ਮਾਨਸਾ ਵਿਖੇ ਅਧਿਆਪਕ ਦਿਵਸ ਦੇ ਮੌਕੇ 'ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ

ਮਾਨਸਾ ਵਿਖੇ ਅਧਿਆਪਕ ਦਿਵਸ ਦੇ ਮੌਕੇ 'ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 5 ਸਤੰਬਰ ਪੰਜਾਬ  ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਹੁਕਮਾਂ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ ਵਿਖੇ ਅਧਿਆਪਕ ਦਿਵਸ ਦੇ ਮੌਕੇ 'ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ   । ਇਸ ਮੌਕੇ ਸਕੂਲ ਦੇ ਪੰਜਾਬੀ ਅਧਿਆਪਕ ਡਾ. ਵਿਨੋਦ ਮਿੱਤਲ ਨੇ ਵਿਦਿਆਰਥਣਾਂ ਨੂੰ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ ਕਿਹਾ ਕਿ


ਅਧਿਆਪਕ ਦੇਸ਼ ਦੇ ਭਵਿੱਖ ਦਾ ਨਿਰਮਾਤਾ ਹਨ । ਉਨ੍ਹਾਂ ਅੱਗੇ ਕਿਹਾ ਕਿ ਹਰੇਕ ਵਿਅਕਤੀ ਭਾਵੇਂ ਉਹ ਡਾਕਟਰ ਹੈ, ਵਕੀਲ ਹੈ, ਇੰਜੀਨੀਅਰ ਹੈ ਜਾਂ ਕੋਈ ਕਾਰੀਗਰ ਹੈ, ਜੋ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਂਦਾ ਹੈ, ਉਸਦਾ ਜਨਮ ਜਮਾਤ ਦੇ ਕਮਰੇ ਵਿੱਚੋਂ ਹੁੰਦਾ ਹੈ ਅਤੇ ਉਸ ਨੂੰ ਬਣਾਉਣ ਵਾਲਾ ਅਧਿਆਪਕ ਹੈ । ਮਾਪੇ ਅਤੇ ਸਮਾਜ ਜਿਸ ਕਿਸਮ ਦਾ ਸਤਿਕਾਰ ਅਧਿਆਪਕਾਂ ਨੂੰ ਦੇਣਗੇ, ਅਧਿਆਪਕ ਉਸ ਤੋਂ ਕਿਤੇ ਵਧ ਕੇ ਉਸ ਦੀ ਕੀਮਤ ਸਮਾਜ ਨੂੰ ਅਦਾ ਕਰੇਗਾ । ਉਨ੍ਹਾਂ ਕਿਹਾ ਕਿ ਅਧਿਆਪਕ ਜਿਵੇਂ ਕਰਦਾ ਹੈ, ਬੱਚੇ ਉਸ ਦੀ ਨਕਲ ਕਰਦੇ ਹਨ । ਅਧਿਆਪਕ ਦਾ ਗੱਲਬਾਤ ਕਰਨ ਦਾ ਢੰਗ, ਪਹਿਰਾਵਾ, ਸੁਭਾਅ ਇਨ੍ਹਾਂ ਸਭ ਗੱਲਾਂ ਨੂੰ ਬੱਚਾ ਬਹੁਤ ਧਿਆਨ ਨਾਲ ਦੇਖਦਾ ਹੈ ਅਤੇ ਉਸ ਨੂੰ ਅਪਣਾਉਂਦਾ ਹੈ । ਸੋ ਇਸ ਕਰਕੇ ਅਧਿਆਪਕ ਦੀ ਸ਼ਖ਼ਸੀਅਤ ਦਾ ਬੱਚਿਆਂ ਤੇ ਪ੍ਰਭਾਵ ਪੈਣਾ ਸੁਭਾਵਿਕ ਹੈ । ਅਧਿਆਪਕ ਵਿਦਿਆਰਥੀਆਂ ਲਈ ਇਕ ਰੋਲ ਮਾਡਲ ਹੈ ।  ਡਾ ਗੁਰਪ੍ਰੀਤ ਕੌਰ ਨੇ  ਵਿਦਿਆਰਥੀਆਂ ਨੂੰ ਡਾ. ਰਾਧਾ ਕ੍ਰਿਸ਼ਨਨ, ਜਿਨ੍ਹਾਂ ਦੇ ਜਨਮ ਦਿਹਾੜੇ ਮੌਕੇ ਪੂਰੇ ਭਾਰਤ ਵਿਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ,  ਦੀ ਜੀਵਨੀ ਬਾਰੇ ਵਿਸਥਾਰ ਵਿੱਚ   ਜਾਣਕਾਰੀ ਦਿੱਤੀ । ਸਕੂਲ ਇੰਚਾਰਜ ਮੈਡਮ ਸੁਨੀਤਾ ਗੋਇਲ ਜੀ ਵੱਲੋਂ ਆਪਣੀ ਨਿੱਜੀ ਜ਼ਿੰਦਗੀ ਵਿੱਚੋਂ ਹਵਾਲੇ ਦੇ ਕੇ ਵਿਦਿਆਰਥਣਾਂ ਨੂੰ ਅਧਿਆਪਕਾਂ ਪ੍ਰਤੀ ਸਤਿਕਾਰ ਪ੍ਰਗਟ ਕਰਨ ਲਈ ਉਤਸ਼ਾਹਿਤ ਕੀਤਾ ।  ਇਸ ਮੌਕੇ ਸਕੂਲ ਇੰਚਾਰਜ ਮੈਡਮ ਸੁਨੀਤਾ ਗੋਇਲ, ਪੰਜਾਬੀ ਅਧਿਆਪਕ ਡਾ. ਵਿਨੋਦ ਮਿੱਤਲ, ਅੰਗਰੇਜ਼ੀ ਅਧਿਆਪਕਾ  ਡਾ. ਗੁਰਪ੍ਰੀਤ ਕੌਰ, ਕੰਪਿਊਟਰ ਅਧਿਆਪਕ ਸ੍ਰੀ ਅੰਮ੍ਰਿਤਪਾਲ ਗਰਗ ਅਤੇ ਸਕੂਲ ਦੀਆਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਹਾਜ਼ਰ ਸਨ ।

Post a Comment

0 Comments