*ਅਧਿਆਪਕ ਦਿਵਸ 'ਤੇ ਅਧਿਆਪਕਾਂ ਦਾ ਅਸਲ ਸਨਮਾਨ ਬਹਾਲ ਕਰੇ 'ਆਪ' ਸਰਕਾਰ : ਡੀ.ਟੀ.ਐੱਫ.*

 ਅਧਿਆਪਕ ਦਿਵਸ 'ਤੇ ਅਧਿਆਪਕਾਂ ਦਾ ਅਸਲ ਸਨਮਾਨ ਬਹਾਲ ਕਰੇ 'ਆਪ' ਸਰਕਾਰ : ਡੀ.ਟੀ.ਐੱਫ.


ਮੋਗਾ : 4 ਸਤੰਬਰ (ਕੈਪਟਨ ਸੁਭਾਸ਼ ਚੰਦਰ ਸ਼ਰਮਾ ):
= ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਉਣ ਜਾ ਰਹੀ ਹੈ ਪਰ ਸੂਬੇ ਦੇ ਸਰਕਾਰੀ ਸਕੂਲਾਂ ਦੇ ਹਜਾਰਾਂ ਅਧਿਆਪਕ ਮੰਗਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ਾਂ ਦੇ ਪਿੜਾਂ ਵਿੱਚ ਜੂਝ ਰਹੇ ਹਨ। ਸਿਹਤ ਤੇ ਸਿੱਖਿਆ ਨੂੰ ਪਹਿਲੀ ਤਰਜੀਹ ਦੇਣ ਦੇ ਦਾਅਵੇ ਕਰਨ ਵਾਲੀ ਸਰਕਾਰ ਛੇ ਮਹੀਨਿਆਂ ਵਿੱਚ ਸਿੱਖਿਆ ਖੇਤਰ ਲਈ ਕੁੱਝ ਵੀ ਨਹੀਂ ਕਰ ਸਕੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਨੇ ਕਿਹਾ ਕਿ ਜੇਕਰ ਮਾਨ ਸਰਕਾਰ ਸੱਚ ਮੁੱਚ ਹੀ ਅਧਿਆਪਕਾਂ ਨੂੰ ਮਾਣਯੋਗ ਸਮਝਦੀ ਹੈ ਤੇ ਉਨ੍ਹਾਂ ਨੂੰ ਅਸਲ ਸਨਮਾਨ ਦੇਣਾ ਚਾਹੁੰਦੀ ਹੈ ਤਾਂ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਦੇ ਮਾੜੀਆਂ ਜੀਵਨ ਹਾਲਤਾਂ 'ਚ ਜਿਉਂਦੇ ਕੱਚੇ ਅਧਿਆਪਕਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਸੂਬੇ ਦੇ ਸਕੂਲਾਂ ਵਿੱਚ ਖਾਲੀ ਪਈਆਂ ਹਜਾਰਾਂ ਅਸਾਮੀਆਂ ਤੁਰੰਤ ਭਰੇ, ਪ੍ਰਾਇਮਰੀ ਸਿੱਖਿਆ ਨੂੰ ਸਭ ਤੋਂ ਵੱਧ ਮਹੱਤਵ ਦਿੰਦੇ ਹੋਏ ਖਾਲੀ ਪਈਆਂ ਹਜਾਰਾਂ ਆਸਾਮੀਆਂ ਨੂੰ ਵੀ ਤੁਰੰਤ ਭਰੇ, ਪ੍ਰਿੰਸੀਪਲਜ਼ ਤੋਂ ਸੱਖਣੇ 600 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲ ਨਿਯੁਕਤ ਕਰੇ ਅਤੇ ਨਿੱਜੀਕਰਨ, ਭਗਵਾਂਕਰਨ, ਕਾਰਪੋਰੇਟੀਕਰਨ ਨੂੰ ਉਤਸ਼ਾਹਿਤ ਕਰਨ ਵਾਲੀ ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਤੋਂ ਕੋਰਾ ਜਵਾਬ ਦੇਵੇ। ਉਨ੍ਹਾਂ ਇਹ ਵੀ ਕਿਹਾ ਕਿ ਦੂਸਰੇ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਸਕੂਲਾਂ ਵਿੱਚ ਚੈਕਿੰਗ ਕਰਨ ਲਈ ਭੇਜ ਕੇ ਠਾਣੇਦਾਰੀ ਕਰਨ ਵਾਲੇ ਹੁਕਮ ਵਾਪਿਸ ਲਵੇ ਅਤੇ ਸਹੂਲਤਾਂ ਤੇ ਅਧਿਆਪਕਾਂ ਤੋਂ ਸੱਖਣੇ ਸਕੂਲਾਂ ਵੱਲ ਧਿਆਨ ਦੇਵੇ। ਜਦੋਂ ਤੱਕ ਅਧਿਆਪਕਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਦਾ ਅਸਲ ਸਨਮਾਨ ਬਹਾਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਿੱਖਿਆ ਖੇਤਰ ਵਿੱਚ ਵੱਡੇ ਸੁਧਾਰ ਲਿਆਉਣੇ ਬਹੁਤ ਮੁਸ਼ਕਲ ਹੋਣਗੇ।

Post a Comment

0 Comments