪੈਸ਼ਲ ਕੈਂਪ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਜ਼ਿਲ੍ਹੇ ਦੇ ਵਿਧਾਨ ਸਭਾ ਚੋਣ ਹਲਕਾ 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ (ਐਸ.ਸੀ.) ਦੇ ਵੋਟਰਾਂ ਨੂੰ ਵਿਸ਼ੇਸ ਤੌਰ ’ਤੇ ਅਪੀਲ ਕੀਤੀ ਕਿ ਉਹ ਉਕਤ ਮਿਤੀ ਵਾਲੇ ਦਿਨ ਆਪਣੇ ਪੋਲਿੰਗ ਸਟੇਸ਼ਨ ’ਤੇ ਜਾ ਕੇ ਆਪਣੇ ਆਧਾਰ ਕਾਰਡ ਦੀ ਕਾਪੀ ਪੋਲਿੰਗ ਸਟੇਸ਼ਨ ਦੇ ਸਬੰਧਤ ਬੂਥ ਲੈਵਲ ਅਫਸਰ ਕੋਲ ਜਮ੍ਹਾਂ ਕਰਵਾ ਕੇ ਆਪਣੇ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਵਾਉਣ, ਤਾਂ ਜੋ ਭਾਰਤ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੇ ਗਏ ਸ਼ੁੱਧ ਅਤੇ ਤਰੁੱਟੀ ਰਹਿਤ ਵੋਟਰ ਸੂਚੀਆਂ ਤਿਆਰ ਕਰਨ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ।

ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੋਟਰ ਕੋਲ ਆਧਾਰ ਕਾਰਡ ਨਹੀਂ ਹੈ, ਤਾਂ ਉਸ ਵੋਟਰ ਦੀ ਐਂਟਰੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਕੀਤੇ ਗਏ ਕੁੱਲ 11 ਦਸਤਾਵੇਜ਼ਾ ਵਿੱਚੋ ਕੋਈ ਇੱਕ ਦਸਤਾਵੇਜ ਜਿਵੇਂ ਮਗਨਰੇਗਾ ਨੌਕਰੀ ਕਾਰਡ, ਬੈਂਕ ਜਾਂ ਡਾਕਖਾਨੇ ਦੁਆਰਾ ਜਾਰੀ ਕੀਤੀ ਗਈ ਫੋਟੋ ਵਾਲੀ ਪਾਸ ਬੁੱਕ, ਕਿਰਤ ਮੰਤਰਾਲੇ ਦੀ ਸਕੀਮ ਅਧੀਨ ਜਾਰੀ ਕੀਤਾ ਸਿਹਤ ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੰਸ, ਪੈਨ ਕਾਰਡ, ਐਨ.ਪੀ.ਆਰ ਦੇ ਤਹਿਤ ਆਰ.ਜੀ.ਆਈ ਵੱਲੋਂ ਜਾਰੀ ਕੀਤਾ ਗਿਆ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋ ਸਮੇਤ ਪੈਨਸ਼ਨ ਦਸਤਾਵੇਜ, ਕੇਂਦਰੀ, ਰਾਜ ਸਰਕਾਰ, ਪੀ.ਐਸ.ਯੂ, ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਕੀਤਾ ਗਿਆ ਫੋਟੋ ਵਾਲਾ ਸੇਵਾ ਸ਼ਨਾਖਤੀ ਕਾਰਡ, ਸੰਸਦ ਮੈਂਬਰਾਂ, ਵਿਧਾਇਕਾਂ, ਐਮ.ਐਲ.ਸੀ ਨੂੰ ਜਾਰੀ ਕੀਤਾ ਅਧਿਕਾਰ ਸ਼ਨਾਖਤੀ ਕਾਰਡ, ਸਮਾਜਿਕ ਨਿਆਂ ਅਤੇ ਅਧਿਕਾਰਤ ਮੰਤਰਾਲਾ, ਭਾਰਤ ਸਰਕਾਰ ਵੱਲੋਂ ਜਾਰੀ ਵਿਲੱਖਣ ਦਿਵਿਆਂਗਤਾ ਸ਼ਨਾਖਤੀ ਕਾਰਡ (ਯੂ.ਡੀ.ਆਈ.ਡੀ) ਦੀ ਕਾਪੀ ਦੇ ਕੇ ਤਸਦੀਕ ਕਰਵਾ ਸਕਦਾ ਹੈ ।

Post a Comment

0 Comments