ਪੰਚਾਇਤੀ ਜ਼ਮੀਨ ਵਿੱਚ ਖੜ੍ਹੇ ਹਰੇ ਦਰੱਖਤਾਂ ਦੀ ਕੀਤੀ ਨਜਾਇਜ਼ ਕਟਾਈ

 ਪੰਚਾਇਤੀ ਜ਼ਮੀਨ ਵਿੱਚ ਖੜ੍ਹੇ ਹਰੇ ਦਰੱਖਤਾਂ ਦੀ ਕੀਤੀ ਨਜਾਇਜ਼ ਕਟਾਈ 


ਅਮਰਗੜ੍ਹ  4 ਸਤੰਬਰ ( ਗੁਰਬਾਜ ਸਿੰਘ ਬੈਨੀਪਾਲ )
  ਪਿੰਡ ਭੱਟੀਆਂ ਖੁਰਦ ਵਿਖੇ ਅਨਾਜ ਮੰਡੀ ਦੇ ਨਜ਼ਦੀਕ ਪੰਚਾਇਤੀ ਜ਼ਮੀਨ ਵਿਚ ਖੜ੍ਹੇ ਹਰੇ ਦਰੱਖਤਾਂ ਦੀ ਬਿਨਾਂ ਮਨਜ਼ੂਰੀ ਕਟਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਅਨਾਜ ਮੰਡੀ ਦੇ ਨਾਲ ਲੱਗਦੇ ਟੋਭੇ ਉੱਪਰੋਂ ਕੱਟੇ ਗਏ ਇਨ੍ਹਾਂ ਦਰੱਖਤਾਂ ਸਬੰਧੀ ਜਦੋਂ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਤਾਂ ਪੱਤਰਕਾਰਾਂ ਦੀ ਟੀਮ ਪਿੰਡ ਭੱਟੀਆਂ ਖੁਰਦ ਪਹੁੰਚੀ , ਵੱਡੀ ਗਿਣਤੀ ਵਿੱਚ ਕੱਟੇ ਗਏ ਹਰੇ ਦਰੱਖਤ ਉਸੇ ਥਾਂ ਹੀ ਮੌਜੂਦ ਸਨ । ਇਸ ਸੰਬੰਧੀ ਜਦੋਂ ਉੱਥੇ ਰਹਿੰਦੇ ਪਰਿਵਾਰ ਪਾਸੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਪਿੰਡ ਭੱਟੀਆਂ ਖੁਰਦ ਦੀ ਪੰਚਾਇਤੀ ਜ਼ਮੀਨ ਹੈ 'ਤੇ ਉਹ ਵੀ ਪੰਚਾਇਤੀ ਜ਼ਮੀਨ ਵਿੱਚ ਹੀ ਘਰ ਬਣਾ ਕੇ ਰਹਿੰਦੇ ਹਨ , ਜੋ ਪੰਚਾਇਤ ਵੱਲੋਂ ਉਨ੍ਹਾਂ ਨੂੰ ਕਾਫੀ ਸਮਾਂ ਪਹਿਲਾਂ ਰਹਿਣ ਲਈ ਦਿੱਤੀ ਗਈ ਸੀ , ਜਦੋਂ ਉਸ ਪਰਿਵਾਰ ਨੂੰ ਹਰੇ ਦਰੱਖਤਾਂ ਦੀ ਕਟਾਈ ਬਾਬਤ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਸਬੰਧੀ ਕੋਈ ਸਪੱਸ਼ਟ ਉੱਤਰ ਨਾ ਦਿੱਤਾ । ਇਸ ਪੂਰੇ ਮਾਮਲੇ ਸਬੰਧੀ ਜਦੋਂ ਪਿੰਡ ਭੱਟੀਆਂ ਖੁਰਦ ਤੋਂ ਸਰਪੰਚ ਹਰਮੇਸ਼ ਕੌਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਫੋਨ ਉਨ੍ਹਾਂ ਦੇ ਪਤੀ ਨੇ ਚੁੱਕਦਿਆਂ ਆਖਿਆ ਕਿ ਸਰਪੰਚ ਕੋਈ ਜ਼ਰੂਰੀ ਕੰਮ ਬਾਹਰ ਗਏ ਹੋਏ ਹਨ , ਜਿਨ੍ਹਾਂ ਨਾਲ ਸ਼ਾਮ ਨੂੰ ਗੱਲ ਹੋ ਸਕੇਗੀ । ਇਸ ਸੰਬੰਧੀ ਜਦੋਂ ਬਲਾਕ ਅਮਰਗੜ੍ਹ ਦੇ ਬੀ ਡੀ ਪੀ ਓ ਜਸਮਿੰਦਰ ਸਿੰਘ ਛੋਕਰ ਨਾਲ ਸੰਪਰਕ ਸਾਧਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਹਰੇ ਦਰੱਖਤ ਕੱਟਣ ਸਬੰਧੀ ਪਿੰਡ ਭੱਟੀਆਂ ਖੁਰਦ ਦੀ ਪੰਚਾਇਤ ਵੱਲੋਂ ਬੀ ਡੀ ਪੀ ਓ ਦਫ਼ਤਰ ਨਾਲ ਕੋਈ ਸੰਪਰਕ ਨਹੀਂ ਸਾਧਿਆ ਗਿਆ , ਇਸ ਕਰਕੇ ਜੋ ਦਰੱਖਤ ਕੱਟੇ ਗਏ ਹਨ ਉਹ ਬਿਨਾਂ ਮਨਜ਼ੂਰੀ ਕੱਟੇ ਗਏ ਹਨ , ਮੌਕਾ ਵੇਖਣ ਲਈ ਉਨ੍ਹਾਂ ਵੱਲੋਂ ਸਬੰਧਿਤ ਪੰਚਾਇਤ ਸਕੱਤਰ ਦੀ ਡਿਊਟੀ ਲਗਾਈ ਗਈ ਹੈ , ਇਸ ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Post a Comment

0 Comments