ਲਿਬਰੇਸ਼ਨ ਵਲੋਂ ਚਰਚ 'ਚ ਕੀਤੀ ਮੂਰਤੀਆਂ ਦੀ ਭੰਨ ਤੋੜ ਦੀ ਸਖਤ ਨਿੰਦਾ

ਲਿਬਰੇਸ਼ਨ ਵਲੋਂ ਚਰਚ 'ਚ ਕੀਤੀ ਮੂਰਤੀਆਂ ਦੀ ਭੰਨ ਤੋੜ ਦੀ ਸਖਤ ਨਿੰਦਾ

ਇਹ ਘਟਨਾ ਪੰਜਾਬ ਵਿਚ ਧਾਰਮਿਕ ਤੇ ਜਾਤੀ ਟਕਰਾਅ ਪੈਦਾ ਕਰਨ ਦੀ ਗਿਣੀ ਮਿਥੀ ਸਾਜ਼ਿਸ਼ ਹੈ , ਜਨਤਾ ਨੂੰ ਭੜਕਾਹਟ ਤੋਂ ਬਚਣ ਤੇ ਚੌਕਸ ਰਹਿਣ ਦੀ ਅਪੀਲ


ਮਾਨਸਾ, 4 ਸਤੰਬਰ ਗੁਰਜੰਟ ਸਿੰਘ ਬਾਜੇਵਾਲੀਆ 

        ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਜ਼ਿਲਾ ਤਰਨਤਾਰਨ ਦੇ ਪਿੰਡ ਠੱਕਰਪੁਰ ਵਿਖੇ ਕੁਝ ਨਕਾਬਪੋਸਾਂ ਵਲੋਂ ਚਰਚ ਵਿਚ ਮੂਰਤੀਆਂ ਦੀ ਭੰਨ ਤੋੜ ਗਏ ਤੇ ਅੱਗ ਲਾਉਣ ਦੀ ਵਾਰਦਾਤ ਦੀ ਸਖਤ ਨਿੰਦਾ ਕੀਤੀ ਹੈ। ਪਾਰਟੀ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਹ ਘਟਨਾ 2024 'ਚ ਹੋਣ ਵਾਲੀਆਂ ਸੰਸਦੀ ਚੋਣਾਂ ਦੇ ਮੱਦੇਨਜ਼ਰ ਹੁਣੇ ਤੋਂ  ਪੰਜਾਬ ਵਿਚ ਫਿਰਕੂ ਟਕਰਾਅ ਅਤੇ ਜਾਤੀ ਧਰੁਵੀਕਰਨ ਤਿੱਖਾ ਕਰਨ ਦੀ ਇਕ ਗਿਣੀ ਮਿਥੀ ਸਾਜ਼ਿਸ਼ ਦਾ ਹਿੱਸਾ ਹੈ। ਇਸ ਲਈ ਇਹ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਕੇਸ ਦੀ ਜਾਂਚ ਨੂੰ ਨਿਰਪੱਖਤਾ ਤੇ ਤੇਜੀ ਨਾਲ ਮੁਕੰਮਲ ਕਰੇ ਅਤੇ ਦੋਸ਼ੀਆਂ ਤੇ ਸਾਜ਼ਿਸ਼ ਘਾੜਿਆਂ ਨੂੰ ਗ੍ਰਿਫਤਾਰ ਕਰਕੇ ਮਿਸਾਲੀ ਸਜ਼ਾ ਦਿਵਾਏ ਜਾਣ ਨੂੰ ਯਕੀਨੀ ਬਣਾਵੇ।

ਪਾਰਟੀ ਵਲੋਂ ਇਥੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਬੇਸ਼ਕ ਪੰਜਾਬ ਵਿਚ ਆਮ ਕਰਕੇ ਜਾਤੀ ਜਾਂ ਧਾਰਮਿਕ ਪੱਧਰ 'ਤੇ ਸ਼ਾਂਤੀ ਤੇ ਸਦਭਾਵਨਾ ਵਾਲਾ ਮਾਹੌਲ ਹੈ, ਪਰ ਇਹ ਮਾਹੌਲ ਬੀਜੇਪੀ ਵਰਗੀਆਂ ਕੁਝ ਤਾਕਤਾਂ ਨੂੰ ਬਿਲਕੁਲ ਰਾਸ ਨਹੀਂ ਆ ਰਿਹਾ। ਕਿਉਂਕਿ ਮਜ਼ਦੂਰਾਂ , ਕਿਸਾਨਾਂ ਤੇ ਨੌਜਵਾਨਾਂ ਅੰਦਰ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ , ਕਰਜ਼ੇ ਤੇ ਗਰੀਬੀ ਕਾਰਨ ਵੱਧ ਰਹੀ ਬੈਚੈਨੀ ਅਤੇ ਪੰਜਾਬ ਦੇ ਅਧਿਕਾਰਾਂ ਤੇ ਮੰਗਾਂ ਪ੍ਰਤੀ ਬੀਜੇਪੀ ਤੇ ਮੋਦੀ ਸਰਕਾਰ ਦੇ ਮੁਕੰਮਲ ਨਾਂਹ ਪੱਖੀ ਰੁੱਖ ਕਾਰਨ ਜ਼ਾਹਰ ਹੈ ਕਿ ਉਹ ਧਾਰਮਿਕ ਤੇ ਜਾਤੀਗਤ ਤਣਾਅ-ਟਕਰਾਅ ਨੂੰ ਵਧਾਏ ਬਿਨਾਂ ਪੰਜਾਬ ਵਿਚ ਪੈਰ ਲਾ ਹੀ ਨਹੀਂ ਸਕਦੇ। ਜਿਸ ਕਰਕੇ ਉਹ ਇਸ ਮੰਤਵ ਲਈ ਜਿਥੇ ਇਕਬਾਲ ਸਿੰਘ ਲਾਲਪੁਰਾ ਵਰਗੇ ਕਈ ਸਿੱਖ ਚਿਹਰਿਆਂ ਨੂੰ ਸ਼ਿੰਗਾਰ ਰਹੇ ਨੇ, ਉਥੇ ਕੁਝ ਭਾੜੇ ਦੇ ਬੰਦਿਆਂ ਰਾਹੀਂ ਸਿੱਖਾਂ ਤੇ ਇਸਾਈਆਂ ਜਾਂ ਦਲਿਤ ਗਰੀਬਾਂ ਬਨਾਮ ਕਿਸਾਨਾਂ ਦਰਮਿਆਨ ਪਾੜੇ ਤੇ ਟਕਰਾਅ ਨੂੰ ਵਧਾਉਣ ਲਈ ਦਿਨ ਰਾਤ ਖਤਰਨਾਕ ਘਾੜਤਾਂ ਘੜ ਰਹੇ ਹਨ। ਪੰਜਾਬ ਦੇ ਉਨਾਂ ਜੁਝਾਰੂ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਤੇ ਛੋਟੇ ਕਾਰੋਬਾਰੀਆਂ ਨੂੰ ਅਜਿਹੀਆਂ ਸਾਜ਼ਿਸ਼ਾਂ ਤੋਂ ਬੇਹੱਦ ਸੁਚੇਤ ਰਹਿਣ ਦੀ ਜ਼ਰੂਰਤ ਹੈ, ਜੋ ਅਪਣਾ ਭਵਿੱਖ ਬਚਾਉਣ ਲਈ ਕਾਰਪੋਰੇਟ ਕੰਪਨੀਆਂ ਤੇ ਉਨਾਂ ਦੀ ਕੱਠਪੁਤਲੀ ਮੋਦੀ ਸਰਕਾਰ ਖ਼ਿਲਾਫ਼ ਲਗਾਤਾਰ ਜਦੋਜਹਿਦ ਦੇ ਮੈਦਾਨ ਵਿਚ ਹਨ।  ਸਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਧੜਿਆਂ ਵਲੋਂ ਇਸ ਘਟਨਾ ਪਿੱਛੇ 'ਵਿਦੇਸ਼ੀ ਹੱਥ' ਹੋਣ ਦੀ ਬਿਆਨਬਾਜ਼ੀ ਬਾਰੇ ਟਿਪਣੀ ਕਰਦਿਆਂ ਲਿਬਰੇਸ਼ਨ ਦਾ ਕਹਿਣਾ ਹੈ ਕਿ ਦਰ ਅਸਲ ਇਹ ਮੌਕਾਪ੍ਰਸਤ ਪਾਰਟੀਆਂ, ਅਪਣੇ ਵੋਟ ਬੈਂਕ ਨੂੰ ਖੋਰਾ ਲੱਗਣ ਦੇ ਡਰੋਂ ਉਨ੍ਹਾਂ ਸ਼ਾਤਰ  ਸੰਗਠਨਾਂ ਉਤੇ ਉਂਗਲ ਰੱਖਣ ਤੋਂ ਬਚਣਾ ਚਾਹੁੰਦੀਆਂ ਹਨ, ਜੋ ਦੇਸ਼ ਭਰ ਵਿਚ ਅਜਿਹੀਆਂ  ਫਿਰਕੂ ਸਾਜ਼ਿਸ਼ਾਂ ਕਰਨ ਕਰਵਾਉਣ ਤੇ ਇੰਨਾਂ ਦਾ ਸਿਆਸੀ ਲਾਹਾ ਲੈਣ ਦੇ ਮਾਹਿਰ ਹਨ।

ਬਿਆਨ ਵਿਚ ਜਿਥੇ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਖ ਵੱਖ ਧਰਮਾਂ ਦੇ ਪੁਜਾਰੀ ਵਰਗ ਵਲੋਂ ਅਪਣੇ ਸੁਆਰਥ ਲਈ ਫੈਲਾਏ ਜਾ ਰਹੇ ਅੰਧ ਵਿਸ਼ਵਾਸਾਂ ਤੇ ਚਮਤਕਾਰਾਂ ਦੇ ਜਾਲ ਪ੍ਰਤੀ ਸੁਚੇਤ ਹੋਵੇ, ਉਥੇ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਪੰਜਾਬ 'ਚ ਧਰਮ ਪਰਿਵਰਤਨ ਵਿਰੁਧ ਕਾਨੂੰਨ ਬਣਾਉਣ ਦੀ ਕੀਤੀ ਮੰਗ ਉਤੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਗਿਆ ਹੈ ਕਿ ਇਹ ਗੁਰਮਤ ਨਹੀਂ, ਬਲਕਿ ਸੰਘ - ਬੀਜੇਪੀ ਵਾਲੀ ਪਹੁੰਚ ਹੈ।

Post a Comment

0 Comments