ਲੋੜਵੰਦ ਲੜਕੀਆਂ ਨੂੰ ਮੁਫਤ ਸਿਖਲਾਈ ਦੇ ਕੇ ਰੋਜ਼ਗਾਰ ਚਲਾਉਣ ਅਤੇ ਲੱਭਣ ਦੇ ਕਾਬਿਲ ਬਣਾ ਰਹੀ ਹੈ ਸਮਾਜ ਸੇਵਿਕਾ- ਜੀਤ ਦਹੀਆ

 ਲੋੜਵੰਦ ਲੜਕੀਆਂ ਨੂੰ ਮੁਫਤ ਸਿਖਲਾਈ ਦੇ ਕੇ ਰੋਜ਼ਗਾਰ ਚਲਾਉਣ ਅਤੇ ਲੱਭਣ ਦੇ ਕਾਬਿਲ ਬਣਾ ਰਹੀ ਹੈ ਸਮਾਜ ਸੇਵਿਕਾ- ਜੀਤ ਦਹੀਆ


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-
ਸਮਾਜ ਸੇਵਾ ਕਰਨੀ ਇੱਕ ਵੱਖਰਾ ਹੀ ਅਹਿਸਾਸ ਅਤੇ ਸਮਾਜ ਪ੍ਰਤੀ ਦਿੱਤਾ ਯੋਗਦਾਨ ਹੁੰਦਾ ਹੈ ਅਤੇ ਇਹ ਕਾਰਜ ਕਿਸੇ ਕਿਸੇ ਦੇ ਹੀ ਹਿੱਸੇ ਆਉਂਦਾ ਹੈ। ਜੇਕਰ ਦੇਖਿਆ ਜਾਵੇ ਤਾਂ ਮਾਨਸਾ ਜ਼ਿਲ੍ਹੇ ਵਿੱਚ ਬਹੁਤ ਸਾਰੇ ਸਮਾਜ ਸੇਵੀ ਆਪੋ ਆਪਣੇ ਸੇਵਾ ਕਾਰਜ ਕਰਦੇ ਆ ਰਹੇ ਹਨ ਪਰ ਲੋੜਵੰਦ ਲੜਕੀਆਂ ਨੂੰ ਬਿਲਕੁਲ ਮੁਫਤ ਸਿਲਾਈ, ਕਟਾਈ ਅਤੇ ਕਢਾਈ ਦਾ ਕੰਮ ਸਿਖਾ ਕੇ ਉਨ੍ਹਾਂ ਨੂੰ ਆਪ ਰੋਜ਼ਗਾਰ ਕਰਨ ਅਤੇ ਲੱਭਣ ਦੇ ਕਾਬਿਲ ਬਣਾ ਰਹੀ ਹੈ ਜੀਤ ਦਹੀਆ। ਜੀਤ ਦਹੀਆ ਆਜ਼ਾਦੀ ਘੁਲਾਟੀਆ ਪਰਿਵਾਰ ਦੀ ਉਹ ਹੋਣਹਾਰ ਧੀ ਹੈ ਜੋ ਕਿ ਖੁਦ ਵੱਖ ਵੱਖ ਫੈਕਟਰੀਆਂ 'ਚ ਸਲਾਈ ਕਢਾਈ ਦਾ ਕੰਮ ਕਰ ਕੇ ਤੰਗੀਆਂ ਤੁਰਸ਼ੀਆਂ ਨਾਲ ਜੂਝ ਕੇ ਹੁਣ ਮਾਨਸਾ ਵਿਖੇ ਇੱਕ ਕਿਰਾਏ ਦੇ ਮਕਾਨ 'ਚ ਰਹਿ ਕੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਸਿਲਾਈ, ਕਟਾਈ ਅਤੇ ਕਢਾਈ ਦਾ ਕੰਮ ਸਿਖਾ ਕੇ ਤੋਂ ਵਸਤਾਂ ਤਿਆਰ ਕਰਕੇ ਵੇਚਣ 'ਚ ਵੀ ਉਨ੍ਹਾਂ ਲੜਕੀਆਂ ਦੀ ਮਦਦ ਕਰ ਰਹੀ ਹੈ। ਗੱਲਬਾਤ ਕਰਦਿਆਂ ਜੀਤ ਦਹੀਆ ਨੇ ਦੱਸਿਆ ਕਿ ਜ਼ਿੰਦਗੀ ਵਿੱਚ ਉਸਨੇ ਕਾਫੀ ਮਾੜਾ ਟਾਈਮ ਦੇਖਿਆ ਹੈ ਅਤੇ ਕਾਫੀ ਮਿਹਨਤ ਕਰਨ ਨਾਲ ਅੱਜ ਇਸ ਮੁਕਾਮ 'ਤੇ ਪਹੁੰਚੀ ਹੈ ਕਿ ਅੱਜ ਉਸ ਕੋਲ ਕਰੀਬ 60-65 ਲੜਕੀਆਂ ਇਹ ਕੰਮ ਸਿੱਖ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਸਲਾਈ ਕਢਾਈ 'ਚ ਵਧੀਆ ਭੂਮਿਕਾ ਨਿਭਾਉਣ 'ਤੇ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਨਾਲ ਸਨਮਾਨਿਤ ਵੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਸ ਕੋਲ ਸਾਰੀਆਂ ਇਸ ਤਰ੍ਹਾਂ ਦੀਆਂ ਲੜਕੀਆਂ ਸਿਖਲਾਈ ਲੈ ਰਹੀਆਂ ਹਨ ਜਿਨ੍ਹਾਂ ਕੋਲ ਘਰ 'ਚ ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਲੋਕਾਂ ਦੇ ਘਰਾਂ 'ਚ ਝਾੜੂ ਪੋਚੇ ਕਰਨ ਜਾਣਾ ਪੈਂਦਾ ਸੀ ਅਤੇ ਕਿਤੇ ਨਾ ਕਿਤੇ ਮਰਦ ਪ੍ਰਧਾਨਗੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਉਠਾ ਕੇ ਲੋੜਵੰਦ ਲੋਕਾਂ ਦੀ ਦਿਲ ਤੋਂ ਮਦਦ ਕਰਨ ਤਾਂ ਕਿ ਉਹ ਆਪਣੇ ਪੈਰਾਂ ਸਿਰ ਹੋਣ ਲਈ ਮਿਹਨਤ ਕਰ ਸਕਣ।

Post a Comment

0 Comments