ਵਿਧਾਇਕ ਅਤੇ ਡੀ.ਸੀ. ਨੇ ਬਾਬਾ ਆਲਾ ਸਿੰਘ ਯਾਦਗਾਰੀ ਪਾਰਕ ਦਾ ਉਦਘਾਟਨ ਕਰ ਕੀਤਾ ਇਲਾਕਾ ਵਾਸੀਆਂ ਦੇ ਸਪੁਰਦ

 ਵਿਧਾਇਕ ਅਤੇ ਡੀ.ਸੀ. ਨੇ ਬਾਬਾ ਆਲਾ ਸਿੰਘ ਯਾਦਗਾਰੀ ਪਾਰਕ ਦਾ ਉਦਘਾਟਨ ਕਰ ਕੀਤਾ ਇਲਾਕਾ ਵਾਸੀਆਂ ਦੇ ਸਪੁਰਦ

*ਕਰੀਬ 23 ਕਰੋੜ ਦੀ ਲਾਗਤ ਨਾਲ ਸਰਦੂਲੇਵਾਲਾ ਤੋਂ ਜੈਨ ਚੌਂਕ ਤੱਕ 5.75 ਕਿਲੋਮੀਟਰ ਦੀ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨ ਦੀ ਕੀਤੀ ਸ਼ੁਰੂਆਤ

*ਇਲਾਕੇ ਦੇ ਸੁੰਦਰੀਕਰਨ ਵਿੱਚ ਨਹੀਂ ਛੱਡੀ ਜਾਵੇਗੀ ਕੋਈ,ਕਸਰ ਬਾਕੀ-ਹਲਕਾ ਵਿਧਾਇਕ
ਸ਼ਹਿਰ ਦੀਆਂ ਸਮੱਸਿਆਵਾਂ ਦੇ ਕੀਤੇ ਜਾਣਗੇ ਉਚਿੱਤ ਹੱਲ-ਡਿਪਟੀ ਕਮਿਸ਼ਨਰ


ਮਾਨਸਾ 07 ਸਤੰਬਰ : ਗੁਰਜੰਟ ਸਿੰਘ ਬਾਜੇਵਾਲੀਆ 

ਸਰਦੂਲਗੜ ਦੇ ਸੁੰਦਰੀਕਰਨ ਅਤੇ ਇਸਨੂੰ ਹੋਰ ਸਾਫ਼-ਸੁਥਰਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸਰਦੂਲਗੜ ਸ਼੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਅੱਜ ਬਾਬਾ ਆਲਾ ਸਿੰਘ ਯਾਦਗਾਰੀ ਪਾਰਕ ਦਾ ਉਦਘਾਟਨ ਅਤੇ ਸਰਦੂਲੇਵਾਲਾ ਤੋਂ ਲੈ ਕੇ ਜੈਨ ਚੌਂਕ ਤੱਕ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕੀਤਾ।

ਉਨਾਂ ਕਿਹਾ ਕਿ ਇਹ ਯਾਦਗਾਰੀ ਪਾਰਕ 4 ਕਨਾਲਾਂ ਵਿੱਚ ਬਣਾਇਆ ਗਿਆ ਹੈ ਅਤੇ ਇਸ ’ਤੇ ਕਰੀਬ 42 ਲੱਖ ਰੁਪਏ ਦੀ ਲਾਗਤ ਆਈ ਹੈ। ਉਨਾਂ ਦੱਸਿਆ ਕਿ ਇਸ ਪਾਰਕ ਨੂੰ ਕਾਫ਼ੀ ਸੁੰਦਰ ਦਿੱਖ ਦਿੱਤੀ ਗਈ ਹੈ ਅਤੇ ਇਸ ਵਿੱਚ ਬੱਚਿਆਂ ਲਈ ਝੂਲੇ, ਆਮ ਲੋਕਾਂ ਲਈ ਸੈਰਗਾਹ ਲਈ ਟਰੈਕ ਅਤੇ ਬੈਠਣ ਲਈ ਮੇਜ਼ ਆਦਿ ਲਗਾਏ ਗਏ ਹਨ। ਇਸ ਤੋਂ ਇਲਾਵਾ ਹਰਿਆਲੀ ਨੂੰ ਧਿਆਨ ਵਿੱਚ ਰੱਖਦਿਆਂ ਪਾਰਕ ਵਿੱਚ ਭਾਂਤ-ਭਾਂਤ ਦੇ ਬੂਟੇ ਅਤੇ ਦਰੱਖਤ ਲਗਾਏ ਗਏ ਹਨ। ਉਨਾਂ ਦੱਸਿਆ ਕਿ ਬਾਬਾ ਆਲਾ ਸਿੰਘ ਜੀ ਦੀ ਇਤਿਹਾਸਕ ਸਮਾਧ ਦੀ ਸਾਂਭ-ਸੰਭਾਲ ਲਈ 25 ਲੱਖ ਰੁਪਏ ਦੀ ਹੋਰ ਮੰਗ ਕੀਤੀ ਗਈ ਹੈ, ਤਾਂ ਜੋ ਇਸ ਵਿਰਾਸਤ ਨੂੰ ਸਾਂਭ ਕੇ ਰੱਖਿਆ ਜਾ ਸਕੇ।

ਵਿਧਾਇਕ  ਨੇ ਦੱਸਿਆ ਕਿ ਇਸ ਤੋਂ ਇਲਾਵਾ ਸਰਦੂਲੇਵਾਲਾ ਚੌਂਕ ਤੋਂ ਲੈ ਕੇ ਜੈਨ ਚੌਂਕ ਤੱਕ ਕਰੀਬ 23 ਕਰੋੜ ਰੁਪਏ ਦੀ ਲਾਗਤ ਨਾਲ 5.75 ਕਿਲੋਮੀਟਰ ਦੀ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨ ਦੇ ਨਾਲ-ਨਾਲ 2 ਲੇਨ ਤੋਂ 4 ਲੇਨ ਕਰਨ ਦੇ ਕੰਮ ਦੀ ਵੀ ਅੱਜ ਸ਼ੁਰੂਆਤ ਕਰਵਾਈ ਗਈ। ਉਨਾਂ ਦੱਸਿਆ ਕਿ ਇਸ ਸੜਕ ਨੂੰ ਦੋਵੇਂ ਪਾਸਿਓਂ 9 ਮੀਟਰ ਚੌੜਾ ਕਰਨ ਤੋਂ ਬਾਅਦ ਬਾਕੀ ਸੜਕ ’ਤੇ ਇੰਟਰਲੋਕ ਟਾਇਲਾਂ ਅਤੇ ਡਰੇਨ-ਕਮ-ਫੁੱਟਪਾਥ ਬਣਾਇਆ ਜਾਵੇਗਾ। ਉਨਾਂ ਦੱਸਿਆ ਕਿ ਇਸ ਨਾਲ ਜਿੱਥੇ ਸਰਦੂਲਗੜ ਇਲਾਕੇ ਦੇ ਵਸਨੀਕਾਂ ਤੋਂ ਇਲਾਵਾ ਹੋਰ ਰਾਹਗੀਰਾਂ ਲਈ ਟਰੈਫਿਕ ਦੀ ਸਮੱਸਿਆ ਖ਼ਤਮ ਹੋਵੇਗੀ, ਉਥੇ ਸ਼ਹਿਰ ਦਾ ਸੰੁਦਰੀਕਰਨ ਵੀ ਹੋਵੇਗਾ।

ਉਨਾਂ ਕਿਹਾ ਕਿ ਇਸ ਤੋਂ ਇਲਾਵਾ ਖੈਰਾਂ ਕਲਾਂ ਵਾਲੀ ਸੜਕ, ਐਕਸਚੇਂਜ ਨੇੜੇ ਨਵਾਂ ਪਾਰਕ, ਮੁੰਡਿਆਂ ਦੇ ਸਕੂਲ ਨੇੜੇ ਸਟੇਡੀਅਮ ਅਤੇ ਸ਼ਹਿਰ ਦੀਆਂ ਹੋਰ ਸੀਵਰੇਜ਼ ਨਾਲ ਸਬੰਧਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਯੋਗ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਮੌਕੇ ਇਸ ਮੌਕੇ ਹਲਕਾ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਵੱਲੋਂ ਬੱਸ ਸਟੈਂਡ ਨੇੜੇ ਬਣੇ ਕੂੜੇ ਦੇ ਡੰਪ ਦਾ ਵੀ ਦੌਰਾ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਇਸ ਕੂੜੇ ਦੇ ਡੰਪ ਦੇ ਉਚਿੱਤ ਹੱਲ ਅਤੇ ਇਸਦਾ ਸੁੰਦਰੀਕਰਨ ਕਰਨ ਲਈ ਇਲਾਕਾ ਵਾਸੀਆਂ ਵੱਲੋਂ ਸੁਝਾਅ ਦਿੱਤੇ ਗਏ ਸਨ। ਉਨਾਂ ਦੱਸਿਆ ਕਿ ਇਸ ਡੰਪ ਦੀ ਸਾਫ਼-ਸਫ਼ਾਈ ਕਰਵਾਕੇ ਉਸ ਪਾਸਿਓਂ ਹਸਪਤਾਲ ਨੂੰ ਲਾਂਘਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੋ ਹੋਰ ਵੀ ਸਮੱਸਿਆਵਾਂ ਹਨ, ਉਨਾਂ ਦਾ ਵੀ ਹਰ ਸੰਭਵ ਹੱਲ ਕੀਤਾ ਜਾਵੇਗਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ.ਬੈਨਿਥ, ਐਸ.ਡੀ.ਐਮ. ਸਰਦੂਲਗੜ ਮੈਡਮ ਪੂਨਮ ਸਿੰਘ, ਕਾਰਜ ਸਾਧਕ ਅਫ਼ਸਰ ਬਿਪਨ ਕੁਮਾਰ, ਐਸ.ਡੀ.ਓ. ਪੀ.ਡਬਲਿਊ ਡੀ. ਨੈਸ਼ਨਲ ਹਾਈਵੇ ਹਰਪ੍ਰੀਤ ਸਿੰਘ, ਜਸਬੀਰ ਸਿੰਘ, ਸੁਰਿੰਦਰ ਪਾਲ ਸਿੰਘ, ਅਨਿਲ ਬਾਗਲਾ, ਗੁਰਜੀਤ ਭੁੱਲਰ, ਮੁਕੁਲ ਸਿੰਗਲਾ, ਅਮਰਜੀਤ ਸਿੰਘ, ਬੀ.ਕੇ.ਗਰਗ ਤੋਂ ਇਲਾਵਾ ਮੋਹਤਬਰ ਇਲਾਕਾ ਨਿਵਾਸੀ ਮੌਜੂਦ ਸਨ।

Post a Comment

0 Comments